ਕੈਨੇਡਾ ਦੇ ਗੁਰਦਵਾਰਾ ਸਾਹਿਬ ਵਿਚ ਟਕਰਾਅ ਦਾ ਖਦਸ਼ਾ

ਵੈਨਕੂਵਰ ਦੇ ਗੁਰਦਵਾਰਾ ਸਾਹਿਬ ਵਿਚ ਟਕਰਾਅ ਦੇ ਖਦਸ਼ੇ ਨੂੰ ਵੇਖਦਿਆਂ ਬੀ.ਸੀ. ਦੀ ਸੁਪਰੀਮ ਕੋਰਟ ਵੱਲੋਂ ਰੌਸ ਸਟ੍ਰੀਟ ਗੁਰੂ ਘਰ ਨੂੰ ਬਫ਼ਰ ਜ਼ੋਨ ਐਲਾਨਿਆ ਗਿਆ ਹੈ।;

Update: 2024-11-02 11:05 GMT

ਵੈਨਕੂਵਰ : ਵੈਨਕੂਵਰ ਦੇ ਗੁਰਦਵਾਰਾ ਸਾਹਿਬ ਵਿਚ ਟਕਰਾਅ ਦੇ ਖਦਸ਼ੇ ਨੂੰ ਵੇਖਦਿਆਂ ਬੀ.ਸੀ. ਦੀ ਸੁਪਰੀਮ ਕੋਰਟ ਵੱਲੋਂ ਰੌਸ ਸਟ੍ਰੀਟ ਗੁਰੂ ਘਰ ਨੂੰ ਬਫ਼ਰ ਜ਼ੋਨ ਐਲਾਨਿਆ ਗਿਆ ਹੈ। ਗੁਰਦਵਾਰਾ ਸਾਹਿਬ ਵਿਚ 2 ਨਵੰਬਰ ਅਤੇ 16 ਨਵੰਬਰ ਨੂੰ ਪੈਨਸ਼ਨਰਾਂ ਵਾਸਤੇ ਲਾਈਫ ਸਰਟੀਫਿਕੇਟ ਕੈਂਪ ਲਾਏ ਜਾ ਰਹੇ ਹਨ ਅਤੇ ਇਥੇ ਭਾਰਤੀ ਕੌਂਸਲੇਟ ਅਧਿਕਾਰੀਆਂ ਅਤੇ ਸਿੱਖ ਵਿਖਾਵਾਕਾਰੀਆਂ ਦਰਮਿਆਨ ਟਕਰਾਅ ਨੂੰ ਟਾਲਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ। ਖਾਲਸਾ ਦੀਵਾਨ ਸੋਸਾਇਟੀ ਵੱਲੋਂ ਅਦਾਲਤ ਵਿਚ ਦਲੀਲ ਦਿਤੀ ਗਈ ਹੈ ਕਿ ਗੁਰਦਵਾਰਾ ਸਾਹਿਬਾਨ ਵਿਚ ਭਾਰਤੀ ਕੌਂਸਲੇਟ ਸਟਾਫ਼ ਦੀ ਮੌਜੂਦਗੀ ਦੇ ਮੱਦੇਨਜ਼ਰ ਤਣਾਅ ਬਹੁਤ ਜ਼ਿਆਦਾ ਵਧ ਸਕਦਾ ਹੈ।

