ਕੈਨੇਡਾ ਵਿਚ ਪੰਜਾਬੀ ਪਰਵਾਰਾਂ ਦੇ ਘਰ ਫੂਕੇ
ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਵਸਦੇ ਇਕ ਪੰਜਾਬੀ ਪਰਵਾਰ ਨਾਲ ਦੁਸ਼ਮਣੀ ਕੱਢਣ ਪੁੱਜੇ ਅਣਪਛਾਤੇ ਸ਼ੱਕੀਆਂ ਨੇ ਉਸਾਰੀ ਅਧੀਨ ਘਰ ਨੂੰ ਅੱਗ ਲਾ ਦਿਤੀ ਜੋ ਤੇਜ਼ ਹਵਾ ਕਾਰਨ ਐਨੀ ਫੈਲੀ ਕਿ ਆਂਢ-ਗੁਆਂਢ ਦੇ ਦੋ ਹੋਰ ਘਰ ਵੀ ਨੁਕਸਾਨੇ ਗਏ
ਕੈਲਗਰੀ : ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਵਸਦੇ ਇਕ ਪੰਜਾਬੀ ਪਰਵਾਰ ਨਾਲ ਦੁਸ਼ਮਣੀ ਕੱਢਣ ਪੁੱਜੇ ਅਣਪਛਾਤੇ ਸ਼ੱਕੀਆਂ ਨੇ ਉਸਾਰੀ ਅਧੀਨ ਘਰ ਨੂੰ ਅੱਗ ਲਾ ਦਿਤੀ ਜੋ ਤੇਜ਼ ਹਵਾ ਕਾਰਨ ਐਨੀ ਫੈਲੀ ਕਿ ਆਂਢ-ਗੁਆਂਢ ਦੇ ਦੋ ਹੋਰ ਘਰ ਵੀ ਨੁਕਸਾਨੇ ਗਏ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪਰਵਾਰਾਂ ਨਾਲ ਸਬੰਧਤ ਘਰਾਂ ਵਿਚੋਂ ਇਕ ਦੀ ਸ਼ਨਾਖਤ ਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜਿਨ੍ਹਾਂ ਦਾ ਆਲ੍ਹਣਾ ਸੜ ਕੇ ਸੁਆਹ ਹੋ ਗਿਆ। ਮੰਗਲਵਾਰ ਵੱਡੇ ਤੜਕੇ ਅੱਗ ਲੱਗਣ ਬਾਰੇ ਪਤਾ ਲਗਦਿਆਂ ਹੀ ਰਵਿੰਦਰ ਸਿੰਘ ਨੇ ਆਪਣੇ ਪਰਵਾਰ ਨੂੰ ਸੁਚੇਤ ਕਰ ਦਿਤਾ ਅਤੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੇ ਕਮਰੇ ਵੱਲ ਦੌੜੇ।
ਅਣਪਛਾਤੇ ਸ਼ੱਕੀਆਂ ਨੇ ਉਸਾਰੀ ਅਧੀਨ ਘਰ ਨੂੰ ਲਾਈ ਅੱਗ
ਸਰੂਪ ਅਤੇ ਪੋਥੀਆਂ ਪੂਰੇ ਸਤਿਕਾਰ ਨਾਲ ਬਾਹਰ ਲਿਆਉਣ ਵਿਚ ਸਫ਼ਲ ਰਹੇ ਪਰ ਉਸ ਵੇਲੇ ਤੱਕ ਘਰ ਅੱਗ ਦੀਆਂ ਲਾਟਾਂ ਵਿਚ ਘਿਰ ਚੁੱਕਾ ਸੀ। ਕੁਝ ਹੀ ਮਿੰਟਾਂ ਵਿਚ ਦੋ ਘਰਾਂ ਵਿਚ ਵਸਦੇ ਪਰਵਾਰ ਬੇਘਰ ਹੋ ਗਏ ਜਦਕਿ ਆਪਣੇ ਸੁਪਨਿਆਂ ਦੇ ਘਰ ਦੀ ਉਸਾਰੀ ਕਰ ਰਹੇ ਪਰਵਾਰ ਨੂੰ ਅੰਦਰ ਪੈਰ ਰੱਖਣ ਦਾ ਮੌਕਾ ਵੀ ਨਾ ਮਿਲਿਆ। ਕੈਲਗਰੀ ਦੇ ਪੂਰਬ ਵੱਲ ਕੌਨਰਿਚ ਏਰੀਆ ਵਿਖੇ ਲੱਗੀ ਅੱਗ ਬੁਝਾਉਣ ਲਈ ਚੈਸਟਰਮੇਅਰ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰ ਵੀ ਮਦਦ ਵਾਸਤੇ ਮੌਕੇ ’ਤੇ ਪੁੱਜੇ। ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਰੀ ਵਿਖੇ ਜਬਰੀ ਵਸੂਲੀ ਦੇ ਮਾਮਲਿਆਂ ਤਹਿਤ ਇਕ ਹੋਰ ਕਾਰੋਬਾਰੀ ਅਦਾਰੇ ’ਤੇ ਗੋਲੀਆਂ ਚੱਲ ਗਈਆਂ।
ਤੇਜ਼ ਹਵਾ ਕਰ ਕੇ ਆਂਢ-ਗੁਆਂਢ ਦੇ ਘਰਾਂ ਤੱਕ ਫੈਲੀ ਅੱਗ
ਸਰੀ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਵਾਰਦਾਤ ਕਰੌਇਡਨ ਡਰਾਈਵ ਦੇ 15200 ਬਲਾਕ ਵਿਚ ਵਾਪਰੀ ਅਤੇ ਇਸ ਦੌਰਾਨ ਰੋਜ਼ਮਰੀ ਹਾਈਟਸ ਬਿਜ਼ਨਸ ਪਾਰਕ ਵਿਚ ਵਾਪਰੀ ਜਿਥੇ ਵਾਈਟ ਰੌਕ ਜਿਮਨਾਸਟਿਕਸ ਐਥਲੈਟਿਕਸ ਸੋਸਾਇਟੀ, ਇਕ ਡਾਂਸ ਅਕੈਡਮੀ ਅਤੇ ਕਈ ਵਕੀਲਾਂ ਤੇ ਰੀਅਲਟਰਜ਼ ਦੇ ਦਫ਼ਤਰ ਹਨ। ਇਕ ਗੋਲੀ ਦਾ ਨਿਸ਼ਾਨ ਵਾਈਟ ਰੌਕ ਜਿਮਨਾਸਟਿਕਸ ਦੀ ਬਾਹਰੀ ਕੰਧ ’ਤੇ ਨਜ਼ਰ ਆ ਰਿਹਾ ਹੈ ਪਰ ਮੀਡੀਆ ਨਾਲ ਗੱਲਬਾਤ ਕਰਨ ਵਾਸਤੇ ਕੋਈ ਸਹਿਮਤ ਨਾ ਹੋਹਿਆ। ਮੰਨਿਆ ਜਾ ਰਿਹਾ ਹੈ ਗੋਲੀਬਾਰੀ ਦੀ ਵਾਰਦਤ ਸੋਮਵਾਰ ਰਾਤ ਸਾਢੇ ਅੱਠ ਵਜੇ ਤੋਂ ਮੰਗਲਵਾਰ ਸਵੇਰੇ ਸਾਢੇ ਅੱਠ ਵਜੇ ਦਰਮਿਆਨ ਵਾਪਰੀ ਅਤੇ ਕੋਈ ਜ਼ਖਮੀ ਨਹੀਂ ਹੋਇਆ। ਦੱਸ ਦੇਈਏ ਕਿ ਇਕੱਲੇ ਸਰੀ ਸ਼ਹਿਰ ਵਿਚ ਜਬਰੀ ਵਸੂਲੀ ਨਾਲ ਸਬੰਧਤ 74 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 39 ਗੋਲੀਬਾਰੀ ਨਾਲ ਸਬੰਧਤ ਰਹੇ।