ਉਨਟਾਰੀਓ ਦੇ ਸ਼ਹਿਰ ਵਿਚ ਖੁਰਾਕ ਐਮਰਜੰਸੀ ਦਾ ਐਲਾਨ

ਉਨਟਾਰੀਓ ਦੇ ਕਿੰਗਸਟਨ ਸ਼ਹਿਰ ਵਿਚ ਖੁਰਾਕ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਹੈ ਜਿਥੇ ਹਰ ਤਿੰਨ ਪਰਵਾਰਾਂ ਵਿਚੋਂ ਇਕ ਰੋਟੀ ਵਾਸਤੇ ਜੂਝ ਰਿਹਾ ਹੈ।;

Update: 2025-01-21 12:42 GMT

ਕਿੰਗਸਟਨ : ਉਨਟਾਰੀਓ ਦੇ ਕਿੰਗਸਟਨ ਸ਼ਹਿਰ ਵਿਚ ਖੁਰਾਕ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਹੈ ਜਿਥੇ ਹਰ ਤਿੰਨ ਪਰਵਾਰਾਂ ਵਿਚੋਂ ਇਕ ਰੋਟੀ ਵਾਸਤੇ ਜੂਝ ਰਿਹਾ ਹੈ। ਸਿਟੀ ਕੌਂਸਲਰ ਗ੍ਰੈਗ ਰਿੱਜ ਨੇ ਖੁਰਾਕ ਵਾਸਤੇ ਸੰਘਰਸ਼ ਨੂੰ ਨਿਜੀ ਜ਼ਿੰਦਗੀ ਨਾਲ ਜੋੜਦਿਆਂ ਦੱਸਿਆ ਕਿ ਕਿਸੇ ਵੇਲੇ ਉਨ੍ਹਾਂ ਦੇ ਪਿਤਾ ਨੂੰ ਗੰਭੀਰ ਸੱਟ ਵੱਜਣ ਕਾਰਨ ਉਨ੍ਹਾਂ ਦੇ ਘਰ ਵਿਚ ਵੀ ਅਜਿਹੇ ਹਾਲਾਤ ਪੈਦਾ ਹੋ ਗਏ ਸਨ। ਹਾਲਾਤ ਦੀ ਗੰਭੀਰਤਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਇਕ ਵੇਲੇ ਦਾ ਖਾਣਾ ਛੱਡਣਾ ਪੈ ਰਿਹਾ ਹੈ ਜਾਂ ਮਾਪੇ ਆਪਣੇ ਬੱਚਿਆਂ ਦਾ ਢਿੱਡ ਭਰਨ ਵਾਸਤੇ ਖੁਦ ਭੁੱਖੇ ਰਹਿਣ ਲਈ ਮਜਬੂਰ ਹਨ।

