ਟੋਰਾਂਟੋ ਅਤੇ ਨਾਲ ਲਗਦੇ ਇਲਕਿਆਂ ਵਿਚ ਹੜ੍ਹਾਂ ਦਾ ਖਦਸ਼ਾ
ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਭਾਰੀ ਬਾਰਸ਼ ਹੋਣ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ।;
ਟੋਰਾਂਟੋ : ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਭਾਰੀ ਬਾਰਸ਼ ਹੋਣ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਐਨਵਾਇਰਨਮੈਂਟ ਕੈਨੇਡਾ ਨੇ ਦੱਸਿਆ ਕਿ ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰ ਤੱਕ 20 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਜਦਕਿ ਤਾਪਮਾਨ ਆਮ ਨਾਲੋਂ ਵੱਧ ਹੋਣ ਦੇ ਮੱਦੇਨਜ਼ਰ ਬਰਫ਼ ਪਿਘਲਣ ਕਾਰਨ ਹੜ੍ਹਾਂ ਵਰਗੇ ਹਾਲਾਤ ਬਣ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ 13 ਫਰਵਰੀ ਤੋਂ 16 ਫ਼ਰਵਰੀ ਦਰਮਿਆਨ ਲਗਾਤਾਰ ਦੋ ਬਰਫ਼ੀਲੇ ਤੂਫਾਨ ਆਉਣ ਕਾਰਨ ਹਰ ਪਾਸੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਸੀ।
ਮੌਸਮ ਵਿਭਾਗ ਨੇ ਕੀਤੀ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ
ਮੰਗਲਵਾਰ ਦੀ ਸ਼ੁਰੂਆਤ ਹਲਕੀ ਗੜੇਮਾਰੀ ਨਾਲ ਹੋ ਸਕਦੀ ਹੈ ਪਰ ਇਸ ਦੇ ਬਾਵਜੂਦ ਦੁਪਹਿਰ ਤੱਕ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਭਾਵੇਂ ਮੰਗਲਵਾਰ ਨੂੰ ਹਲਕੀ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਪਰ ਬੁੱਧਵਾਰ ਨੂੰ ਭਾਰੀ ਮੀਂਹ ਪੈ ਸਕਦਾ ਹੈ ਅਤੇ ਦਿਨ ਦਾ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਦੂਜੇ ਪਾਸੇ ਮਾਰਚ ਦੇ ਸ਼ੁਰੂਆਤੀ ਦਿਨਾਂ ਵਿਚ ਔਸਤ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਮਨਫ਼ੀ 6 ਡਿਗਰੀ ਤੱਕ ਡਿੱਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਅਤੇ ਬਰਫ਼ ਪਿਘਲਣ ਕਰ ਕੇ ਨੀਵੇਂ ਇਲਾਕਿਆਂ ਵਿਚ ਸੜਕਾਂ ’ਤੇ ਪਾਣੀ ਹੀ ਪਾਣੀ ਨਜ਼ਰ ਆ ਸਕਦਾ ਹੈ। ਵੀਰਵਾਰ ਨੂੰ ਤਾਪਮਾਨ ਮੁੜ ਮਨਫ਼ੀ ਇਕ ਡਿਗਰੀ ਤੱਕ ਡਿੱਗਣ ਦੇ ਆਸਾਰ ਹਨ ਜਦਕਿ ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦਿਨ ਵੇਲੇ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ਰਹਿ ਸਕਦਾ ਹੈ।