‘ਕੈਨੇਡਾ ਵਿਚ ਅੱਜ ਚੋਣਾਂ ਹੋ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਯਕੀਨੀ’

ਕੈਨੇਡਾ ਵਿਚ ਅੱਜ ਚੋਣਾਂ ਹੋ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਦੀ ਬਹੁਮਤ ਸਰਕਾਰ ਯਕੀਨੀ ਮੰਨੀ ਜਾ ਰਹੀ ਹੈ।;

Update: 2025-01-28 13:12 GMT

ਟੋਰਾਂਟੋ : ਕੈਨੇਡਾ ਵਿਚ ਅੱਜ ਚੋਣਾਂ ਹੋ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਦੀ ਬਹੁਮਤ ਸਰਕਾਰ ਯਕੀਨੀ ਮੰਨੀ ਜਾ ਰਹੀ ਹੈ। ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਪੋਲ ਟ੍ਰੈਕਰ ਦੇ ਸਰਵੇਖਣ ਮੁਤਾਬਕ ਭਾਵੇਂ ਜਸਟਿਨ ਟਰੂਡੋ ਵੱਲੋਂ ਅਹੁਦਾ ਛੱਡਣ ਦੇ ਐਲਾਨ ਮਗਰੋਂ ਲਿਬਰਲ ਪਾਰਟੀ ਨੂੰ ਫਾਇਦਾ ਹੋਇਆ ਪਰ ਕੰਜ਼ਰਵੇਟਿਵ ਪਾਰਟੀ ਦੀ ਪਕੜ ਹਾਲੇ ਵੀ ਮਜ਼ਬੂਤ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਆਏ ਐਕੋਸ ਦੇ ਚੋਣ ਸਰਵੇਖਣ ਵਿਚ ਲਿਬਰਲ ਪਾਰਟੀ ਨੂੰ ਫ਼ਾਇਦਾ ਹੋਣ ਦਾ ਜ਼ਿਕਰ ਕੀਤਾ ਗਿਆ ਅਤੇ ਕੈਨੇਡਾ ਦੇ 30 ਫੀ ਸਦੀ ਲੋਕ ਲਿਬਰਲ ਪਾਰਟੀ ਦੇ ਹੱਕ ਵਿਚ ਦੱਸ ਗਏ ਪਰ ਪੋਲ ਟ੍ਰੈਕਰ ਦੇ ਸਰਵੇਖਣ ਵਿਚ ਲਿਬਰਲ ਪਾਰਟੀ ਨੂੰ ਮਿਲ ਰਹੀ ਹਮਾਇਤ 22.5 ਫੀ ਸਦੀ ਦੱਸੀ ਗਈ ਹੈ ਜਦਕਿ ਕੰਜ਼ਰਵੇਟਿਵ ਪਾਰਟੀ 45 ਫੀ ਸਦੀ ਹਮਾਇਤ ਨਾਲ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਹੀ ਹੈ।