ਕਿੰਗਸਟਨ ਦੇ ਹਰ 3 ਪਰਵਾਰਾਂ ਵਿਚੋਂ 1 ਰੋਟੀ ਵਾਸਤੇ ਸੰਘਰਸ਼ ਕਰ ਰਿਹਾ

ਇਕ ਫੂਡ ਬੈਂਕ ਦੀ ਕਾਰਜਕਾਰੀ ਡਾਇਰੈਕਟਰ ਰੌਂਡਾ ਕੈਂਡੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਮਗਰੋਂ ਉਨ੍ਹਾਂ ਕੋਲ ਆਉਣ ਵਾਲਿਆਂ ਦੀ ਗਿਣਤੀ 300 ਫ਼ੀ ਸਦੀ ਵਧ ਚੁੱਕੀ ਹੈ। ਇਥੇ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਟੋਰਾਂਟੋ ਅਤੇ ਮਿਸੀਸਾਗਾ ਸ਼ਹਿਰਾਂ ਵਿਚ ਖੁਰਾਕ ਐਮਰਜੰਸੀ ਦਾ ਐਲਾਨ ਕੀਤਾ ਜਾ ਚੁੱਕਾ ਹੈ। ਫੂਡ ਬੈਂਕਸ ਤੋਂ ਮੰਗ ਕੇ ਰੋਟੀ ਖਾਣ ਵਾਲਿਆਂ ਦੀ ਗਿਣਤੀ ਭਾਵੇਂ ਕੈਨੇਡਾ ਦੇ ਹਰ ਇਲਾਕੇ ਵਿਚ ਵਧੀ ਹੈ ਪਰ ਮਿਸੀਸਾਗਾ ਦੀ ਮੇਅਰ ਦਾ ਮੰਨਣਾ ਹੈ ਕਿ ਖੁਰਾਕ ਅਸੁਰੱਖਿਆ, ਸੰਕਟ ਦੇ ਪੱਧਰ ਤੋਂ ਵੀ ਅੱਗੇ ਜਾ ਚੁੱਕੀ ਹੈ ਅਤੇ ਇਹ ਕੋਈ ਆਰਜ਼ੀ ਮੁੱਦਾ ਨਹੀਂ। ਮਿਸੀਸਾਗਾ ਦੇ ਫੂਡ ਬੈਂਕਸ ਦੀ ਰਿਪੋਰਟ ਮੁਤਾਬਕ 7 ਲੱਖ 16 ਹਜ਼ਾਰ ਦੀ ਆਬਾਦੀ ਵਾਲੇ ਇਸ ਕੈਨੇਡੀਅਨ ਸ਼ਹਿਰ ਵਿਚ ਮੰਗ ਕੇ ਰੋਟੀ ਖਾਣ ਵਾਲਿਆਂ ਦੀ ਗਿਣਤੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।

ਸਿਟੀ ਕੌਂਸਲਰ ਨੇ ਮੌਜੂਦਾ ਹਾਲਾਤ ਨੂੰ ਨਿਜੀ ਜ਼ਿੰਦਗੀ ਨਾਲ ਜੋੜਿਆ

ਜੂਨ 2023 ਤੋਂ ਮਈ 2024 ਦਰਮਿਆਨ ਸ਼ਹਿਰ ਦੀ ਅੱਠ ਫੀ ਸਦੀ ਆਬਾਦੀ ਮੰਗ ਕੇ ਰੋਟੀ ਖਾ ਜਾ ਰਹੀ ਸੀ ਜਦਕਿ 2019 ਵਿਚ ਹਰ 37 ਜਣਿਆਂ ਪਿੱਛੇ ਇਕ ਜਣਾ ਹੀ ਮੰਗ ਕੇ ਰੋਟੀ ਖਾਣ ਲਈ ਮਜਬੂਰ ਸੀ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਮੰਗ ਕੇ ਰੋਟੀ ਖਾਣ ਵਾਲਿਆਂ ਦੀ ਗਿਣਤੀ 58 ਫੀ ਸਦੀ ਵਧੀ ਹੈ ਅਤੇ ਲੋਕਾਂ ਨੇ ਫੂਡ ਬੈਂਕਸ ਦੇ 4 ਲੱਖ 20 ਹਜ਼ਾਰ ਤੋਂ ਵਧ ਗੇੜੇ ਲਾਏ। ਦੂਜੇ ਪਾਸੇ ਸਟੈਟਿਸਟਿਕਸ ਕੈਨੇਡਾ ਅਤੇ ਫੂਡ ਬੈਂਕਸ ਕੈਨੇਡਾ ਦਾ ਮੰਨਣਾ ਹੈ ਕਿ ਇਹੀ ਹਾਲਾਤ ਰਹੇ ਤਾਂ ਕੈਨੇਡਾ ਦੇ 25 ਫੀ ਸਦੀ ਲੋਕ ਰੋਟੀ ਵਾਸਤੇ ਫੂਡ ਬੈਂਕਸ ’ਤੇ ਨਿਰਭਰ ਹੋ ਸਕਦੇ ਹਨ। 

Tags:    

Similar News