ਜੀ.ਟੀ.ਏ. ਦੇ ਘਰਾਂ ਵਿਚ ਡਾਕੇ ਮਾਰਨ ਵਾਲੇ ਗਿਰੋਹ ਦਾ ਪਰਦਾ ਫਾਸ਼

ਗਰੇਟਰ ਟੋਰਾਂਟੋ ਏਰੀਆ ਦੇ ਘਰਾਂ ਵਿਚ ਡਾਕੇ ਮਾਰਨ ਅਤੇ ਨਸ਼ਾ ਤਸਕਰੀ ਲਈ ਜ਼ਿੰਮੇਵਾਰ ਇਕ ਵੱਡੇ ਗਿਰੋਹ ਦਾ ਪਰਦਾ ਫ਼ਾਸ਼ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 17 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।;

Update: 2024-12-11 11:20 GMT

ਰਿਚਮੰਡ ਹਿਲ : ਗਰੇਟਰ ਟੋਰਾਂਟੋ ਏਰੀਆ ਦੇ ਘਰਾਂ ਵਿਚ ਡਾਕੇ ਮਾਰਨ, ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਨਸ਼ਾ ਤਸਕਰੀ ਲਈ ਜ਼ਿੰਮੇਵਾਰ ਇਕ ਵੱਡੇ ਗਿਰੋਹ ਦਾ ਪਰਦਾ ਫ਼ਾਸ਼ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 17 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਅਤੇ ਟੋਰਾਂਟੋ ਪੁਲਿਸ ਦੀ ਸਹਾਇਤਾ ਨਾਲ ‘ਪ੍ਰੌਜੈਕਟ ਸਕਾਈਫਾਲ’ ਅਧੀਨ ਕੀਤੀ ਗਈ ਕਾਰਵਾਈ ਦੌਰਾਨ 14 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ ਕੀਤੇ ਗਏ।

ਯਾਰਕ ਰੀਜਨਲ ਪੁਲਿਸ ਨੇ ਗ੍ਰਿਫ਼ਤਾਰ ਕੀਤੇ 17 ਸ਼ੱਕੀ

ਮੀਡੀਆ ਨਾਲ ਗੱਲਬਾਤ ਕਰਦਿਆਂ ਯਾਰਕ ਰੀਜਨਲ ਪੁਲਿਸ ਦੇ ਉਪ ਮੁਖੀ ਐਲਵੈਰੋ ਅਲਮੇਡਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਸ਼ੱਕੀਆਂ ਵਿਚੋਂ ਛੇ ਕਿਸੇ ਨਾ ਕਿਸੇ ਹੋਰ ਮਾਮਲੇ ਵਿਚ ਜ਼ਮਾਨਤ ’ਤੇ ਚੱਲ ਰਹੇ ਸਨ। ਪ੍ਰੌਜੈਕਟ ਸਕਾਈਫਾਲ ਅਧੀਨ 48 ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਗਈ ਅਤੇ ਕੋਕੀਨ, ਮੈਥਮਫੈਟਾਮਿਨ ਵਰਗੇ ਨਸ਼ਿਆਂ ਤੋਂ ਇਲਾਵਾ ਦੋ ਹੈਂਡਗੰਨਜ਼ ਅਤੇ ਇਕ ਸ਼ੌਟਗੰਨ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ 17 ਸ਼ੱਕੀਆਂ ਵਿਰੁੱਧ 83 ਦੋਸ਼ ਆਇਦ ਕੀਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਪ੍ਰੌਜੈਕਟ ਸਕਾਈਫਾਲ ਅਧੀਨ ਪੜਤਾਲ ਦਾ ਸਿਲਸਿਲਾ ਦਸੰਬਰ 2023 ਵਿਚ ਆਰੰਭ ਹੋਇਆ ਜਦੋਂ ਵੌਅਨ ਦੇ ਫੌਰੈਸਟ ਡਰਾਈਵ ਅਤੇ ਹਾਰਮੋਨੀਆ ਕ੍ਰਸੈਂਟ ਇਲਾਕੇ ਦੇ ਇਕ ਘਰ ਵਿਚ ਤਿੰਨ ਸ਼ੱਕੀ ਜ਼ਬਰਦਸਤੀ ਦਾਖਲ ਹੋ ਗਏ ਅਤੇ ਪਰਵਾਰਕ ਮੈਂਬਰਾਂ ਨੂੰ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਲਿਆ।

14 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ

ਇਸ ਦੌਰਾਨ ਸ਼ੱਕੀਆਂ ਵੱਲੋਂ ਪਰਵਾਰ ਮੈਂਬਰਾਂ ਦੀ ਕੁੱਟਮਾਰ ਕਰਦਿਆਂ ਪੈਸੇ ਦੀ ਮੰਗ ਕੀਤੀ ਗਈ। ਇਸੇ ਦੌਰਾਨ ਇਕ ਔਰਤ ਨੇ 911 ’ਤੇ ਕਾਲ ਕਰ ਦਿਤੀ ਅਤੇ ਪੁਲਿਸ ਅਫ਼ਸਰ ਮੌਕੇ ’ਤੇ ਪੁੱਜ ਗਏ। ਦੋਹਾਂ ਧਿਰਾਂ ਵਿਚਾਲੇ ਟਕਰਾਅ ਹੋਇਆ ਅਤੇ ਇਕ ਅਫਸਰ ਨੇ ਲੁਟੇਰਿਆਂ ਵੱਲ ਕਈ ਗੋਲੀਆਂ ਵੀ ਚਲਾਈਆਂ। ਕਰੜੀ ਮੁਸ਼ੱਕਤ ਮਗਰੋਂ ਪੁਲਿਸ ਨੇ ਇਕ ਸ਼ੱਕੀ ਨੂੰ ਕਾਬੂ ਕਰ ਲਿਆ ਜਿਸ ਕੋਲੋਂ ਭਰੀ ਹੋਈ ਪਸਤੌਲ ਬਰਾਮਦ ਕੀਤੀ ਗਈ। ਇਸ ਮਗਰੋਂ ਪੁਲਿਸ ਨੇ ਪੜਤਾਲ ਦਾ ਸਿਲਸਿਲਾ ਸ਼ੁਰੂ ਕੀਤਾ ਤਾਂ ਲੜੀਆਂ ਜੁੜਦੀਆਂ ਚਲੀਆਂ ਗਈਆਂ।

Tags:    

Similar News