ਕੈਨੇਡਾ ਵਿਚ ਸੋਨੇ ਦੇ ਨਕਲੀ ਗਹਿਣਿਆਂ ਦਾ ਸਕੈਮ ਜ਼ੋਰਾਂ ’ਤੇ
ਕੈਨੇਡਾ ਵਿਚ ਨਕਲੀ ਸੋਨੇ ਦੇ ਗਹਿਣਿਆਂ ਦਾ ਸਕੈਮ ਵੱਡੇ ਪੱਧਰ ’ਤੇ ਸ਼ੁਰੂ ਹੁੰਦਾ ਮਹਿਸੂਸ ਹੋ ਰਿਹਾ ਹੈ।;
ਵੈਨਕੂਵਰ : ਕੈਨੇਡਾ ਵਿਚ ਨਕਲੀ ਸੋਨੇ ਦੇ ਗਹਿਣਿਆਂ ਦਾ ਸਕੈਮ ਵੱਡੇ ਪੱਧਰ ’ਤੇ ਸ਼ੁਰੂ ਹੁੰਦਾ ਮਹਿਸੂਸ ਹੋ ਰਿਹਾ ਹੈ। ਠੱਗ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਰਤੀ ਮੂਲ ਦੇ ਲੋਕ ਸਸਤਾ ਸੋਨਾ ਕਦੇ ਵੀ ਹੱਥੋਂ ਨਹੀਂ ਜਾਣ ਦਿੰਦੇ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਮਾਮੂਲੀ ਰਕਮ ਵੱਟੇ ਸੋਨੇ ਦੇ ਗਹਿਣਿਆਂ ਦਾ ਲਾਲਚ ਦਿਤਾ ਜਾ ਰਿਹਾ ਹੈ। ਬੀ.ਸੀ. ਦੇ ਕਈ ਇਲਾਕਿਆਂ ਵਿਚ ਅਜਿਹੀਆਂ ਠੱਗੀਆਂ ਸਾਹਮਣੇ ਆ ਚੁੱਕੀਆਂ ਹਨ। ਕੌਕੁਇਟਲੈਮ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਠੱਗਾਂ ਵੱਲੋਂ ਆਪਣੇ ਸ਼ਿਕਾਰ ਦੀ ਚੋਣ ਕਰਦਿਆਂ ਮਾਮੂਲੀ ਰਕਮ ਦੀ ਮੰਗ ਕੀਤੀ ਜਾਂਦੀ ਹੈ ਪਰ ਜਦੋਂ ਰਕਮ ਨਹੀਂ ਮਿਲਦੀ ਤਾਂ ਉਹ ਮਜਬੂਰੀ ਵਸ ਆਪਣੇ ਸੋਨੇ ਦੇ ਗਹਿਣੇ ਵੇਚਣ ਦਾ ਡਰਾਮਾ ਕਰਦੇ ਹਨ।
ਮਾਮੂਲੀ ਰਕਮ ਲਈ ਵੇਚੇ ਜਾ ਰਹੇ ਸੋਨੇ ਦੇ ਗਹਿਣੇ ਅਸਲ ਵਿਚ ਨਕਲੀ
ਇਹ ਗਹਿਣੇ ਬੇਹੱਦ ਸਸਤੇ ਭਾਅ ਮਿਲਣ ਦੀ ਗੱਲ ਸੁਣ ਕੇ ਸੂਝਵਾਨ ਲੋਕ ਵੀ ਠੱਗਾਂ ਦੇ ਜਾਲ ਵਿਚ ਫਸ ਜਾਂਦੇ ਹਨ। ਆਰ.ਸੀ.ਐਮ.ਪੀ. ਦੀ ਮੀਡੀਆ ਰਿਲੇਸ਼ਨਜ਼ ਅਫਸਰ ਅਲੈਕਸਾ ਹੌਜਿਨਜ਼ ਨੇ ਠੱਗਾਂ ਵੱਲੋਂ ਕਈ ਮੌਕਿਆਂ ’ਤੇ ਪੀੜਤਾਂ ਨੂੰ ਜਜ਼ਬਾਤੀ ਕਹਾਣੀਆਂ ਵੀ ਸੁਣਾਈਆਂ ਗਈਆਂ ਅਤੇ ਕੁਝ ਸੌ ਡਾਲਰਾਂ ਵੱਟੇ ਸੋਨੇ ਦੇ ਗਹਿਣੇ ਦੇ ਕੇ ਚਲੇ ਗਏ ਜੋ ਅਸਲੀ ਨਹੀਂ ਸਨ। ਇਕ ਮਾਮਲੇ ਵਿਚ ਪੀੜਤ ਨਾਲ 200 ਡਾਲਰ ਦੀ ਠੱਗੀ ਵੱਜੀ ਅਤੇ ਐਨੀ ਰਕਮ ਪਿੱਛੇ ਕੋਈ ਪੁਲਿਸ ਕੋਲ ਵੀ ਨਹੀਂ ਜਾਂਦਾ। ਕੌਕੁਇਟਲੈਮ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨਾਲ ਵੀ ਅਜਿਹੀ ਘਟਨਾ ਵਾਪਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ 604 945 1550 ’ਤੇ ਸੰਪਰਕ ਕਰੇ। ਅਲੈਕਸਾ ਹੌਜਿਨਜ਼ ਨੇ ਅੱਗੇ ਕਿਹਾ ਕਿ ਕੁਝ ਪੀੜਤ ਸ਼ਰਮ ਦੇ ਮਾਰੇ ਹੀ ਪੁਲਿਸ ਕੋਲ ਨਹੀਂ ਆਉਂਦੇ ਜਦਕਿ ਠੱਗਾਂ ਨੂੰ ਮੁੜ ਜਾਲ ਵਿਛਾਉਣ ਦਾ ਮੌਕਾ ਮਿਲ ਜਾਂਦਾ ਹੈ। ਸਹੀ ਅਤੇ ਸਮੇਂ ਸਿਰ ਮੁਹੱਈਆ ਕਰਵਾਈ ਜਾਣਕਾਰੀ ਹੋਰਨਾਂ ਲੋਕਾਂ ਨੂੰ ਠੱਗਾਂ ਦੇ ਜਾਲ ਵਿਚ ਫਸਣ ਤੋਂ ਬਚਾ ਸਕਦੀ ਹੈ।