ਅਮਰੀਕਾ ਅਤੇ ਕੈਨੇਡਾ ਵਿਚ ਹੜ੍ਹਾਂ ਦਾ ਕਹਿਰ
ਅਮਰੀਕਾ ਅਤੇ ਕੈਨੇਡਾ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ
ਸਿਐਟਲ : ਅਮਰੀਕਾ ਅਤੇ ਕੈਨੇਡਾ ਵਿਚ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਵਾਸ਼ਿੰਗਟਨ ਸੂਬੇ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਇਲਾਕੇ ਵੱਲ ਜਾਣ ਦੇ ਹੁਕਮ ਦਿਤੇ ਗਏ ਅਤੇ ਗਵਰਨਰ ਬੌਬ ਫਰਗਿਊਸਨ ਨੇ ਚਿਤਾਨਵੀ ਦਿਤੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਮਨੁੱਖੀ ਜਾਨਾਂ ਦਾਅ ’ਤੇ ਹੋਣਗੀਆਂ। ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ ਅਤੇ ਨਦੀਆਂ ਵਿਚ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਵਧਣ ਮਗਰੋਂ ਸਿਐਟਲ ਤੋਂ ਵੈਨਕੂਵਰ ਦਰਮਿਆਨ ਰੇਲ ਸੇਵਾ ਮੁਅੱਤਲ ਕਰ ਦਿਤੀ ਗਈ ਹੈ। ਵਾਸ਼ਿੰਗਟਨ ਦੇ ਕੈਸਕੇਡ ਮਾਊਂਟੇਨਜ਼ ਇਲਾਕੇ ਵਿਚ 6 ਇੰਚ ਮੀਂਹ ਪੈਣ ਦੀ ਰਿਪੋਰਟ ਹੈ ਜਦਕਿ ਕਈ ਥਾਵਾਂ ’ਤੇ ਸਿਰਫ਼ ਛੇ ਘੰਟੇ ਵਿਚ 1.7 ਇੰਚ ਬਾਰਸ਼ ਦਰਜ ਕੀਤੀ ਗਈ। ਸਿਐਟਲ ਦੇ ਉਤਰ ਵੱਲ ਸਥਿਤ ਸਕੈਜਿਟ ਕਾਊਂਟੀ ਸਭ ਤੋਂ ਵੱਧ ਪ੍ਰਭਾਵਤ ਇਲਾਕਾ ਦੱਸਿਆ ਜਾ ਰਿਹਾ ਹੈ ਜਿਥੇ 78 ਹਜ਼ਾਰ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।
ਇਕ ਲੱਖ ਤੋਂ ਵੱਧ ਲੋਕਾਂ ਨੂੰ ਛੱਡਣੇ ਪਏ ਘਰ-ਬਾਰ
ਗਵਰਨਰ ਬੌਬ ਫਰਗਿਊਸਨ ਇਸ ਵਾਰ ਆਏ ਹੜ੍ਹਾਂ ਨੂੰ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਮਾਰੂ ਕੁਦਰਤੀ ਤਰਾਸਦੀ ਦੱਸ ਰਹੇ ਹਨ। ਇਸੇ ਦੌਰਾਨ ਵਾਸ਼ਿੰਗਟਨ ਨੈਸ਼ਨਲ ਗਾਰਡਜ਼ ਦੇ ਜੈਂਟ ਵੈਲਸ਼ ਨੇ ਕਿਹਾ ਕਿ ਲੋਕਾਂ ਦੀ ਮਦਦ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਧਰ ਬੀ.ਸੀ. ਵਿਚ ਹੜ੍ਹਾਂ ਦਾ ਪਾਣੀ ਐਬਸਫ਼ੋਰਡ ਵਿਚ ਹਾਈਵੇਅ 1 ਤੱਕ ਪੁੱਜ ਗਿਆ ਅਤੇ ਨਵੇਂ ਸਿਰੇ ਤੋਂ ਲੋਕਾਂ ਨੂੰ ਮਕਾਨ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ। 460 ਪ੍ਰੌਪਰਟੀਜ਼ ਨੂੰ ਪਹਿਲਾਂ ਹੀ ਖਾਲੀ ਕਰਨ ਦੀ ਹਦਾਇਤਾ ਦਿਤੀ ਜਾ ਚੁੱਕੀ ਹੈ ਅਤੇ ਇਕ ਹਜ਼ਾਰ ਤੋਂ ਵੱਧ ਨੂੰ ਐਲਰਟ ’ਤੇ ਰੱਖਿਆ ਗਿਆ ਹੈ। ਐਬਸਫ਼ੋਰਡ ਸ਼ਹਿਰ ਵਿਚ ਹੜ੍ਹਾਂ ਦੇ ਮੌਜੂਦਾ ਹਾਲਾਤ ਨੂੰ 1990 ਦੇ ਹੜ੍ਹਾਂ ਬਰਾਬਰ ਮੰਨਿਆ ਜਾ ਰਿਹਾ ਹੈ ਪਰ 2021 ਵਿਚ ਹੋਈ ਤਬਾਹੀ ਨੂੰ ਵੀ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ। ਬੀ.ਸੀ. ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਕੈਂਪਬੈਲ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੱਕ ਹੜ੍ਹਾਂ ਦਾ ਪਾਣੀ ਘਟਣ ਦੇ ਆਸਾਰ ਨਹੀਂ ਪਰ ਜੇ ਮੁੜ ਬਾਰਸ਼ ਹੁੰਦੀ ਹੈ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਸੁਮਸ ਨਦੀ ਵਿਚ ਹੜ੍ਹਾਂ ਦੀ ਚਿਤਵਾਨੀ ਵੀਰਵਾਰ ਸ਼ਾਮ ਤੱਕ ਕਾਇਮ ਰਹੀ ਜਦਕਿ ਲੋਅਰ ਫਰੇਜ਼ਰ ਰਿਵਰ ਤੋਂ ਇਲਾਵਾ ਚਿਲੀਵੈਕ ਰਿਵਰ ਅਤੇ ਸਕੈਜਿਟ ਰਿਵਰ ਨਾਲ ਸਬੰਧਤ ਚਿਤਾਵਨੀਆਂ ਵਾਪਸ ਲਈਆਂ ਜਾ ਚੁੱਕੀਆਂ ਹਨ।