ਕੈਨੇਡਾ ’ਚ ਪੰਜਾਬੀਆਂ ਦੇ 2 ਧੜਿਆ ਦਰਮਿਆਨ ਚੱਲੀਆਂ ਗੋਲੀਆਂ

ਕੈਨੇਡਾ ਵਿਚ ਸਾਊਥ ਏਸ਼ੀਅਨਜ਼ ਦੀ ਸ਼ਮੂਲੀਅਤ ਵਾਲੀ ਇਕ ਹੋਰ ਵਾਰਦਾਤ ਦੌਰਾਨ ਤਿੰਨ ਜਣਿਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿਤਾ ਗਿਆ

Update: 2025-07-16 12:10 GMT

ਸਰੀ : ਕੈਨੇਡਾ ਵਿਚ ਸਾਊਥ ਏਸ਼ੀਅਨਜ਼ ਦੀ ਸ਼ਮੂਲੀਅਤ ਵਾਲੀ ਇਕ ਹੋਰ ਵਾਰਦਾਤ ਦੌਰਾਨ ਤਿੰਨ ਜਣਿਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿਤਾ ਗਿਆ ਜਦਕਿ ਤਿੰਨ ਸ਼ੱਕੀਆਂ ਦੀ ਸਰੀ ਪੁਲਿਸ ਭਾਲ ਕਰ ਰਹੀ ਹੈ ਜੋ ਸਾਊਥ ਏਸ਼ੀਅਨ ਹੀ ਦੱਸੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਇਹ ਵਾਰਦਾਤ ਪੰਜਾਬੀਆਂ ਦੇ ਦੋ ਧੜਿਆਂ ਦਰਮਿਆਨ ਹੋਏ ਟਕਰਾਅ ਦਾ ਨਤੀਜਾ ਰਹੀ। ਸਰੀ ਪੁਲਿਸ ਨੇ ਦੱਸਿਆ ਕਿ ਨਿਊਟਨ ਇਲਾਕੇ ਵਿਚ 15 ਜੁਲਾਈ ਨੂੰ ਵੱਡੇ ਤੜਕੇ ਤਕਰੀਬਨ 1 ਵਜੇ ਚਾਰ ਜਣੇ ਆਪਣੀ ਗੱਡੀ ਵਿਚ ਜਾ ਰਹੇ ਸਨ ਜਦੋਂ 140ਵੀਂ ਸਟ੍ਰੀਟ ਨੇੜੇ 84 ਐਵੇਨਿਊ ’ਤੇ ਉਨਟਾਰੀਓ ਲਾਇਸੰਸ ਪਲੇਟ ਵਾਲੀ ਟੈਸਲਾ 3 ਗੱਡੀ ਵਿਚੋਂ ਤਿੰਨ ਜਣੇ ਬਾਹਰ ਨਿਕਲੇ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ।

ਤਿੰਨ ਜ਼ਖਮੀਆਂ ਨੂੰ ਸਰੀ ਦੇ ਹਸਪਤਾਲ ਵਿਚ ਕਰਵਾਇਆ ਦਾਖਲ

ਗੋਲੀਬਾਰੀ ਦਾ ਸ਼ਿਕਾਰ ਪੀੜਤਾਂ ਵੱਲੋਂ ਪੁਲਿਸ ਅਤੇ ਐਮਰਜੰਸੀ ਸਿਹਤ ਕਾਮਿਆਂ ਨੂੰ ਸੱਦਿਆ ਗਿਆ ਜਿਨ੍ਹਾਂ ਵਿਚੋਂ ਤਿੰਨ ਜਣਿਆਂ ਨੂੰ ਸਥਿਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਵਾਰਦਾਤ ਦੀ ਗੰਭੀਰਤਾ ਨੂੰ ਵੇਖਦਿਆਂ ਸਰੀ ਪੁਲਿਸ ਦੀ ਫਰੰਟਲਾਈਨ ਇਨਵੈਸਟੀਗੇਟਿਵ ਸਪੋਰਟ ਟੀਮ ਨੂੰ ਸੱਦਿਆ ਗਿਆ ਜਦਕਿ ਸਰੀ ਪੁਲਿਸ ਦਾ ਸੀਰੀਅਸ ਕ੍ਰਾਈਮ ਯੂਨਿਟ ਮਾਮਲੇ ਦੀ ਪੁਣ-ਛਾਣ ਕਰ ਰਿਹਾ ਹੈ। ਪੁਲਿਸ ਮੁਤਾਬਕ ਪੀੜਤ ਜਾਂਚ ਵਿਚ ਮੁਕੰਮਲ ਸਹਿਯੋਗ ਕਰ ਰਹੇ ਹਨ ਅਤੇ ਗੋਲੀਬਾਰੀ ਦੇ ਮਕਸਦ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਸ਼ੱਕੀਆਂ ਦੀ ਪਛਾਣ ਸਿਰਫ਼ ਸਾਊਥ ਏਸ਼ੀਅਨ ਵਜੋਂ ਕੀਤੀ ਗਈ ਹੈ ਅਤੇ ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 599 0502 ’ਤੇ ਸੰਪਰਕ ਕਰਦਿਆਂ ਫਾਈਲ 2025-58724 ਦਾ ਜ਼ਿਕਰ ਕੀਤਾ ਜਾਵੇ।

Tags:    

Similar News