‘ਕੈਨੇਡਾ ’ਚ ਅੱਜ ਚੋਣਾਂ ਹੋ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਦੀ ਹਾਰ ਪੱਕੀ’

ਕੈਨੇਡਾ ਵਿਚ ਕੱਲ੍ਹ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ ਦਾ ਹੱਥ ਉਪਰ ਰਹੇਗਾ। ਤਾਜ਼ਾ ਚੋਣ ਸਰਵੇਖਣ ਸੱਤਾ ’ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੀ ਕੰਜ਼ਰਵੇਟਿਵ ਪਾਰਟੀ ਵਾਸਤੇ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ;

Update: 2025-02-26 13:43 GMT

ਟੋਰਾਂਟੋ : ਕੈਨੇਡਾ ਵਿਚ ਕੱਲ੍ਹ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ ਦਾ ਹੱਥ ਉਪਰ ਰਹੇਗਾ। ਜੀ ਹਾਂ, ਤਾਜ਼ਾ ਚੋਣ ਸਰਵੇਖਣ ਸੱਤਾ ’ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੀ ਕੰਜ਼ਰਵੇਟਿਵ ਪਾਰਟੀ ਵਾਸਤੇ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜਿਸ ਮੁਤਾਬਕ 38 ਫ਼ੀ ਸਦੀ ਕੈਨੇਡੀਅਨ ਵੋਟਰ ਲਿਬਰਲ ਪਾਰਟੀ ਦੇ ਹੱਕ ਵਿਚ ਖੜ੍ਹੇ ਨਜ਼ਰ ਆ ਰਹੇ ਹਨ ਜਦਕਿ ਪਿਅਰੇ ਪੌਇਲੀਐਵ ਦੀ ਅਗਵਾਈ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 36 ਫੀ ਸਦੀ ਦਰਜ ਕੀਤੀ ਗਈ। ਜਸਟਿਨ ਟਰੂਡੋ ਵੱਲੋਂ ਅਸਤੀਫ਼ੇ ਦਾ ਐਲਾਨ ਕਰਨ ਮੌਕੇ ਟੋਰੀਆਂ ਨੂੰ ਲਿਬਰਲ ਪਾਰਟੀ ਉਤੇ 26 ਅੰਕਾਂ ਦੀ ਲੀਡ ਹਾਸਲ ਸੀ ਜੋ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ‘ਗਲੋਬਲ ਨਿਊਜ਼’ ਵੱਲੋਂ ਪ੍ਰਕਾਸ਼ਤ ਇਪਸੌਸ ਦਾ ਸਰਵੇਖਣ 21 ਫ਼ਰਵਰੀ ਤੋਂ 24 ਫ਼ਰਵਰੀ ਦਰਮਿਆਨ ਕੀਤਾ ਗਿਆ ਅਤੇ ਵੋਟ ਪਾਉਣ ਦਾ ਹੱਕ ਹਾਸਲ ਇਕ ਹਜ਼ਾਰ ਕੈਨੇਡੀਅਨਜ਼ ਦੀ ਰਾਏ ਦਰਜ ਕੀਤੀ ਗਈ।

