ਬੀ.ਸੀ. ਦੇ ਘਰ ਵਿਚੋਂ ਮਿਲੇ ਸੈਂਕੜੇ ਕਰੈਡਿਟ ਕਾਰਡ ਅਤੇ ਪਾਸਪੋਰਟ
ਬੀ.ਸੀ. ਦੇ ਨਿਊ ਵੈਸਮਿੰਸਟਰ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਚੋਰੀ ਕੀਤੇ ਕਰੈਡਿਟ ਕਾਰਡ ਅਤੇ ਪਾਸਪੋਰਟਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਚੋਰੀ ਕੀਤੀ ਡਾਕ ਬਰਾਮਦ ਕੀਤੀ ਗਈ ਹੈ।
ਨਿਊ ਵੈਸਟਮਿੰਸਟਰ : ਬੀ.ਸੀ. ਦੇ ਨਿਊ ਵੈਸਮਿੰਸਟਰ ਵਿਖੇ ਸੈਂਕੜਿਆਂ ਦੀ ਗਿਣਤੀ ਵਿਚ ਚੋਰੀ ਕੀਤੇ ਕਰੈਡਿਟ ਕਾਰਡ ਅਤੇ ਪਾਸਪੋਰਟਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਚੋਰੀ ਕੀਤੀ ਡਾਕ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਕ ਇਹ ਕੰਮ ਕਿਸੇ ਵੱਡੇ ਗਿਰੋਹ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਬਰਾਮਦਗੀਆਂ ਦੌਰਾਨ ਤਿੰਨ ਬਣਾਉਟੀ ਪਸਤੌਲਾਂ ਅਤੇ ਇਕ ਅਸਲੀ ਪਸਤੌਲ ਵੀ ਮਿਲੀ। ਨਿਊ ਵੈਸਟਮਿੰਸਟਰ ਪੁਲਿਸ ਦੇ ਸਾਰਜੈਂਟ ਐਂਡਰਿਊ ਲੀਵਰ ਨੇ ਦੱਸਿਆ ਕਿ ਐਨੀ ਵੱਡੀ ਗਿਣਤੀ ਵਿਚ ਨਿਜੀ ਚੀਜ਼ਾਂ ਦੀ ਬਰਾਮਦਗੀ ਹੈਰਾਨੀ ਪੈਦਾ ਕਰਦੀ ਹੈ ਜੋ ਸੰਭਾਵਤ ਤੌਰ ’ਤੇ ਠੱਗਾਂ ਦੇ ਕਿਸੇ ਵੱਡੇ ਗਿਰੋਹ ਵੱਲੋਂ ਚੋਰੀ ਕੀਤੀਆਂ ਗਈਆਂ।
8 ਹਜ਼ਾਰ ਤੋਂ ਵੱਧ ਚੋਰੀ ਕੀਤੀਆਂ ਚਿੱਠੀਆਂ ਅਤੇ ਹਥਿਆਰ ਵੀ ਬਰਾਮਦ
ਦਰਅਸਲ ਪੁਲਿਸ ਅਫਸਰ ਕਿਸੇ ਹੋਰ ਮਾਮਲੇ ਦੀ ਪੜਤਾਲ ਤਹਿਤ ਨਿਊ ਵੈਸਟਮਿੰਸਟਰ ਦੇ 5ਵੇਂ ਐਵੇਨਿਊ ਅਤੇ 8ਵੀਂ ਸਟ੍ਰੀਟ ਵਿਖੇ ਇਕ ਅਪਾਰਟਮੈਂਟ ਵਿਚ ਪੁੱਜੇ ਸਨ ਪਰ ਇਸੇ ਦੌਰਾਨ ਸ਼ੱਕੀ ਵਸਤਾਂ ’ਤੇ ਨਜ਼ਰ ਗਈ ਅਤੇ ਵੱਡੀ ਬਰਾਮਦਗੀ ਸੰਭਵ ਹੋ ਸਕੀ। ਸ਼ਨਾਖਤ ਦੀ ਚੋਰੀ ਅਤੇ ਲੋਕਾਂ ਦੇ ਆਰਥਿਕ ਨੁਕਸਾਨ ਨੂੰ ਵੇਖਦਿਆਂ ਪੁਲਿਸ ਨੇ ਸ਼ਹਿਰ ਵਾਸੀਆਂ ਸਣੇ ਸੂਬੇ ਦੇ ਲੋਕਾਂ ਨੂੰ ਸੱਦਾ ਦਿਤਾ ਉਹ ਆਪਣੀਆਂ ਕ੍ਰੈਡਿਟ ਕਾਰਡ ਸਟੇਟਮੈਂਟਸ ਧਿਆਨ ਨਾਲ ਚੈਕ ਕਰਨ ਅਤੇ ਜੇ ਕੋਈ ਵੀ ਗੜਬੜੀ ਮਹਿਸੂਸ ਹੁੰਦੀ ਹੈ ਤਾਂ ਕਾਰਡ ਨੂੰ ਤੁਰਤ ਬੰਦ ਕਰਵਾ ਦਿਤਾ ਜਾਵੇ। ਫਿਲਹਾਲ ਇਹ ਦੱਸਣਾ ਮੁਸ਼ਕਲ ਹੈ ਕਿ ਕਰੈਡਿਟ ਕਾਰਡ ਅਤੇ ਪਾਸਪੋਰਟ ਚੋਰੀ ਕਰਨ ਵਾਲੇ ਗਿਰੋਹ ਵੱਲੋਂ ਕਿੰਨੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਬਰਾਮਦ ਕੀਤੇ ਕਰੈਡਿਟ ਕਾਰਡਾਂ ਦੀ ਗਿਣਤੀ ਤਕਰੀਬਨ 1,500 ਦੱਸੀ ਜਾ ਰਹੀ ਹੈ ਜਦਕਿ 50 ਤੋਂ ਉਤੇ ਪਾਸਪੋਰਟ ਵੀ ਸਬੰਧਤ ਅਪਾਰਟਮੈਂਟ ਵਿਚੋਂ ਮਿਲੇ।
ਵੈਸਟ ਮਿੰਸਟਰ ਪੁਲਿਸ ਨੇ ਲੋਕਾਂ ਨੂੰ ਕੀਤਾ ਸੁਚੇਤ
ਸਾਰਜੈਂਟ ਐਂਡਰਿਊ ਲੀਵਰ ਨੇ ਕਿਹਾ ਕਿ ਅਜਿਹੇ ਅਪਰਾਧ ਸਮੁੱਚੀ ਕਮਿਊਨਿਟੀ ਨੂੰ ਪ੍ਰਭਾਵਤ ਕਰਦੇ ਹਨ। ਕ੍ਰੈਡਿਟ ਕਾਰਡ ਅਤੇ ਸ਼ਨਾਖਤ ਦੀ ਚੋਰੀ ਸਿਰਫ ਆਮ ਲੋਕਾਂ ’ਤੇ ਅਸਰ ਨਹੀਂ ਪਾਉਂਦੇ ਸਗੋਂ ਕਾਰੋਬਾਰੀਆਂ ਵਾਸਤੇ ਵੀ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਡਾਕ ਬਕਸਿਆਂ ਵਿਚੋਂ ਚੋਰੀ ਕਰਨ ਵਾਲੇ ਆਪਣੇ ਕੋਲ ਹਥਿਆਰ ਨਹੀਂ ਰਖਦੇ ਪਰ ਇਸ ਮਾਮਲੇ ਵਿਚ ਹਥਿਆਰ ਵੀ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਅਣਪਛਾਤੇ ਸ਼ੱਕੀਆਂ ਵਿਰੁੱਧ ਦਰਜਨਾਂ ਦੋਸ਼ ਆਇਦ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 525 5411 ’ਤੇ ਸੰਪਰਕ ਕਰੇ।