ਕੈਨੇਡਾ ’ਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਆਇਆ ਹੜ੍ਹ

ਕੈਨੇਡਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ ਆ ਰਿਹਾ ਹੈ ਅਤੇ ਨਵੇਂ ਵਰ੍ਹੇ ਦੌਰਾਨ ਪੰਜਾਬੀ ਨੌਜਵਾਨਾਂ ਨੇ ਵੱਡੇ ਪੱਧਰ ’ਤੇ ਰੋਸ ਵਿਖਾਵੇ ਕਰਨ ਦੀ ਰਣਨੀਤੀ ਵੀ ਘੜ ਲਈ ਹੈ

Update: 2026-01-01 14:06 GMT

ਟੋਰਾਂਟੋ : ਕੈਨੇਡਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ ਆ ਰਿਹਾ ਹੈ ਅਤੇ ਨਵੇਂ ਵਰ੍ਹੇ ਦੌਰਾਨ ਪੰਜਾਬੀ ਨੌਜਵਾਨਾਂ ਨੇ ਵੱਡੇ ਪੱਧਰ ’ਤੇ ਰੋਸ ਵਿਖਾਵੇ ਕਰਨ ਦੀ ਰਣਨੀਤੀ ਵੀ ਘੜ ਲਈ ਹੈ। ਜੀ ਹਾਂ, 2025 ਖ਼ਤਮ ਹੁੰਦਿਆਂ ਹੀ 10 ਲੱਖ 53 ਹਜ਼ਾਰ ਵਿਦੇਸ਼ੀ ਨਾਗਰਿਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ ਛੇ ਮਹੀਨੇ ਬਾਅਦ 9 ਲੱਖ 27 ਹਜ਼ਾਰ ਹੋਰਨਾਂ ਦੇ ਵਰਕ ਪਰਮਿਟ ਖ਼ਤਮ ਹੋ ਜਾਣਗੇ ਜਿਨ੍ਹਾਂ ਵਿਚ ਹਜ਼ਾਰਾਂ ਪੰਜਾਬੀ ਨੌਜਵਾਨ ਸ਼ਾਮਲ ਹਨ। ਕੈਨੇਡਾ ਵਿਚ ਰਹਿਣ ਲਈ ਇਨ੍ਹਾਂ ਨੂੰ ਘੱਟੋ ਘੱਟ ਵਿਜ਼ਟਰ ਵੀਜ਼ਾ ਲੋੜੀਂਦਾ ਹੋਵੇਗਾ ਅਤੇ ਜੇ ਉਹ ਵੀ ਨਹੀਂ ਮਿਲਦਾ ਤਾਂ ਮੁਲਕ ਵਿਚ ਨਾਜਾਇਜ਼ ਤਰੀਕੇ ਨਾਲ ਮੌਜੂਦ ਵਿਦੇਸ਼ੀ ਨਾਗਰਿਕ ਹੀ ਮੰਨੇ ਜਾਣਗੇ ਜਿਨ੍ਹਾਂ ਨੂੰ ਫੜ ਕੇ ਡਿਪੋਰਟ ਕਰਨ ਦੀ ਜ਼ਿੰਮੇਵਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸੌਂਪੀ ਗਈ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਨੀਤੀਆਂ ਵਿਚ ਵੱਡੀ ਤਬਦੀਲੀ ਦੇ ਮੱਦੇਨਜ਼ਰ ਪੀ.ਆਰ. ਮਿਲਣ ਦੇ ਰਾਹ ਬੇਹੱਦ ਤੰਗ ਹੋ ਚੁੱਕੇ ਹਨ ਅਤੇ ਆਰਜ਼ੀ ਵੀਜ਼ਿਆਂ ਨਾਲ ਲੱਖਾਂ ਵਿਦੇਸ਼ੀ ਨਾਗਰਿਕ ਸਮਾਂ ਨਹੀਂ ਲੰਘਾ ਸਕਣਗੇ ਅਤੇ ਆਖਰਕਾਰ ਜੁੱਲੀ-ਬਿਸਤਰਾ ਸਮੇਟਣਾ ਹੀ ਪਵੇਗਾ। ਵਰਕ ਪਰਮਿਟ ਦੀ ਮਿਆਦ ਲੰਘਣ ਵਾਲਿਆਂ ਵਿਚੋਂ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਵੱਲੋਂ ਪੀ.ਆਰ. ਹਾਸਲ ਕਰਨ ਦਾ ਹਰ ਢੰਗ-ਤਰੀਕਾ ਵਰਤਿਆ ਗਿਆ ਪਰ ਇਹ ਕਾਰਗਰ ਸਾਬਤ ਨਾ ਹੋਇਆ।

ਨਵਾਂ ਵਰ੍ਹਾ ਚੜ੍ਹਦਿਆਂ ਹੀ 10 ਲੱਖ 50 ਹਜ਼ਾਰ ਦੇ ਵਰਕ ਪਰਮਿਟ ਖ਼ਤਮ

ਕੈਨੇਡਾ ਦੇ ਇਤਿਹਾਸ ਵਿਚ ਕਦੇ ਵੀ ਐਨੀ ਵੱਡੀ ਗਿਣਤੀ ਵਿਚ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਲੋਕਾਂ ਦੀ ਮੌਜੂਦਗੀ ਦਰਜ ਨਹੀਂ ਕੀਤੀ ਗਈ। ਐਕਪਾਇਰੀ ਵਰਕ ਪਰਮਿਟ ਵਾਲਿਆਂ ਵਿਚੋਂ ਸਭ ਜ਼ਿਆਦਾ ਨੌਜਵਾਨ ਉਨਟਾਰੀਓ, ਐਲਬਰਟਾ ਤੇ ਬੀ.ਸੀ. ਵਰਗੇ ਰਾਜਾਂ ਵਿਚ ਮੌਜੂਦ ਹਨ ਜਿਨ੍ਹਾਂ ਵੱਲੋਂ ਭਵਿੱਖ ਦੀ ਰਣਨੀਤੀ ਘੜੀ ਜਾ ਰਹੀ ਹੈ। ‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਕਿਰਤੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਨੌਜਵਾਨ ਸਪੋਰਟ ਨੈਟਵਰਕ ਵੱਲੋਂ ਜਨਵਰੀ ਵਿਚ ਰੋਸ ਵਿਖਾਵਿਆਂ ਦਾ ਵਿਉਂਤਬੰਦੀ ਕੀਤੀ ਗਈ ਹੈ। ਜਥੇਬੰਦੀ ਦੇ ਕਾਰਕੁੰਨ ਬਿਕਰਮਜੀਤ ਸਿੰਘ ਨੇ ਦੱਸਿਆ ਵੱਡੀ ਗਿਣਤੀ ਵਿਚ ਪ੍ਰਵਾਸੀ ਕਾਮਿਆਂ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਕੈਨੇਡਾ ਵਿਚ ਉਨ੍ਹਾਂ ਦੀ ਕਾਨੂੰਨੀ ਤਰੀਕੇ ਨਾਲ ਮੌਜੂਦਗੀ ਯਕੀਨੀ ਬਣਾਉਣ ਖਾਤਰ ਹੰਭਲਾ ਮਾਰਿਆ ਜਾ ਰਿਹਾ ਹੈ। ਜਥੇਬੰਦੀ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਦਿਤਾ ਨਾਹਰਾ ਕਹਿੰਦਾ ਹੈ, ‘ਗੁੱਡ ਇਨਫ਼ ਟੂ ਵਰਕ, ਗੁੱਡ ਇਨਫ਼ ਤੋਂ ਸਟੇਅ’।

2026 ਦੇ ਅੱਧ ਤੱਕ 9 ਲੱਖ 25 ਹਜ਼ਾਰ ਹੋਰ ਬਗੈਰ ਇੰਮੀਗ੍ਰੇਸ਼ਨ ਸਟੇਟਸ ਤੋਂ ਹੋਣਗੇ

ਦੂਜੇ ਪਾਸੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਨਾਜਾਇਜ਼ ਤਰੀਕੇ ਨਾਲ ਮੌਜੂਦ ਨੌਜਵਾਨਾਂ ਨੂੰ ਗੁਜ਼ਾਰਾ ਚਲਾਉਣ ਲਈ ਕੰਮ ਚਾਹੀਦਾ ਹੈ ਅਤੇ ਕਾਰੋਬਾਰੀ ਉਨ੍ਹਾਂ ਤੋਂ ਨਿਗੂਣੀਆਂ ਉਜਰਤ ਦਰਾਂ ’ਤੇ ਕੰਮ ਕਰਵਾਉਂਦਿਆਂ ਕੈਸ਼ ਅਦਾਇਗੀ ਦੀ ਸਹੂਲਤ ਦੇ ਰਹੇ ਹਨ। ਵਰਕ ਪਰਮਿਟ ਐਕਸਪਾਇਰ ਹੋਣ ਦੀ ਦਰ ’ਤੇ ਝਾਤ ਮਾਰੀ ਜਾਵੇ ਤਾਂ ਅਕਤੂਬਰ, ਨਵੰਬਰ ਅਤੇ ਦਸੰਬਰ ਦੌਰਾਨ 2 ਲੱਖ 90 ਹਜ਼ਾਰ ਵਰਕ ਪਰਮਿਟ ਖ਼ਤਮ ਹੋਏ ਅਤੇ ਨਵੇਂ ਵਰ੍ਹੇ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਅੰਕੜਾ 3 ਲੱਖ 15 ਹਜ਼ਾਰ ਦੇ ਨੇੜੇ-ਤੇੜੇ ਰਹਿ ਸਕਦਾ ਹੈ।

Tags:    

Similar News