ਅਦਾਲਤ ਨੇ ਵੈਨਕੂਵਰ ਦੇ ਗੁਰੂ ਘਰ ਨੂੰ ਬਫ਼ਰ ਜ਼ੋਨ ਐਲਾਨਿਆ

ਸੋਸਾਇਟੀ ਵੱਲੋਂ ਪਿਛਲੇ ਸਾਲ ਦੀ ਮਿਸਾਲ ਵੀ ਪੇਸ਼ ਕੀਤੀ ਗਈ ਜਦੋਂ ਇਸੇ ਕਿਸਮ ਦੇ ਲਾਈਫ਼ ਸਰਟੀਫਿਕੇਟ ਕੈਂਪ ਦੌਰਾਨ ਤਕਰੀਬਨ 100 ਮੁਜ਼ਾਹਰਾਕਾਰੀ ਪੁੱਜ ਗਏ ਅਤੇ ਦਾਖਲਾ ਗੇਟ ਬੰਦ ਕਰਨ ਦੇ ਯਤਨ ਕੀਤੇ। ਵੈਨਕੂਵਰ ਪੁਲਿਸ ਵੱਲੋਂ ਭਾਰਤੀ ਕੌਂਸਲੇਟ ਦੇ ਸਟਾਫ਼ ਨੂੰ ਗੁਰਦਵਾਰਾ ਸਾਹਿਬ ਵਿਚੋਂ ਸੁਰੱਖਿਅਤ ਬਾਹਰ ਕੱਢਣ ਲਈ ਖਾਸ ਯੋਜਨਾ ਅਪਣਾਈ ਗਈ ਅਤੇ ਸਟਾਫ਼ ਦੇ ਜਾਣ ਤੋਂ ਬਾਅਦ ਵੀ ਵਿਖਾਵਾਕਾਰੀਆਂ ਨੂੰ ਯਕੀਨ ਨਾ ਹੋਇਆ ਕਿ ਗੁਰਦਵਾਰਾ ਸਾਹਿਬ ਅੰਦਰ ਕੋਈ ਭਾਰਤੀ ਅਧਿਕਾਰੀ ਮੌਜੂਦ ਨਹੀਂ। ਇਸੇ ਦੌਰਾਨ ਵੈਨਕੂਵਰ ਪੁਲਿਸ ਦੇ ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਵਿਚ ਰਹਿੰਦਿਆਂ ਰੋਸ ਵਿਖਾਵਾ ਕਰਨ ਦਾ ਹਰ ਕਿਸੇ ਨੂੰ ਹੱਕ ਹੈ। ਪੁਲਿਸ ਦੇ ਐਮਰਜੰਸੀ ਤਿਆਰੀਆਂ ਬਾਰੇ ਦਸਤੇ ਵੱਲੋਂ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਅਧੀਨ ਕੰਮ ਕੀਤਾ ਜਾ ਰਿਹਾ ਹੈ ਤਾਂਕਿ ਕਿਸੇ ਕਿਸਮ ਦਾ ਇਕੱਠ ਜਾਂ ਰੋਸ ਵਿਖਾਵਾ ਹੋਣ ਦੀ ਸੂਰਤ ਵਿਚ ਲੋੜੀਂਦੇ ਕਦਮ ਉਠਾਏ ਜਾ ਸਕਣ। ਦੂਜੇ ਪਾਸੇ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਦੇ ਵਕੀਲ ਸਕੌਟ ਟਰਨਰ ਦਾ ਕਹਿਣਾ ਸੀ ਕਿ ਖਾਲਿਸਤਾਨ ਹਮਾਇਤੀਆਂ ਅਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਦਰਮਿਆਨ ਇਸ ਵੇਲੇ ਤਣਾਅ ਕਾਫੀ ਵਧਿਆ ਹੋਇਆ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਕੌਂਸਲਰ ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਕਰ ਦਿਤੀਆਂ ਜਾਣ। ਇਹ ਘਟਨਾਕ੍ਰਮ ਅਜਿਹੇ ਸਮੇਂ ਉਭਰ ਕੇ ਸਾਹਮਣੇ ਆਇਆ ਹੈ ਜਦੋਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਮੁੱਦੇ ’ਤੇ ਕੈਨੇਡਾ ਸਰਕਾਰ ਵੱਲੋਂ ਛੇ ਭਾਰਤੀ ਡਿਪਲੋਮੈਟਸ ਨੂੰ ਕੱਢ ਦਿਤਾ ਗਿਆ। ਕੈਨੇਡਾ ਸਰਕਾਰ ਦਾ ਦਾਅਵਾ ਹੈ ਕਿ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਉਤੇ ਹਮਲਿਆਂ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ਜਦਕਿ ਭਾਰਤ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਮੁਕੰਮਲ ਤੌਰ ’ਤੇ ਰੱਦ ਕਰਦੀ ਆਈ ਹੈ। ਖਾਲਸਾ ਦੀਵਾਨ ਸੋਸਾਇਟੀ ਦੇ ਪ੍ਰਬੰਧਾਂ ਅਧੀਨ ਚੱਲ ਰਿਹਾ ਵੈਨਕੂਵਰ ਦਾ ਰੌਸ ਸਟ੍ਰੀਟ ਗੁਰਦਵਾਰਾ ਬੀ.ਸੀ. ਦੇ ਸਭ ਤੋਂ ਵੱਡੇ ਗੁਰਦਵਾਰਾ ਸਾਹਿਬਾਨ ਵਿਚੋਂ ਇਕ ਹੈ। ਬੀ.ਸੀ. ਦੀ ਸੁਪਰੀਮ ਕੋਰਟ ਵੱਲੋਂ ਗੁਰਦਵਾਰਾ ਸਾਹਿਬ ਨੂੰ ਬਫ਼ਰ ਜ਼ੋਨ ਐਲਾਨੇ ਜਾਣ ਮਗਰੋਂ 60 ਮੀਟਰ ਦੇ ਘੇਰੇ ਵਿਚ ਕੋਈ ਇਕੱਠ ਨਹੀਂ ਕੀਤਾ ਜਾ ਸਕੇਗਾ। ਬਫ਼ਰ ਜ਼ੋਨ ਦੇ ਹੁਕਮ 2 ਨਵੰਬਰ ਨੂੰ ਸਵੇਰੇ ਸਾਢੇ ਅੱਠ ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਅਤੇ 16 ਨਵੰਬਰ ਨੂੰ ਸਵੇਰੇ ਸਾਢੇ ਅੱਠ ਵਜੇ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਲਾਗੂ ਰਹਿਣਗੇ। ਦੱਸ ਦੇਈਏ ਕਿ ਵੱਡੀ ਗਿਣਤੀ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਪੈਨਸ਼ਨ ਬੇਰੋਕ ਜਾਰੀ ਰੱਖਣ ਲਈ ਲਾਈਫ਼ ਸਰਟੀਫ਼ਿਕੇਟ ਦੀ ਜ਼ਰੂਰਤ ਪੈਂਦੀ ਹੈ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ 2 ਨਵੰਬਰ ਤੋਂ ਪਹਿਲੀ ਦਸੰਬਰ ਤੱਕ ਲਾਈਫ਼ ਸਰਟੀਫਿਕੇਟ ਕੈਂਪ ਲਾਏ ਜਾ ਰਹੇ ਹਨ।

Tags:    

Similar News