ਲਿਬਰਲ ਪਾਰਟੀ ਨੂੰ ਫਾਇਦਾ ਹੋਇਆ ਪਰ ਹਾਲਾਤ ਹੁਣ ਵੀ ਟੋਰੀਆਂ ਦੇ ਹੱਕ ਵਿਚ

ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. 17.5 ਫੀ ਸਦੀ ਲੋਕਾਂ ਦੀ ਹਮਾਇਤ ਨਾਲ ਤੀਜੇ ਅਤੇ ਬਲੌਕ ਕਿਊਬੈਕਵਾ 8.1 ਫ਼ੀ ਸਦੀ ਲੋਕਾਂ ਦੀ ਹਮਾਇਤ ਨਾਲ ਚੌਥੇ ਸਥਾਨ ’ਤੇ ਦੱਸੀ ਜਾ ਰਹੀ ਹੈ। ਗਰੀਨ ਪਾਰਟੀ ਨੂੰ 3.8 ਫੀ ਸਦੀ ਅਤੇ ਪੀਪਲਜ਼ ਪਾਰਟੀ ਆਫ਼ ਕੈਨੇਡਾ ਨੂੰ 2.6 ਫੀ ਸਦੀ ਲੋਕਾਂ ਦੀ ਹਮਾਇਤ ਮਿਲਦੀ ਨਜ਼ਰ ਆ ਰਹੀ ਹੈ। ਹਾਊਸ ਆਫ਼ ਕਾਮਨਜ਼ ਵਿਚ ਸੀਟਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪਿਅਰੇ ਪੌਇਲੀਐਵ ਦੀ ਅਗਵਾਈ ਹੇਠ ਟੋਰੀਆਂ ਨੂੰ 217 ਸੀਟਾਂ ਮਿਲ ਸਕਦੀਆਂ ਹਨ ਜਦਕਿ ਲਿਬਰਲ ਪਾਰਟੀ 62 ਸੀਟਾਂ ਤੱਕ ਸੀਮਤ ਹੋ ਸਕਦੀ ਹੈ। ਬਲੌਕ ਕਿਊਬੈਕਵਾ ਨੂੰ 41 ਅਤੇ ਐਨ.ਡੀ.ਪੀ. ਨੂੰ 17 ਸੀਟਾਂ ਮਿਲਣ ਦਾ ਅਨੁਮਾਨ ਹੈ। ਦੂਜੇ ਪਾਸੇ ਗਰੀਨ ਪਾਰਟੀ 2 ਸੀਟਾਂ ਜਿੱਤ ਸਕਦੀ ਹੈ ਜਦਕਿ ਪੀਪਲਜ਼ ਪਾਰਟੀ ਆਫ਼ ਕੈਨੇਡਾ ਦਾ ਖਾਤਾ ਖੁੱਲ੍ਹਣ ਦੇ ਆਸਾਰ ਨਜ਼ਰ ਨਹੀਂ ਆਉਂਦੇ।

ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਪੋਲ ਟ੍ਰੈਕਰ ਦੇ ਸਰਵੇਖਣ ਵਿਚ ਦਾਅਵਾ

ਐਕੋਸ ਦੇ ਸਰਵੇਖਣ ਮੁਤਾਬਕ ਉਨਟਾਰੀਓ ਵਿਚ ਲਿਬਰਲ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਦਰਮਿਆਲ ਫਸਵੀਂ ਟੱਕਰ ਦੱਸੀ ਗਈ ਪਰ ਪੋਲ ਟ੍ਰੈਕਰ ਮੁਤਾਬਕ ਸਭ ਤੋਂ ਵੱਧ ਪਾਰਲੀਮਾਨੀ ਸੀਟਾਂ ਵਾਲੇ ਸੂਬੇ ਵਿਚ ਕੰਜ਼ਰਵੇਟਿਵ ਪਾਰਟੀ ਦਾ ਹੱਥ ਉਪਰ ਹੈ ਅਤੇ 45.6 ਫੀ ਸਦੀ ਲੋਕ ਪਾਰਟੀ ਨੂੰ ਪਹਿਲੀ ਪਸੰਦ ਦੱਸ ਰਹੇ ਹਨ। ਇਥੋਂ ਤੱਕ ਕਿਊਬੈਕ ਵਿਚ ਵੀ ਟੋਰੀਆਂ ਦਾ ਗ੍ਰਾਫ ਲਿਬਰਲ ਪਾਰਟੀ ਤੋਂ ਬਿਹਤਰ ਨਜ਼ਰ ਆ ਰਿਹਾ ਹੈ ਜਦਕਿ ਇਥੇ ਜ਼ਿਆਦਾਤਰ ਮੌਕਿਆਂ ’ਤੇ ਮੁੱਖ ਮੁਕਾਬਲਾ ਬਲੌਕ ਕਿਊਬੈਕਵਾ ਅਤੇ ਲਿਬਰਲ ਪਾਰਟੀ ਦਰਮਿਆਨ ਹੀ ਹੁੰਦਾ ਦੇਖਿਆ ਜਾ ਸਕਦਾ ਹੈ। 

Tags:    

Similar News