ਸਰੀ ਵਿਖੇ ਭਾਬੀ ਦਾ ਕਤਲ ਕਰਨ ਵਾਲੇ ਹਰਪ੍ਰੀਤ ਸਿੰਘ ਨੂੰ 10 ਸਾਲ ਦੀ ਕੈਦ

ਸਰੀ ਦੇ ਹਰਪ੍ਰੀਤ ਸਿੰਘ ਨੂੰ ਆਪਣੀ ਭਾਬੀ ਦਾ ਕਤਲ ਕਰਨ ਦੇ ਦੋਸ਼ ਹੇਠ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

Update: 2024-10-10 12:22 GMT

ਨਿਊ ਵੈਸਟਮਿੰਸਟਰ : ਸਰੀ ਦੇ ਹਰਪ੍ਰੀਤ ਸਿੰਘ ਨੂੰ ਆਪਣੀ ਭਾਬੀ ਦਾ ਕਤਲ ਕਰਨ ਦੇ ਦੋਸ਼ ਹੇਠ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 39 ਸਾਲ ਦਾ ਹਰਪ੍ਰੀਤ ਸਿੰਘ ਚਾਰ ਸਾਲ ਬਾਅਦ ਜੇਲ ਵਿਚੋਂ ਬਾਹਰ ਆਵੇਗਾ ਅਤੇ ਉਸ ਨੂੰ ਤੁਰਤ ਡਿਪੋਰਟ ਕਰ ਦਿਤਾ ਜਾਵੇਗਾ। ਚਾਰ ਸਾਲ ਪਹਿਲਾਂ ਸਰੀ ਦੇ ਨਿਊਟਨ ਇਲਾਕੇ ਵਿਚ ਵਾਪਰੀ ਵਾਰਦਾਤ ਦੌਰਾਨ ਹਰਪ੍ਰੀਤ ਸਿੰਘ ਨੇ ਆਪਣੀ ਭਾਬੀ ਦਾ ਕਤਲ ਕਰਨ ਤੋਂ ਇਲਾਵਾ ਉਸ ਦੀ ਦੋ ਸਾਲ ਦੀ ਬੱਚੀ ਅਤੇ 72 ਸਾਲ ਦੇ ਪਿਤਾ ਨੂੰ ਵੀ ਜ਼ਖਮੀ ਕਰ ਦਿਤਾ ਸੀ। ਆਈ ਹਿਟ ਮੁਤਾਬਕ ਵਾਰਦਾਤ ਮਗਰੋਂ ਹਰਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਇਥੇ ਦਸਣਾ ਬਣਦਾ ਹੈ ਕਿ ਅਕਤੂਬਰ 2020 ਵਿਚ ਵਾਪਰੀ ਵਾਰਦਾਤ ਮਗਰੋਂ ਹੁਣ ਤੱਕ ਜੇਲ ਵਿਚ ਲੰਘਾਇਆ ਸਮਾਂ ਘਟਾਉਣ ਮਗਰੋਂ ਹਰਪ੍ਰੀਤ ਸਿੰਘ ਨੂੰ ਚਾਰ ਸਾਲ ਹੀ ਜੇਲ ਵਿਚ ਰਹਿਣਾ ਪਵੇਗਾ। ਹਰਪ੍ਰੀਤ ਸਿੰਘ ਨੇ ਪਿਛਲੇ ਦਿਨੀਂ ਆਪਣੀ ਭਾਬੀ ਦਾ ਕਤਲ ਕਰਨ ਅਤੇ ਭਾਬੀ ਦੀ ਬੱਚੀ ਤੇ ਭਾਬੀ ਦੇ ਪਿਤਾ ਨੂੰ ਜ਼ਖਮੀ ਕਰਨ ਦੇ ਗੁਨਾਹ ਕਬੂਲ ਕਰ ਲਏ ਸਨ।

