ਗੁਰਸਿਮਰਨ ਕੌਰ ਨੂੰ ਸ਼ਰਧਾਂਜਲੀਆਂ ਦੇਣ ਪੁੱਜੇ ਸੈਂਕੜੇ ਲੋਕ
19 ਸਾਲ ਦੀ ਗੁਰਸਿਮਰਨ ਕੌਰ ਨੂੰ ਸ਼ਰਧਾਂਜਲੀ ਦੇਣ ਸੈਂਕੜੇ ਲੋਕ ਐਤਵਾਰ ਨੂੰ ਹੈਲੀਫੈਕਸ ਦੇ ਵਾਲਮਾਰਟ ਸਟੋਰ ਦੇ ਬਾਹਰ ਇਕੱਤਰ ਹੋਏ।
ਹੈਲੀਫੈਕਸ : 19 ਸਾਲ ਦੀ ਗੁਰਸਿਮਰਨ ਕੌਰ ਨੂੰ ਸ਼ਰਧਾਂਜਲੀ ਦੇਣ ਸੈਂਕੜੇ ਲੋਕ ਐਤਵਾਰ ਨੂੰ ਹੈਲੀਫੈਕਸ ਦੇ ਵਾਲਮਾਰਟ ਸਟੋਰ ਦੇ ਬਾਹਰ ਇਕੱਤਰ ਹੋਏ। ਸ਼ਰਧਾਂਜਲੀ ਦੇਣ ਵਾਲਿਆਂ ਵਿਚੋਂ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਰਹੀ ਜੋ ਗੁਰਸਿਮਰਨ ਕੌਰ ਜਾਂ ਉਸ ਦੀ ਮਾਤਾ ਨੂੰ ਕਦੇ ਮਿਲੇ ਵੀ ਨਹੀਂ ਪਰ ਇਨਸਾਨੀਅਤ ਦੇ ਨਾਤੇ ਦੁੱਖ ਸਾਂਝਾ ਕਰਨ ਜ਼ਰੂਰ ਪੁੱਜੇ। ਕੁਝ ਮਹੀਨੇ ਪਹਿਲਾਂ ਤੱਕ ਗੁਰਸਿਮਰਨ ਕੌਰ ਦੇ ਗੁਆਂਢ ਵਿਚ ਰਹੇ ਵਰਿੰਦਰ ਸਿੰਘ ਨੇ ਕਿਹਾ ਕਿ ਉਹ ਇਕ ਮਾਸੂਮ ਬੱਚੀ ਸੀ ਜਿਸ ਨਾਲ ਵਾਪਰੀ ਘਟਨਾ ’ਤੇ ਯਕੀਨ ਕਰਨਾ ਮੁਸ਼ਕਲ ਹੈ। ਇੰਦਰ ਕੌਰ ਨੇ ਕਿਹਾ ਕਿ ਗੁਰਸਿਮਰਨ ਕੌਰ ਦੇ ਪਰਵਾਰ ’ਤੇ ਇਸ ਵੇਲੇ ਕੀ ਬੀਤ ਰਹੀ ਹੈ, ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਵਾਲਮਾਰਟ ਦੀ ਬੇਕਰੀ ਵਿਚੋਂ ਮਿਲੀ ਸੀ ਗੁਰਸਿਮਰਨ ਕੌਰ ਦੀ ਲਾਸ਼
ਇਕ ਮਾਂ ਦੀਆਂ ਅੱਖਾਂ ਸਾਹਮਣੇ ਬੇਟੀ ਦੀ ਲਾਸ਼ ਪਈ ਹੋਵੇ ਤਾਂ ਉਸ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰਸਿਮਰਨ ਕੌਰ ਦੀ ਮਾਤਾ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੀ ਹੈ ਪਰ ਹੈਲੀਫੈਕਸ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਬੇਹੱਦ ਗੁੰਝਲਦਾਰ ਹੋਣ ਕਾਰਨ ਫਿਲਹਾਲ ਕਿਸੇ ਸਿੱਟੇ ’ਤੇ ਪੁੱਜਣਾ ਸੰਭਵ ਨਹੀਂ। ਇਸੇ ਦੌਰਾਨ ਵਾਲਮਾਰਟ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਪੁਲਿਸ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਉਧਰ ਸ਼ਰਧਾਂਜਲੀ ਸਮਾਗਮ ਵਿਚ ਪੁੱਜੇ ਰਾਜਨ ਸੂਦ ਨੇ ਆਖਿਆ ਕਿ ਇਥੇ ਮੌਜੂਦ ਹਰ ਇਨਸਾਨ ਓਵਨ ਵਿਚ ਵਾਪਰੇ ਘਟਨਾਕ੍ਰਮ ਨਾਲ ਸਬੰਧਤ ਸਵਾਲਾਂ ਦੇ ਜਵਾਬ ਚਾਹੁੰਦਾ ਹੈ। ਗੁਰਸਿਮਰਨ ਕੌਰ ਦੀ ਮਾਤਾ ਸਰੀਰਕ ਅਤੇ ਮਾਨਸਿਕ ਤੌਰ ’ਤੇ ਐਨੀ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਨਾ ਹੋ ਸਕੀ। ਇਥੇ ਦਸਣਾ ਬਣਦਾ ਹੈ ਕਿ ਹੈਲੀਫੈਕਸ ਦੇ ਵਾਲਮਾਰਟ ਸਟੋਰ ਵਿਚ ਸਭ ਕੁਝ ਆਮ ਵਾਂਗ ਹੋ ਚੁੱਕਾ ਹੈ। ਗੁਰਸਿਮਰਨ ਕੌਰ ਦੀ ਮੌਤ ਮਗਰੋਂ ਵਾਲਮਾਰਟ ਦੇ ਬੇਕਰੀ ਏਰੀਆ ਨੂੰ ਬੰਦ ਕਰ ਦਿਤਾ ਗਿਆ ਸੀ ਪਰ ਇਕ ਹਫ਼ਤਾ ਪਹਿਲਾਂ ਪਾਬੰਦੀ ਹਟਾ ਦਿਤੀ ਗਈ। ਨੋਵਾ ਸਕੋਸ਼ੀਆ ਦੇ ਕਿਰਤ, ਹੁਨਰ ਵਿਕਾਸ ਅਤੇ ਇੰਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਕਿ ਨਿਯਮਾਂ ਦੀ ਪਾਲਣਾ ਯਕੀਨੀ ਬਣਾਏ ਜਾਣ ਦੇ ਮੱਦੇਨਜ਼ਰ ਬੇਕਰੀ ਆਪ੍ਰੇਸ਼ਨਜ਼ ’ਤੇ ਲੱਗੀ ਪਾਬੰਦੀ ਹਟਾ ਦਿਤੀ ਗਈ। ਦੂਜੇ ਪਾਸੇ ਵਾਲਮਾਰਟ ਵੱਲੋਂ ਸਟੋਰ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਜੋ 19 ਅਕਤੂਬਰ ਤੋਂ ਹੀ ਬੰਦ ਹੈ। ਦੱਸ ਦੇਈਏ ਕਿ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸਬੰਧਤ ਗੁਰਸਿਮਰਨ ਕੌਰ ਆਪਣੀ ਮਾਤਾ ਨਾਲ ਤਿੰਨ ਸਾਲ ਪਹਿਲਾਂ ਕੈਨੇਡਾ ਪੁੱਜੀ ਅਤੇ ਤਕਰੀਬਨ ਦੋ ਸਾਲ ਪਹਿਲਾਂ ਦੋਹਾਂ ਨੇ ਵਾਲਮਾਰਟ ਵਿਚ ਕੰਮ ਸ਼ੁਰੂ ਕੀਤਾ। ਮੈਰੀਟਾਈਮ ਸਿੱਖ ਸੋਸਾਇਟੀ ਵੱਲੋਂ ਗੁਰਸਿਮਰਨ ਕੌਰ ਦੇ ਪਿਤਾ ਨੂੰ ਕੈਨੇਡਾ ਸੱਦਣ ਲਈ ਐਮਰਜੰਸੀ ਵੀਜ਼ਾ ਵਾਸਤੇ ਮਦਦ ਦਿਤੀ ਗਈ ਜਦਕਿ ਵਾਲਮਾਰਟ ਵੱਲੋਂ ਵੀ ਪਰਵਾਰ ਦੀ ਮਦਦ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ।