ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਉਡਾਣਾਂ ਪ੍ਰਭਾਵਤ ਹੋਣ ਦਾ ਖਦਸ਼ਾ
ਵੈਨਕੂਵਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਜਦੋਂ ਜਹਾਜ਼ਾਂ ਵਾਸਤੇ ਫਿਊਲ ਪਹੁੰਚਾਉਣ ਵਾਲੇ ਕਾਮਿਆਂ ਨੇ ਹੜਤਾਲ ਦਾ ਨੋਟਿਸ ਜਾਰੀ ਕਰ ਦਿਤਾ।;
ਵੈਨਕੂਵਰ : ਵੈਨਕੂਵਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਤ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਜਦੋਂ ਜਹਾਜ਼ਾਂ ਵਾਸਤੇ ਫਿਊਲ ਪਹੁੰਚਾਉਣ ਵਾਲੇ ਕਾਮਿਆਂ ਨੇ ਹੜਤਾਲ ਦਾ ਨੋਟਿਸ ਜਾਰੀ ਕਰ ਦਿਤਾ। ਦੂਜੇ ਪਾਸੇ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਅਤੇ ਪ੍ਰਬੰਧਕਾਂ ਦਰਮਿਆਨ ਕੋਈ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ ਅਤੇ ਹੜਤਾਲ ਹੋਰ ਲੰਮੀ ਚੱਲ ਸਕਦੀ ਹੈ। ਇੰਟਰਨੈਸ਼ਨਲ ਲੌਂਗਸ਼ੋਰ ਐਂਡ ਵੇਅਰਹਾਊਸ ਯੂਨੀਅਨ ਲੋਕਲ 502 ਵੱਲੋਂ ਜਾਰੀ ਬਿਆਨ ਮੁਤਾਬਕ ਹੜਤਾਲ ਹੋਣ ਦੀ ਸੂਰਤ ਵਿਚ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਜਹਾਜ਼ਾਂ ਦੇ ਤੇਲ ਦੀ ਸਪਲਾਈ ਪ੍ਰਭਾਵਤ ਹੋ ਸਕਦੀ ਹੈ।
ਜਹਾਜ਼ਾਂ ਦਾ ਤੇਲ ਪਹੁੰਚਾਉਣ ਵਾਲੇ ਕਾਮਿਆਂ ਵੱਲੋਂ ਹੜਤਾਲ ਦਾ ਨੋਟਿਸ
ਯੂਨੀਅਨ ਦੇ ਪ੍ਰਧਾਨ ਰੌਬ ਐਸ਼ਟਨ ਨੇ ਕਿਹਾ ਕਿ ਸਾਰੇ ਰਾਹ ਬੰਦ ਹੋਣ ਤੋਂ ਬਾਅਦ ਹੀ ਹੜਤਾਲ ਦਾ ਨੋਟਿਸ ਦਿਤਾ ਗਿਆ ਹੈ ਕਿਉਂਕਿ ਇੰਪਲੌਇਰ, ਮੁਲਾਜ਼ਮਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮੁਲਾਜ਼ਮਾਂ ਦੀਆਂ ਮੰਗਾਂ ਵਿਚ ਤਨਖਾਹਾਂ, ਪੈਨਸ਼ਨ ਅਤੇ ਬਿਹਤਰ ਸੇਵਾ ਪੈਕੇਜ ਸ਼ਾਮਲ ਹਨ। ਐਸ਼ਟਨ ਨੇ ਕਿਹਾ ਕਿ ਵੈਨਕੂਵਰ ਸ਼ਹਿਰ ਵਿਚ ਰਹਿਣ ਲਈ ਘੱਟੋ ਘੱਟ 27 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਲਾਜ਼ਮੀ ਹੈ ਪਰ ਐਸ.ਜੀ.ਐਸ. ਕੈਨੇਡਾ ਢੁਕਵਾਂ ਮਿਹਨਤਾਨਾ ਦੇਣ ਨੂੰ ਤਿਆਰ ਨਹੀਂ। ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਮੁਲਾਜ਼ਮਾਂ ਨੂੰ ਦੋ-ਦੋ ਨੌਕਰੀਆਂ ਕਰਨੀਆਂ ਪੈ ਰਹੀਆਂ ਹਨ। ਐਸ਼ਟਨ ਨੇ ਉਮੀਦ ਜ਼ਾਹਰ ਕੀਤੀ ਕਿ ਇੰਪਲੌਇਰ ਜਲਦ ਹੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦਿੰਦਿਆਂ ਗੱਲਬਾਤ ਦੀ ਮੇਜ਼ ’ਤੇ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇੰਪਲੌਇਰ ਦੇ ਮੌਜੂਦਗੀ ਤੋਂ ਬਗੈਰ ਕੋਈ ਸਮਝੌਤਾ ਨਹੀਂ ਕੀਤੀ ਜਾਵੇਗਾ। ਫਿਲਹਾਲ ਹੜਤਾਲ ਦੇ ਨੋਟਿਸ ਬਾਰੇ ਐਸ.ਜੀ.ਐਸ. ਕੈਨੇਡਾ ਵੱਲੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ।