ਸੈਕਸ਼ੁਅਲ ਅਸਾਲਟ ਦੇ ਮਾਮਲੇ ’ਚੋਂ ਬਰੀ ਹੋਏ ਹਾਕੀ ਖਿਡਾਰੀ

ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਘਿਰੇ ਨੈਸ਼ਨਲ ਹਾਕੀ ਲੀਗ ਦੇ ਪੰਜ ਖਿਡਾਰੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ ਹੈ

Update: 2025-07-25 12:05 GMT

ਵੈਨਕੂਵਰ (ਮਲਕੀਤ ਸਿੰਘ) : ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਘਿਰੇ ਨੈਸ਼ਨਲ ਹਾਕੀ ਲੀਗ ਦੇ ਪੰਜ ਖਿਡਾਰੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ ਹੈ। 19 ਜੂਨ 2018 ਨੂੰ ਉਨਟਾਰੀਓ ਦੇ ਲੰਡਨ ਸ਼ਹਿਰ ਦੇ ਇਕ ਹੋਟਲ ਵਿਚ ਵੱਡੇ ਤੜਕੇ ਵਾਪਰੀ ਘਟਨਾ ਮਗਰੋਂ ਮਾਈਕਲ ਮਕਲੋਡ, ਕਾਰਟਰ ਹਾਰਟ, ਐਲੈਕਸ ਫੌਰਮੈਂਟਨ, ਡਿਲਨ ਡਿਊਬ ਅਤੇ ਕੈਲਨ ਫੂਟ ਨੂੰ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਦੋਸ਼ ਲੱਗੇ ਸਨ। ਉਨਟਾਰੀਓ ਦੀ ਸੁਪੀਰੀਅਰ ਕੋਰਟ ਦੀ ਜਸਟਿਸ ਮਰੀਆ ਕੈਰੋਚਾ ਨੇ ਪੰਜੇ ਜਣਿਆਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਪਰ ਦੋਸ਼ ਲਾਉਣ ਵਾਲੀ ਔਰਤ ਫੈਸਲੇ ਤੋਂ ਬੇਹੱਦ ਨਾਖੁਸ਼ ਹੈ।

ਐਨ.ਐਚ.ਐਲ. ਵੱਲੋਂ ਖੇਡਣ ਦੀ ਇਜਾਜ਼ਤ ਦੇਣ ਤੋਂ ਨਾਂਹ

ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਉਸ ਦੀ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਉਸ ਦੀ ਮੁਵੱਕਲ ਨੂੰ ਬੇਇੱਜ਼ਤ ਕੀਤਾ ਗਿਆ ਅਤੇ ਮਖੌਲ ਉਡਾਉਣ ਦੇ ਯਤਨ ਵੀ ਹੋਏ। ਉਧਰ ਨੈਸ਼ਨਲ ਹਾਕੀ ਲੀਗ ਨੇ ਕਿਹਾ ਕਿ ਅਦਾਲਤ ਤੋਂ ਬਰੀ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਅਤੇ ਫੈਸਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ। ਐਨ.ਐਚ.ਐਲ. ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਲੱਗੇ ਦੋਸ਼ ਬੇਹੱਦ ਗੰਭੀਰ ਸਨ ਅਤੇ ਲੀਗ ਵਿਚ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਉਧਰ ਖਿਡਾਰੀਆਂ ਦੀ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਬਰੀ ਹੋਣ ਮਗਰੋਂ ਕੋਈ ਮੁੱਦਾ ਬਾਕੀ ਨਹੀਂ ਬਚਦਾ ਅਤੇ ਇਨ੍ਹਾਂ ਦੀ ਵਾਪਸੀ ਦਾ ਰਾਹ ਪੱਧਰਾ ਹੋਣਾ ਚਾਹੀਦਾ ਹੈ।

ਦੋਸ਼ ਲਾਉਣ ਵਾਲੀ ਔਰਤ ਅਦਾਲਤੀ ਫੈਸਲੇ ਤੋਂ ਨਾਖੁਸ਼

ਇਸੇ ਦੌਰਾਨ ਲੰਡਨ ਪੁਲਿਸ ਦੇ ਮੁਖੀ ਥਾਈ ਟਰੌਂਗ ਨੇ ਕਿਹਾ ਕਿ ਮੁਕੱਦਮੇ ਦੀ ਸੁਣਵਾਈ ਦੌਰਾਨ ਕਈ ਅਹਿਮ ਤੱਥ ਉਭਰੇ। ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸੈਕਸ਼ੁਅਲ ਵਾਇਲੈਂਸ ਅਤੇ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਉਠੀ, ਖਾਸ ਤੌਰ ’ਤੇ ਖੇਡਾਂ ਵਰਗੇ ਖੇਤਰ ਵਿਚ ਜਿਥੇ ਇਨਸਾਨ ਅਨੁਸ਼ਾਸਨ ਸਿੱਖਣ ਵਾਸਤੇ ਆਉਂਦਾ ਹੈ। ਪੁਲਿਸ ਮੁਖੀ ਨੇ ਵੀ ਦੋਸ਼ ਲਾਉਣ ਵਾਲੀ ਔਰਤ ਦਾ ਭਰਵੀਂ ਪ੍ਰਸ਼ੰਸਾ ਕੀਤੀ ਜੋ ਮਜ਼ਬੂਤੀ ਨਾਲ ਅੱਗੇ ਆਈ ਅਤੇ ਮੁਕੱਦਮੇ ਦੌਰਾਨ ਆਪਣੇ ਦਾਅਵਾ ’ਤੇ ਕਾਇਮ ਰਹੀ। ਉਧਰ ਹਾਕੀ ਖਿਡਾਰੀਆਂ ਵਿਚੋਂ ਕੈਲਨ ਫੂਟ ਦੀ ਵਕੀਲ ਨੇ ਕਿਹਾ ਕਿ ਉਸ ਦਾ ਮੁਵੱਕਲ ਦਾ ਸ਼ਾਨਦਾਰ ਭਵਿੱਖ ਉਡੀਕ ਕਰ ਰਿਹਾ ਹੈ ਅਤੇ ਮੁਕੱਦਮੇ ਦੌਰਾਨ ਉਨ੍ਹਾਂ ਦਾ ਵਿਸ਼ਵਾਸ ਕਦੇ ਨਹੀਂ ਡੋਲਿਆ। ਐਲੈਕਸ ਫੌਰਮੈਂਟਨ ਦੇ ਵਕੀਲ ਡੈਨੀਅਲ ਬ੍ਰਾਊਨ ਦਾ ਕਹਿਣਾ ਸੀ ਕਿ ਅਦਾਲਤੀ ਬਿਲਕੁਲ ਸਹੀ ਫੈਸਲੇ ’ਤੇ ਪੁੱਜੀ ਅਤੇ ਇਸ ਦਾ ਸਤਿਕਾਰ ਹੋਣਾ ਚਾਹੀਦਾ ਹੈ।

Tags:    

Similar News