ਤਾਜ਼ਾ ਸਰਵੇਖਣਾਂ ਵਿਚ ਲਿਬਰਲ ਪਾਰਟੀ ਦਾ ਹੱਥ ਉਤੇ

ਇਪਸੌਸ ਪਬਲਿਕ ਅਫੇਅਰਜ਼ ਦੇ ਮੁੱਖ ਕਾਰਜਕਾਰੀ ਅਫ਼ਸਰ ਡੈਰਲ ਬ੍ਰਿਕਰ ਮੁਤਾਬਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਬਦਲ ਰਹੀ ਹੈ ਅਤੇ 2021 ਤੋਂ ਬਾਅਦ ਪਹਿਲੀ ਵਾਰ ਲਿਬਰਲ ਪਾਰਟੀ ਨੂੰ ਕਿਸੇ ਚੋਣ ਸਰਵੇਖਣ ਵਿਚ ਕੰਜ਼ਰਵੇਟਿਵ ਪਾਰਟੀ ਤੋਂ ਲੀਡ ਹਾਸਲ ਹੋਈ ਹੈ। ਲਿਬਰਲ ਪਾਰਟੀ ਨੂੰ ਸਭ ਤੋਂ ਵੱਧ ਫਾਇਦਾ ਉਨਟਾਰੀਓ ਅਤੇ ਕਿਊਬੈਕ ਵਿਚ ਹੋਇਆ ਹੈ ਅਤੇ ਇਨ੍ਹਾਂ ਦੋ ਰਾਜਾਂ ਵਿਚ ਹੀ ਪਾਰਲੀਮੈਂਟ ਦੀਆਂ ਸਭ ਤੋਂ ਵੱਧ ਸੀਟਾਂ ਹਨ। ਉਨਟਾਰੀਓ-ਮੈਨੀਟੋਬਾ ਦੀ ਸਰਹੱਦ ਵਾਲੇ ਇਲਾਕੇ ਵਿਚ ਵੀ ਲਿਬਰਲ ਪਾਰਟੀ ਦੀ ਵੁੱਕਤ ਵਧ ਗਈ ਹੈ ਜਦਕਿ ਪੱਛਮੀ ਕੈਨੇਡਾ ਵਿਚ ਹੁਣ ਵੀ ਕੰਜ਼ਰਵੇਟਿਵ ਪਾਰਟੀ ਬਿਹਤਰ ਨਜ਼ਰ ਆ ਰਹੀ ਹੈ। ਜਿਉਂ ਜਿਉਂ ਟਰੰਪ ਵੱਲੋਂ ਕੈਨੇਡੀਅਨ ਵਸਤਾਂ ਉਤੇ ਟੈਰਿਫ਼ਸ ਲਾਉਣ ਦੀ ਤਰੀਕ ਨੇੜੇ ਆ ਰਹੀ ਹੈ, ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਾਲ ਹੀ ਵਿਚ ਜਿਥੇ ਕੰਜ਼ਰਵੇਟਿਵ ਪਾਰਟੀ ਦੇ ਪੰਜ ਫ਼ੀ ਸਦੀ ਹਮਾਇਤੀ ਟੁੱਟ ਗਏ, ਉਥੇ ਹੀ ਐਨ.ਡੀ.ਪੀ. ਨੂੰ 12 ਫ਼ੀ ਸਦੀ ਅਤੇ ਬਲੌਕ ਕਿਊਬੈਕਵਾ ਨੂੰ 6 ਫੀ ਸਦੀ ਹਮਾਇਤੀਆਂ ਦਾ ਨੁਕਸਾਨ ਝੱਲਣਾ ਪਿਆ। ਇਪਸੌਸ ਵੱਲੋਂ ਫਰਵਰੀ ਦੇ ਆਰੰਭ ਵਿਚ ਕੀਤੇ ਗਏ ਸਰਵੇਖਣ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 41 ਫ਼ੀ ਸਦੀ ਦਰਜ ਕੀਤੀ ਗਈ ਜਦਕਿ 28 ਫ਼ੀ ਸਦੀ ਲੋਕਾਂ ਨੇ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਆਖੀ। ਦੱਸ ਦੇਈਏ ਕਿ ਟੋਰੀ ਆਗੂ ਪਿਅਰੇ ਪੌਇਲੀਐਵ ਪਿਛਲੇ ਇਕ ਸਾਲ ਤੋਂ ਚੋਣਾਂ ਕਰਵਾਉਣ ਦੇ ਯਤਨ ਕਰ ਰਹੇ ਹਨ। 2024 ਦੇ ਅੰਤ ਵਿਚ ਉਨ੍ਹਾਂ ਦੀ ਪਾਰਟੀ ਵੱਲੋਂ ਲਿਬਰਲ ਸਰਕਾਰ ਵਿਰੁੱਧ ਬੇਵਿਸਾਹੀ ਮਤੇ ਵੀ ਲਿਆਂਦੇ ਗਏ ਪਰ ਟਰੂਡੋ ਨੂੰ ਗੱਦੀਓਂ ਲਾਹੁਣ ਵਿਚ ਨਾਕਾਮਯਾਬ ਰਹੇ।

2021 ਮਗਰੋਂ ਪਹਿਲੀ ਵਾਰ ਟੋਰੀਆਂ ਨੂੰ ਪਛਾੜਿਆ

ਪੌਇਲੀਐਵ ਨੇ ਕਾਰਬਨ ਟੈਕਸ ਦੇ ਮੁੱਦੇ ’ਤੇ ਟਰੂਡੋ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਪਰ ਲੀਡਰਸ਼ਿਪ ਦੌੜ ਵਿਚ ਸ਼ਾਮਲ ਮਾਰਕ ਕਾਰਨੀ ਅਤੇ ਕ੍ਰਿਸਟੀਆ ਫਰੀਲੈਂਡ ਕਾਰਬਨ ਟੈਕਸ ’ਤੇ ਰੋਕ ਲਾਉਣ ਦੀ ਗੱਲ ਆਖ ਚੁੱਕੇ ਹਨ। ਇਸੇ ਦੌਰਾਨ ਹਾਲਾਤ ਬਦਲ ਗਏ ਅਤੇ ਟਰੰਪ ਦੀਆਂ ਟੈਰਿਫ਼ਸ ਭਖਦਾ ਮੁੱਦਾ ਬਣ ਗਈਆਂ ਪਰ ਐਲਬਰਟਾ ਵਰਗੇ ਰਾਜਾਂ ਵੱਲੋਂ ਕੌਮੀ ਏਕਤਾ ਨੂੰ ਇਕ ਪਾਸੇ ਰੱਖ ਕੇ ਵੱਖਰਾ ਰਾਗ ਅਲਾਪਣਾ ਦਾ ਖਮਿਆਜ਼ਾ ਟੋਰੀਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਲੋਕਾਂ ਦਾ ਝੁਕਾਅ ਲਿਬਰਲ ਪਾਰਟੀ ਵੱਲ ਵਧਦਾ ਜਾ ਰਿਹਾ ਹੈ। ਡੈਰਲ ਬ੍ਰਿਕਰ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ ਕਿਉਂਕਿ ਇਕ ਵੱਖਰੇ ਸਰਵੇਖਣ ਮੁਤਾਬਕ 86 ਫ਼ੀ ਸਦੀ ਕੈਨੇਡੀਅਨ ਤੁਰਤ ਚੋਣਾਂ ਚਾਹੁੰਦੇ ਹਨ ਤਾਂਕਿ ਨਵਾਂ ਪ੍ਰਧਾਨ ਮੰਤਰੀ ਟਰੰਪ ਦੀਆਂ ਟੈਰਿਫ਼ਸ ਦਾ ਠੋਕਵਾਂ ਜਵਾਬ ਦੇ ਸਕੇ। ਇਪਸੌਸ ਦੇ ਸਰਵੇਖਣ ਵਿਚ 3.8 ਫ਼ੀ ਸਦੀ ਘਾਟਾ-ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ।

Tags:    

Similar News