ਅਕਤੂਬਰ 2020 ਵਿਚ ਵਾਪਰੀ ਸੀ ਵਾਰਦਾਤ

ਹਰਪ੍ਰੀਤ ਸਿੰਘ ਨੂੰ ਜੇਲ ਵਿਚੋਂ ਬਾਹਰ ਆਉਣ ਮਗਰੋਂ ਡਿਪੋਰਟੇਸ਼ਨ ਵਿਰੁੱਧ ਅਪੀਲ ਦਾਇਰ ਕਰਨ ਦੇ ਹੱਕ ਤੋਂ ਵਾਂਝਾ ਕਰ ਦਿਤਾ ਗਿਆ ਹੈ ਪਰ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਨੂੰ ਡਿਪੋਰਟ ਕਰਦਿਆਂ ਭਾਰਤ ਭੇਜਿਆ ਜਾਵੇਗਾ ਜਾਂ ਆਸਟ੍ਰੇਲੀਆ। ਹਰਪ੍ਰੀਤ ਸਿੰਘ ਕੋਲ ਆਸਟ੍ਰੇਲੀਆ ਦੀ ਨਾਗਰਿਕਤਾ ਵੀ ਦੱਸੀ ਜਾ ਰਹੀ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਬਲਜੀਤ ਕੌਰ ’ਤੇ ਛੁਰੇ ਨਾਲ ਲਗਾਤਾਰ ਵਾਰ ਕੀਤੇ ਗਏ ਜਿਸ ਦੇ ਸਿੱਟੇ ਵਜੋਂ ਉਸ ਦੇ ਪੂਰੇ ਸਰੀਰ ਵਿਚੋਂ ਖੂਨ ਵਗ ਰਿਹਾ ਸੀ।

ਚਾਰ ਸਾਲ ਬਾਅਦ ਹਰਪ੍ਰੀਤ ਸਿੰਘ ਨੂੰ ਕਰ ਦਿਤਾ ਜਾਵੇਗਾ ਡਿਪੋਰਟ

ਹਮਲੇ ਦੌਰਾਨ ਬਲਜੀਤ ਕੌਰ ਨੇ ਦੋ ਸਾਲ ਦੀ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਸੀ ਅਤੇ ਹਰਪ੍ਰੀਤ ਸਿੰਘ ਨੇ ਬੱਚੀ ਨੂੰ ਵੀ ਨਾ ਬਖਸ਼ਿਆ। ਸਰਕਾਰੀ ਵਕੀਲ ਨੇ ਅੱਗੇ ਕਿਹਾ ਕਿ ਬਲਜੀਤ ਕੌਰ ਨੂੰ ਆਪਣਾ ਬਚਾਅ ਕਰਨ ਦਾ ਕੋਈ ਮੌਕਾ ਨਾ ਮਿਲਿਆ ਅਤੇ ਉਹ ਸਿਰਫ ਬੱਚੀ ਨੂੰ ਬਚਾਉਣ ਬਾਰੇ ਸੋਚਦੀ ਰਹੀ। ਭਾਵੇਂ ਹਰਪ੍ਰੀਤ ਸਿੰਘ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਪਰ ਉਸ ਵੱਲੋਂ ਕੀਤੇ ਘਿਨਾਉਣੇ ਅਪਰਾਧ ਸਦਕਾ ਇੰਮੀਗ੍ਰੇਸ਼ਨ ਸਟੇਟਸ ਰੱਦ ਹੋ ਜਾਂਦਾ ਹੈ। ਹਰਪ੍ਰੀਤ ਸਿੰਘ ਨੇ ਤਕਰੀਬਨ ਚਾਰ ਸਾਲ ਬਾਅਦ ਆਪਣਾ ਗੁਨਾਹ ਕਬੂਲ ਕੀਤਾ ਅਤੇ ਸਰਕਾਰੀ ਵਕੀਲ ਨੇ 12 ਸਾਲ ਦੀ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਸੀ।

Tags:    

Similar News