ਕੈਨੇਡਾ ਵਿਚ ਮਕਾਨਾਂ ਦੀ ਵਿਕਰੀ ਘਟੀ
ਕੈਨੇਡਾ ਵਿਚ ਇਕ ਪਾਸੇ ਰਿਹਾਇਸ਼ ਦੇ ਸੰਕਟ ਦਾ ਰੌਲਾ ਪੈ ਰਿਹਾ ਹੈ ਪਰ ਦੂਜੇ ਪਾਸੇ ਮਕਾਨਾਂ ਦੀ ਵਿਕਰੀ 30 ਸਾਲ ਦੇ ਹੇਠਲੇ ਪੱਧਰ ’ਤੇ ਆਉਣ ਦੀ ਰਿਪੋਰਟ ਹੈ।
ਟੋਰਾਂਟੋ : ਕੈਨੇਡਾ ਵਿਚ ਇਕ ਪਾਸੇ ਰਿਹਾਇਸ਼ ਦੇ ਸੰਕਟ ਦਾ ਰੌਲਾ ਪੈ ਰਿਹਾ ਹੈ ਪਰ ਦੂਜੇ ਪਾਸੇ ਮਕਾਨਾਂ ਦੀ ਵਿਕਰੀ 30 ਸਾਲ ਦੇ ਹੇਠਲੇ ਪੱਧਰ ’ਤੇ ਆਉਣ ਦੀ ਰਿਪੋਰਟ ਹੈ। ਸੀ.ਪੀ. 24 ਵੱਲੋਂ ਪ੍ਰਕਾਸ਼ਤ ਅੰਕੜਿਆਂ ਮੁਤਾਬਕ ਗਰੇਟਰ ਟੋਰਾਂਟੋ ਹੈਮਿਲਟਨ ਏਰੀਆ ਵਿਚ ਕੌਂਡੋਜ਼ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 60 ਫੀ ਸਦੀ ਘਟ ਗਈ ਅਤੇ 1995 ਤੋਂ ਬਾਅਦ ਕਿਸੇ ਤਿਮਾਹੀ ਦਾ ਸਭ ਤੋਂ ਹੇਠਲਾ ਅੰਕੜਾ ਦਰਜ ਕੀਤਾ ਗਿਆ ਹੈ। 2025 ਦੀ ਪਹਿਲੀ ਤਿਮਾਹੀ ਦੌਰਾਨ ਅਣਵਿਕੇ ਕੌਂਡੋਜ਼ ਦੀ ਗਿਣਤੀ 23,918 ਦੱਸੀ ਗਈ ਅਤੇ ਇਸ ਵਿਚ ਛੇ ਫੀ ਸਦੀ ਵਾਧਾ ਹੋਇਆ ਹੈ। ਹਾਲਾਤ ਦੇ ਮੱਦੇਨਜ਼ਰ 5,700 ਮਕਾਨਾਂ ਦੀ ਉਸਾਰੀ ਵਾਲੇ 28 ਪ੍ਰੌਜੈਕਟ ਰੋਕ ਦਿਤੇ ਗਏ ਜਾਂ ਰੱਦ ਕਰ ਦਿਤੇ ਗਏ ਜਾਂ ਕਿਰਾਏ ਦੇ ਮਕਾਨਾਂ ਵਿਚ ਤਬਦੀਲ ਕਰ ਦਿਤੇ ਗਏ।
ਕੌਂਡੋਜ਼ ਖਰੀਦਣ ਵਾਲਿਆਂ ਦੀ ਗਿਣਤੀ ਵਿਚ 60 ਫੀ ਸਦੀ ਕਮੀ ਆਈ
ਇਨ੍ਹਾਂ ਵਿਚੋਂ 11 ਹਜ਼ਾਰ ਕੌਂਡੋਜ਼ ਪ੍ਰੀ-ਕੰਸਟ੍ਰਕਸ਼ਨ ਪ੍ਰੌਜੈਕਟਾਂ ਨਾਲ ਸਬੰਧਤ ਸਨ ਜਦਕਿ 11 ਹਜ਼ਾਰ ਅੰਡਰ-ਕੰਸਟ੍ਰਕਸ਼ਨ ਪ੍ਰੌਜੈਕਟਾਂ ਅਧੀਨ ਆਉਂਦੇ ਸਨ। ਅਰਬਨੇਸ਼ਨ ਦੇ ਪ੍ਰੈਜ਼ੀਡੈਂਟ ਸ਼ੌਨ ਹਿਲਡਬ੍ਰੈਂਡ ਦਾ ਕਹਿਣਾ ਸੀ ਕਿ ਨਵਾਂ ਕੌਂਡੋਜ਼ ਦਾ ਬਾਜ਼ਾਰ ਚੁਣੌਤੀਆਂ ਭਰੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਗੁਆਂਢੀ ਮੁਲਕ ਨਾਲ ਕਾਰੋਬਾਰੀ ਤਣਾਅ ਨੂੰ ਵੇਖਦਿਆਂ ਗੈਰਯਕੀਨੀ ਵਾਲਾ ਮਾਹੌਲ ਹੋਰ ਜ਼ਿਆਦਾ ਵਧ ਜਾਂਦਾ ਹੈ। ਉਧਰ ਬੀ.ਬੀ.ਸੀ. ਦੀ ਇਕ ਰਿਪੋਰਟ ਕਹਿੰਦੀ ਹੈ ਕਿ ਸਭ ਕੁਝ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਹੋਇਆ ਹੈ ਪਰ ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ ਵਿਚ ਬੇਲਗਾਮ ਕੀਮਤਾਂ ਨੂੰ ਵੀ ਇਸ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਵੈਨਕੂਵਰ ਵਿਖੇ 25 ਸਾਲ ਪਹਿਲਾਂ ਇਕ ਘਰ ਦੀ ਔਸਤ ਕੀਮਤ 2 ਲੱਖ 75 ਹਜ਼ਾਰ ਡਾਲਰ ਬਣਦੀ ਸੀ ਅਤੇ ਮਹਿੰਗਾਈ ਨੂੰ ਜੋੜ ਲਿਆ ਜਾਵੇ ਤਾਂ ਅੱਜ ਇਹ ਕੀਮਤ 4 ਲੱਖ 35 ਹਜ਼ਾਰ ਡਾਲਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਅਜੋਕੇ ਸਮੇਂ ਦੌਰਾਨ ਇਕ ਸਾਧਾਰਣ ਪਰਵਾਰ ਵੈਨਕੂਵਰ ਵਿਚ ਘਰ ਖਰੀਦਣ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਕਿਉਂਕਿ ਕੀਮਤਾਂ ਮਿਲੀਅਨਜ਼ ਵਿਚ ਜਾ ਚੁੱਕੀਆਂ ਹਨ। ਵੈਨਕੂਵਰ ਨੂੰ ਦੁਨੀਆਂ ਦੇ ਉਨ੍ਹਾਂ ਸ਼ਹਿਰਾਂ ਵਿਚ ਸ਼ਾਮਲ ਕੀਤਾ ਗਿਆ ਹੈ ਜਿਥੇ ਆਮ ਲੋਕਾਂ ਵਾਸਤੇ ਘਰ ਖਰੀਦਣਾ ਅਸੰਭਵ ਹੈ। ਕੈਨੇਡਾ ਵਿਚ ਟੈਕਸਾਂ ਤੋਂ ਬਾਅਦ ਇਕ ਪਰਵਾਰ ਦੀ ਔਸਤ ਆਮਦਨ 88 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ ਜਦਕਿ ਇਕ ਮਕਾਨ ਦੀ ਔਸਤ ਕੀਮਤ 7 ਲੱਖ ਡਾਲਰ ਤੋਂ ਵੱਧ ਬਣਦੀ ਹੈ।
ਜੀ.ਟੀ.ਏ. ਵਿਚ 23,918 ਮਕਾਨ ਅਣਵਿਕ ਰਹਿ ਗਏ
ਟਰੰਪ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਬਿਨਾਂ ਸ਼ੱਕ ਰਿਹਾਇਸ਼ ਦਾ ਮੁੱਦਾ ਬੇਹੱਦ ਭਖਿਆ ਹੋਇਆ ਸੀ ਪਰ ਇਸ ਵੇਲੇ ਹਾਲਾਤ ਬਦਲ ਚੁੱਕੇ ਹਨ। ਕੰਜ਼ਰਵੇਟਿਵ ਪਾਰਟੀ ਦੇ ਇਲੈਕਸ਼ਨ ਪਲੈਟਫਾਰਮ ਵਿਚ 23 ਲੱਖ ਨਵੇਂ ਮਕਾਨਾਂ ਦੀ ਉਸਾਰੀ ਦੀ ਵਾਅਦਾ ਕੀਤਾ ਗਿਆ ਹੈ ਜਦਕਿ ਮਸਲਾ ਕੀਮਤਾਂ ਦੁਆਲੇ ਕੇਂਦਰਤ ਹੈ। ਮਿਸਾਲ ਵਜੋਂ ਕੈਲਗਰੀ ਸ਼ਹਿਰ ਵਿਚ ਪਿਛਲੇ ਸਾਲ ਮਕਾਨਾਂ ਦੀਆਂ ਕੀਮਤਾਂ ਵਿਚ 15 ਫੀ ਸਦੀ ਵਾਧਾ ਹੋਇਆ ਅਤੇ ਸਾਲ 2001 ਤੋਂ ਬਾਅਦ ਸ਼ਹਿਰ ਵੀ ਵਸੋਂ ਵੀ ਸਭ ਤੋਂ ਤੇਜ਼ੀ ਨਾਲ ਵਧੀ। ਕਿਫਾਇਤੀ ਮਕਾਨਾਂ ਦੇ ਸੰਕਟ ਦਾ ਮਸਲਾ ਬੇਹੱਦ ਉਲਝਿਆ ਨਜ਼ਰ ਆ ਰਿਹਾ ਹੈ ਅਤੇ ਬਿਨਾਂ ਸ਼ੱਕ ਸਪਲਾਈ ਦੀ ਕਮੀ ਪ੍ਰਮੁੱਖ ਵਜ੍ਹਾ ਮੰਨੀ ਜਾ ਸਕਦੀ ਹੈ। ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਮੰਨਣਾ ਹੈ ਕਿ ਮਕਾਨਾਂ ਦੀ ਕਿੱਲਤ ਨਾਲ ਨਜਿੱਠਣ ਲਈ ਆਉਂਦੇ 6 ਵਰਿ੍ਹਆਂ ਦੌਰਾਨ 38 ਲੱਖ ਮਕਾਨਾਂ ਦੀ ਉਸਾਰੀ ਲਾਜ਼ਮੀ ਹੈ ਪਰ ਜੀ.ਟੀ.ਏ. ਵਿਚ ਕੌਂਡੋਜ਼ ਦੀ ਵਿਕਰੀ ਵਿਚ ਆਈ ਇਕ ਵੱਖਰੀ ਕਹਾਣੀ ਬਿਆਨ ਕਰ ਰਹੀ ਹੈ।