ਕੈਨੇਡਾ ਵਿਚ ਭਾਰਤੀਆਂ ਦਾ ਰੱਬ ਹੀ ਰਾਖਾ
ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਰੱਬ ਹੀ ਰਾਖਾ ਹੈ। ਗੈਂਗਸਟਰਾਂ ਨੇ ਹੁਣ ਘਰਾਂ ਵਿਚ ਦਾਖਲ ਹੋ ਕੇ ਗੋਲੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ
ਬਰੈਂਪਟਨ : ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਦਾ ਰੱਬ ਹੀ ਰਾਖਾ ਹੈ। ਜੀ ਹਾਂ, ਗੈਂਗਸਟਰਾਂ ਨੇ ਹੁਣ ਘਰਾਂ ਵਿਚ ਦਾਖਲ ਹੋ ਕੇ ਗੋਲੀਆਂ ਮਾਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ ਅਤੇ ਮੁਲਕ ਵਿਚ ਕੋਈ ਥਾਂ ਸੁਰੱਖਿਅਤ ਨਹੀਂ ਰਹਿ ਗਈ। ਬਰੈਂਪਟਨ ਦੇ ਸਪ੍ਰਿੰਗਵਿਊ ਡਰਾਈਵ ਅਤੇ ਸਿਲਕਵੁੱਡ ਕ੍ਰੈਸੈਂਟ ਇਲਾਕੇ ਵਿਚ ਵੀਰਵਾਰ ਵੱਡੇ ਤੜਕੇ ਵਾਪਰੀ ਵਾਰਦਾਤ ਨੇ ਸੁੱਖੂ ਪਰਵਾਰ ਨੂੰ ਝੰਜੋੜ ਕੇ ਰੱਖ ਦਿਤਾ ਜਦਕਿ ਗੁਆਂਢੀਆਂ ਦੇ ਵੀ ਹੋਸ਼ ਉਡੇ ਹੋਏ ਹਨ। ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਕਮਲਾ ਸੁੱਖੂ ਨੇ ਦੱਸਿਆ ਕਿ ਦੋ ਸ਼ੱਕੀ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ਦੇ ਪਤੀ ਨੂੰ ਗੋਲੀ ਮਾਰ ਦਿਤੀ।
ਘਰ ਅੰਦਰ ਦਾਖਲ ਹੋ ਕੇ ਗੋਲੀਆਂ ਮਾਰਨ ਲੱਗੇ ਗੈਂਗਸਟਰ
ਕਮਲਾ ਸੁੱਖੂ ਨੇ ਕਿਹਾ ਕਿ ਵਾਰਦਾਤ ਦੇ ਮੱਦੇਨਜ਼ਰ ਉਨ੍ਹਾਂ ਨੇ ਬਰੈਂਪਟਨ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਹੈ। ਹੁਣ ਇਥੇ ਰਹਿਣਾ ਦਾ ਮਤਲਬ ਹੀ ਪੈਦਾ ਨਹੀਂ ਹੁੰਦਾ। ਕਮਲਾ ਸੁੱਖੂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਤੀ ਨੂੰ ਗੋਲੀ ਮਾਰਨ ਵਾਲੇ ਜੇਲ ਵਿਚ ਹੋਣੀ ਚਾਹੀਦੇ ਹਨ। ਉਧਰ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕਮਲਾ ਸੁੱਖੂ ਦੇ ਪਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਫ਼ਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਇਸੇ ਦੌਰਾਨ ਕਮਲਾ ਸੁੱਖੂ ਦੇ ਇਕ ਗੁਆਂਢੀ ਕੈਲ ਨੇਪਾਲ ਨੇ ਕਿਹਾ ਕਿ ਸ਼ੱਕੀਆਂ ਨੇ ਘਰ ਅੰਦਰ ਦਾਖਲ ਹੋਣ ਲਈ ਪਹਿਲਾਂ ਸਾਈਡਲਾਈਟ ਵਿੰਡੋ ਤੋੜੀ ਅਤੇ ਫਿਰ ਆਸਾਨੀ ਨਾਲ ਅੰਦਰ ਵੜ ਗਏ। ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਜੇ ਅਜਿਹੀ ਵਾਰਦਾਤ ਮੇਰੇ ਗੁਆਂਢੀ ਨਾਲ ਹੋ ਸਕਦੀ ਹੈ ਤਾਂ ਮੇਰੇ ਨਾਲ ਕੀ ਵਾਪਰੇਗਾ? ਕੈਲ ਨੇਪਾਲ ਨੇ ਦਾਅਵਾ ਕੀਤਾ ਕਿ ਉਸ ਦਾ ਗੁਆਂਢੀ ਦਾ ਕਿਸੇ ਅਪਰਾਧਕ ਸਰਗਰਮੀ ਨਾਲ ਕੋਈ ਵਾਹ ਵਾਸਤਾ ਨਹੀਂ। ਤਾਜ਼ਾ ਵਾਰਦਾਤ ਤੋਂ ਕੁਝ ਹਫ਼ਤੇ ਪਹਿਲਾਂ ਵੀ ਚੋਰ ਸੁੱਖੂ ਪਰਵਾਰ ਦੇ ਘਰ ਵਿਚ ਦਾਖਲ ਹੋਏ ਅਤੇ ਸ਼ੂਜ਼ ਲੈ ਕੇ ਫਰਾਰ ਹੋ ਗਏ ਪਰ ਇਸ ਵਾਰ ਘਰੋਂ ਕੁਝ ਗਾਇਬ ਨਹੀਂ ਹੋਇਆ।
ਘਰ-ਬਾਰ ਛੱਡਣ ਲਈ ਮਜਬੂਰ ਹੋਇਆ ਪਰਵਾਰ
ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਇਸ ਘਰ ਵਿਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਤਸਦੀਕ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਕਾਂਸਟੇਬਲ ਟਾਇਲਰ ਬੈਲ ਦਾ ਕਹਿਣਾ ਸੀ ਕਿ ਪਹਿਲਾਂ ਵਾਪਰੀ ਕਿਸੇ ਵਾਰਦਾਤ ਨੂੰ ਤਾਜ਼ਾ ਵਾਰਦਾਤ ਵਾਰਦਾਤ ਦੀ ਪੜਤਾਲ ਨਾਲ ਜੋੜਿਆ ਜਾ ਸਕਦਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਹੋਮ ਸਕਿਉਰਿਟੀ ਸਿਸਟਮ ਲਗਵਾਏ ਜਾਣ। ਦੂਜੇ ਪਾਸੇ ਬਰੈਂਪਟਨ ਵਿਖੇ ਸ਼ਰ੍ਹੇਆਮ ਮਹਿੰਗੀ ਗੱਡੀ ਖੋਹਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਕ ਪਾਰਕਿੰਗ ਲੌਟ ਵਿਚ ਕੁਝ ਜਣੇ ਰੌਲਜ਼ ਰੌਇਸ ਦੇ ਮਾਲਕ ਨੂੰ ਘੇਰ ਲੈਂਦੇ ਹਨ ਅਤੇ ਧੱਕਾ ਮੁੱਕੀ ਕਰਦਿਆਂ ਗੱਡੀ ਲੈ ਕੇ ਫਰਾਰ ਹੁੰਦਿਆਂ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਇਕ ਮਹੀਨੇ ਦੌਰਾਨ ਬਰੈਂਪਟਨ ਅਤੇ ਮਿਸੀਸਾਗਾ ਵਿਖੇ 391 ਗੱਡੀਆਂ ਚੋਰੀ ਹੋਈਆਂ।