ਕੈਨੇਡਾ ਵਿਚ ਕਤਲ ਕੀਤੇ ਹਰਸ਼ਾਨਦੀਪ ਸਿੰਘ ਨੂੰ ਅੰਤਮ ਵਿਦਾਇਗੀ
ਐਡਮਿੰਟਨ ਵਿਖੇ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਨੌਜਵਾਨ ਹਰਸ਼ਾਨਦੀਪ ਸਿੰਘ ਨੂੰ ਐਤਵਾਰ ਨੂੰ ਅੰਤਮ ਵਿਦਾਇਗੀ ਦਿਤੀ ਗਈ।;
ਐਡਮਿੰਟਨ : ਐਡਮਿੰਟਨ ਵਿਖੇ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕੀਤੇ ਪੰਜਾਬੀ ਨੌਜਵਾਨ ਹਰਸ਼ਾਨਦੀਪ ਸਿੰਘ ਨੂੰ ਐਤਵਾਰ ਨੂੰ ਅੰਤਮ ਵਿਦਾਇਗੀ ਦਿਤੀ ਗਈ। ਹਰਸ਼ਾਨਦੀਪ ਸਿੰਘ ਦੇ ਦੋਸਤਾਂ ਅਤੇ ਭਾਈਚਾਰੇ ਦੇ ਮੈਂਬਰਾਂ ਤੋਂ ਇਲਾਵਾ ਐਡਮਿੰਟਨ ਪੁਲਿਸ, ਈ.ਐਮ.ਐਸ., ਐਲਬਰਟਾ ਪੀਸ ਔਫੀਸਰਜ਼ ਅਤੇ ਹੋਰਾਂ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਸ਼ਰਧਾਂਜਲੀ ਦੇਣ ਖਾਸ ਤੌਰ ’ਤੇ ਪੁੱਜੇ ਹੋਏ ਸਨ। ਅੰਬਾਲਾ ਜ਼ਿਲ੍ਹੇ ਵਿਚ ਆਉਂਦੇ ਪਿੰਡ ਮਟੇ੍ਹੜੀ ਜੱਟਾਂ ਨਾਲ ਸਬੰਧਤ ਹਰਸ਼ਾਨਦੀਪ ਸਿੰਘ ਨੇ ਬਹੁਤ ਹੀ ਸ਼ਰਮੀਲਾ ਵਿਦਿਆਰਥੀ ਸੀ ਅਤੇ ਨੌਰਕੁਐਸਟ ਕਾਲਜ ਵਿਚ ਪੜ੍ਹਾਈ ਖ਼ਤਮ ਹੋਣ ਮਗਰੋਂ ਕੈਨੇਡਾ ਵਿਚ ਸੁਨਹਿਰੀ ਭਵਿੱਖ ਦੇ ਸੁਪਨੇ ਦੇਖ ਰਿਹਾ ਸੀ।
ਐਡਮਿੰਟਨ ਪੁਲਿਸ ਅਤੇ ਹੋਰਨਾਂ ਸੁਰੱਖਿਆ ਏਜੰਸੀਆਂ ਦੇ ਅਫ਼ਸਰ ਵੀ ਪੁੱਜੇ
ਹਰਸ਼ਾਨਦੀਪ ਦੇ ਅਧਿਆਪਕ ਗੇਲ ਡੈਨਿਸ ਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿਚ ਉਹ ਬੋਲਣ ਤੋਂ ਬਹੁਤ ਝਿਜਕਦਾ ਪਰ ਸਮੇਂ ਦੇ ਨਾਲ ਨਾਲ ਗੱਲਬਾਤ ਕਰਨ ਵਿਚ ਸਹਿਜ ਹੋ ਗਿਆ। ਪੜ੍ਹਾਈ ਵਿਚ ਸੁਹਿਰਦ ਵਿਦਿਆਰਥੀਆਂ ਦੀ ਹਰ ਅਧਿਆਪਕ ਤਾਰੀਫ਼ ਕਰਨੀ ਚਾਹੁੰਦਾ ਹੈ। ਹਰਸ਼ਾਨਦੀਪ ਸਿੰਘ ਦੇ ਖਾਸ ਦੋਸਤ ਜੱਸ ਪਨੇਸਰ ਨੇ ਦੱਸਿਆ ਕਿ ਉਹ ਪੜ੍ਹਾਈ ਖ਼ਤਮ ਹੋਣ ਮਗਰੋਂ ਪੁਲਿਸ ਫੋਰਸ ਵਿਚ ਭਰਤੀ ਹੋਣ ਦੀ ਯੋਜਨਾ ਬਣਾ ਰਿਹਾ ਸੀ। ਇਥੇ ਦਸਣਾ ਬਣਦਾ ਹੈ ਕਿ ਐਡਮਿੰਟਨ ਦੇ ਡਾਊਨ ਟਾਊਨ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਿਆਂ ਉਸ ਨੂੰ ਸਿਰਫ਼ ਤਿੰਨ ਦਿਨ ਹੀ ਹੋਏ ਸਨ ਜਦੋਂ ਲੰਮੇ ਅਪਰਾਧਕ ਪਿਛੋਕੜ ਵਾਲੇ ਦੋ ਜਣਿਆਂ ਨੇ ਉਸ ਨੂੰ ਡਿਊਟੀ ਦੌਰਾਨ ਗੋਲੀ ਮਾਰ ਦਿਤੀ।