ਕੈਨੇਡਾ ’ਚ ਸੈਂਕੜੇ ਪੰਜਾਬੀ ਟਰੱਕ ਡਰਾਈਵਰ ਹੋਏ ਵਿਹਲੇ
ਅਮਰੀਕਾ ਤੋਂ ਬਾਅਦ ਕੈਨੇਡਾ ਵਿਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਦੋਂ 13 ਟ੍ਰਾਂਸਪੋਰਟ ਕੰਪਨੀਆਂ ਅਤੇ ਪੰਜ ਡਰਾਈਵਿੰਗ ਸਕੂਲ ਬੰਦ ਕਰਵਾ ਦਿਤੇ ਗਏ
ਐਡਮਿੰਟਨ : ਅਮਰੀਕਾ ਤੋਂ ਬਾਅਦ ਕੈਨੇਡਾ ਵਿਚ ਸੈਂਕੜੇ ਪੰਜਾਬੀ ਟਰੱਕ ਡਰਾਈਵਰਾਂ ਉਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਦੋਂ 13 ਟ੍ਰਾਂਸਪੋਰਟ ਕੰਪਨੀਆਂ ਅਤੇ ਪੰਜ ਡਰਾਈਵਿੰਗ ਸਕੂਲ ਬੰਦ ਕਰਵਾ ਦਿਤੇ ਗਏ। ਟ੍ਰਕਿੰਗ ਕੰਪਨੀਆਂ ਵਿਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਵੱਲੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦਿਆਂ ਗੈਰ ਤਜਰਬੇਕਾਰ ਡਰਾਈਵਰ ਕੰਮ ’ਤੇ ਰੱਖੇ ਜਾ ਰਹੇ ਸਨ ਅਤੇ ਐਲ.ਐਮ.ਆਈ.ਏ. ਦੀ ਦੁਰਵਰਤੋਂ ਕਰਨ ਵਿਚ ਵੀ ਮੋਹਰੀ ਰਹੀਆਂ। 13 ਕੰਪਨੀਆਂ ਦੇ ਟਰੱਕਾਂ ਨਾਲ ਲਗਾਤਾਰ ਵਾਪਰਦੇ ਹਾਦਸਿਆਂ ਅਤੇ ਸਹੀ ਤਰੀਕੇ ਨਾਲ ਮੁਰੰਮਤ ਜਾਂ ਸਾਂਭ ਸੰਭਾਲ ਨਾ ਕੀਤੇ ਜਾਣ ਕਰ ਕੇ ਇਹ ਕਾਰਵਾਈ ਕੀਤੀ ਗਈ। ਸਿਰਫ਼ ਐਨਾ ਹੀ ਨਹੀਂ, ਇੰਮੀਗ੍ਰੇਸ਼ਨ ਧੋਖਾਧੜੀ ਕਰਦਿਆਂ ਆਰਜ਼ੀ ਵਿਦੇਸ਼ੀ ਕਾਮੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਬਣਾ ਦਿਤਾ ਗਿਆ।
13 ਟ੍ਰਾਂਸਪੋਰਟ ਕੰਪਨੀਆਂ ਅਤੇ 5 ਡਰਾਈਵਿੰਗ ਸਕੂਲਾਂ ਨੂੰ ਜਿੰਦਾ
ਦੂਜੇ ਪਾਸੇ ਟ੍ਰਾਂਸਪੋਰਟ ਸੈਕਟਰ ਦੇ ਜਾਣਕਾਰ ਐਲਬਰਟਾ ਸੂਬੇ ਵਿਚ ਕੀਤੀ ਗਈ ਇਸ ਕਾਰਵਾਈ ਨੂੰ ਡਰਾਈਵਰਾਂ ਵਾਸਤੇ ਫਾਇਦੇਮੰਦ ਦੱਸ ਰਹੇ ਹਨ ਜਿਨ੍ਹਾਂ ਦਾ ਟ੍ਰਕਿੰਗ ਕੰਪਨੀਆਂ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਡਰਾਈਵਰਜ਼ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਟ੍ਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ ਬਚ ਜਾਂਦੀਆਂ ਹਨ। ਇਸ ਦੇ ਉਲਟ ਡਰਾਈਵਰਾਂ ਨੂੰ ਬਣਦੀ ਅਦਾਇਗੀ ਨਹੀਂ ਕੀਤੀ ਜਾਂਦੀ। ਉਧਰ, ਐਲਬਰਟਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਡੈਵਿਨ ਡ੍ਰੀਸ਼ਨ ਨੇ ਕਿਹਾ ਕਿ ਸੂਬੇ ਦੇ ਡਰਾਈਵਰਾਂ ਨੂੰ ਮੁਲਕ ਵਿਚ ਉਚਾ ਰੁਤਬਾ ਹਾਸਲ ਹੈ ਪਰ ਕੁਝ ਬੇਈਮਾਨਾਂ ਕਰ ਕੇ ਇਸ ਰੁਤਬੇ ਨੂੰ ਖੋਰਾ ਨਹੀਂ ਲੱਗਣ ਦਿਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ 39 ਪੱਤਰ ਜਾਰੀ ਕਰਦਿਆਂ ਇਕ ਲੱਖ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਵੀ ਕੀਤੇ ਗਏ ਅਤੇ 12 ਇੰਸਟ੍ਰਕਟਰਾਂ ਦੇ ਲਾਇਸੰਸ ਰੱਦ ਕਰ ਦਿਤੇ। ਇਸ ਤੋਂ ਇਲਾਵਾ ਚਾਰ ਡਰਾਈਵਰ ਐਗਜ਼ਾਮੀਨਰਜ਼ ਨੂੰ ਚਿਤਾਵਨੀ ਪੱਤਰ ਵੀ ਭੇਜੇ ਗਏ। ਟ੍ਰਾਂਸਪੋਰਟੇਸ਼ਨ ਮੰਤਰੀ ਦੱਸਿਆ ਕਿ ਠੱਗੀ ਠੋਰੀ ਵਾਲੀ ਡਰਾਈਵਰ ਯੋਜਨਾ ‘ਡਰਾਈਵਰਜ਼ ਇੰਕ’ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਰਾਹੀਂ ਡਰਾਈਵਰਾਂ ਦੀ ਭਰਤੀ ਖੁਦਮੁਖਤਿਆਰ ਠੇਕੇਦਾਰਾਂ ਵਜੋਂ ਕੀਤੀ ਜਾਂਦੀ ਹੈ। ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਵਿਚ ਟਰੱਕ ਡਰਾਈਵਰਾਂ ਦੀ ਸਿਖਲਾਈ ਵਾਸਤੇ ਨਵੀਆਂ ਸ਼ਰਤਾਂ ਦਾ ਐਲਾਨ 1 ਅਪ੍ਰੈਲ ਨੂੰ ਕੀਤਾ ਗਿਆ ਜਿਨ੍ਹਾਂ ਤਹਿਤ 125 ਤੋਂ 133 ਘੰਟੇ ਟਰੱਕ ਚਲਾਉਣ ਦੀ ਸਿਖਲਾਈ ਲਾਜ਼ਮੀ ਹੈ। ਡਰਾਈਵਰ ਟੇ੍ਰਨਿੰਗ ਸਕੂਲਾਂ ਵਾਸਤੇ ਵੀ ਸ਼ਰਤਾਂ ਸਖ਼ਤ ਕੀਤੀਆਂ ਗਈਆਂ ਅਤੇ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿਤੀ ਗਈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ
ਹੁਣ ਛੇ ਮਹੀਨੇ ਬਾਅਦ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਬੇਈਮਾਨੀ ਦੇ ਸਹਾਰੇ ਚੱਲ ਰਹੀਆਂ ਟ੍ਰਾਂਸਪੋਰਟ ਕੰਪਨੀਆਂ ਦਾ ਬੋਰੀ ਬਿਸਤਰਾ ਗੋਲ ਕੀਤਾ ਜਾ ਰਿਹਾ ਹੈ। ਕੈਨੇਡੀਅਨ ਟ੍ਰਕਿੰਗ ਅਲਾਇੰਸ ਵੱਲੋਂ ਐਲਬਰਟਾ ਸਰਕਾਰ ਦੀ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ। ਅਲਾਇੰਸ ਦੇ ਪ੍ਰਧਾਨ ਅਤੇ ਸੀ.ਈ.ਓ. ਸਟੀਫ਼ਨ ਲੈਸਕੌਵਸਕੀ ਪਹਿਲਾਂ ਹੀ ਡਰਾਈਵਰਜ਼ ਇਨਕਾਰਪੋਰੇਸ਼ਨ ਯੋਜਨਾ ਨੂੰ ਇਕ ਅਰਬ ਡਾਲਰ ਦਾ ਘਪਲਾ ਕਰਾਰ ਦੇ ਚੁੱਕੇ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਉਨਟਾਰੀਓ ਸਰਕਾਰ 185 ਟਰੱਕ ਡਰਾਈਵਰਾਂ ਦੇ ਲਾਇਸੰਸ ਮੁਅੱਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਵੱਲੋਂ ਹਾਸਲ ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾਕਾਫ਼ੀ ਹੈ। ਉਨਟਾਰੀਓ ਵਿਚ ਵੀ ਜ਼ਿਆਦਾ ਨੁਕਸਾਨ ਪੰਜਾਬੀ ਟਰੱਕ ਡਰਾਈਵਰਾਂ ਦਾ ਹੀ ਹੋਇਆ।