ਕੈਨੇਡੀਅਨ ਸਿਆਸਤ ਵਿਚ ਵੱਡਾ ਧਮਾਕਾ ਹੋਣ ਦੇ ਆਸਾਰ

ਕੈਨੇਡੀਅਨ ਸਿਆਸਤ ਵਿਚ ਵੱਡਾ ਧਮਾਕਾ ਹੋਣ ਦੇ ਆਸਾਰ ਹਨ ਅਤੇ ਐਨ.ਡੀ.ਪੀ. ਦੇ ਕਈ ਐਮ.ਪੀਜ਼ ਪਾਲਾ ਬਦਲ ਕੇ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ।

Update: 2025-05-10 10:39 GMT

ਔਟਵਾ : ਕੈਨੇਡੀਅਨ ਸਿਆਸਤ ਵਿਚ ਵੱਡਾ ਧਮਾਕਾ ਹੋਣ ਦੇ ਆਸਾਰ ਹਨ ਅਤੇ ਐਨ.ਡੀ.ਪੀ. ਦੇ ਕਈ ਐਮ.ਪੀਜ਼ ਪਾਲਾ ਬਦਲ ਕੇ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਜੀ ਹਾਂ, ਐਨ.ਡੀ.ਪੀ. ਦੇ ਅੰਤਰਮ ਆਗੂ ਡੌਨ ਡੇਵੀਜ਼ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਾਰਲੀਮੈਂਟ ਮੈਂਬਰਾਂ ਨੂੰ ਲਿਬਰਲ ਪਾਰਟੀ ਵੱਲੋਂ ਲਗਾਤਾਰ ਫੋਨ ਕਾਲਜ਼ ਆ ਰਹੀਆਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮੰਗਲਵਾਰ ਨੂੰ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਗਵਰਨਰ ਜਨਰਲ ਮੈਰੀ ਸਾਈਮਨ 13 ਮਈ ਨੂੰ ਸਵੇਰੇ 10.30 ਵਜੇ ਨਵੀਂ ਕੈਬਨਿਟ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕਰਨਗੇ। ਮੰਤਰੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਹੋ ਸਕਦੀ ਹੈ ਅਤੇ ਵੱਖ ਵੱਖ ਮੰਤਰਾਲਿਆਂ ਵਿਚ ਰਾਜ ਮੰਤਰੀ ਵੀ ਬਣਾਏ ਜਾ ਸਕਦੇ ਹਨ।

ਲਿਬਰਲ ਪਾਰਟੀ ਵਿਚ ਜਾ ਸਕਦੇ ਨੇ ਐਨ.ਡੀ.ਪੀ. ਦੇ ਐਮ.ਪੀ.

ਇਸੇ ਦੌਰਾਨ ਸੀ.ਬੀ.ਸੀ. ਦੀ ਇਕ ਰਿਪੋਰਟ ਕਹਿੰਦੀ ਹੈ ਕਿ ਮਾਰਕ ਕਾਰਨੀ ਪ੍ਰਮੁੱਖ ਮੰਤਰੀਆਂ ਦੀ ਗਿਣਤੀ ਘੱਟ ਤੋਂ ਘੱਟ ਰੱਖਣਾ ਚਾਹੁੰਦੇ ਹਨ। ਜਸਟਿਨ ਟਰੂਡੋ ਦੀ ਕੈਬਨਿਟ ਵਿਚ 40 ਮੰਤਰੀ ਸਨ ਜਦਕਿ ਮਾਰਕ ਕਾਰਨੀ 24 ਮੰਤਰੀਆਂ ਨੂੰ ਤਰਜੀਹ ਦੇਣਾ ਚਾਹੁਣਗੇ। ਇਸ ਦੇ ਨਾਲ ਹੀ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇਣਾ ਵੀ ਪ੍ਰਧਾਨ ਮੰਤਰੀ ਦੀ ਤਰਜੀਹ ਦੱਸੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਐਮ.ਪੀਜ਼ ਨੂੰ 2 ਲੱਖ 10 ਹਜ਼ਾਰ ਡਾਲਰ ਸਾਲਾਨਾ ਤਨਖਾਹ ਮਿਲਦੀ ਹੈ ਅਤੇ ਮੰਤਰੀ ਬਣਾਏ ਜਾਣ ’ਤੇ ਇਕ ਲੱਖ ਡਾਲਰ ਦਾ ਵਾਧਾ ਹੋ ਜਾਂਦਾ ਹੈ। ਪਾਰਲੀਮਾਨੀ ਸਕੱਤਰਾਂ ਨੂੰ 74,700 ਡਾਲਰ ਵਾਧੂ ਮਿਹਨਤਾਨਾ ਮਿਲਦਾ ਹੈ ਜਦਕਿ ਪ੍ਰਧਾਨ ਮੰਤਰੀ ਦੀ ਤਨਖਾਹ ਇਕ ਐਮ.ਪੀ ਤੋਂ ਦੁੱਗਣੀ ਹੁੰਦੀ ਹੈ। ਹਾਊਸ ਆਫ਼ ਕਾਮਨਜ਼ ਦਾ ਇਜਲਾਸ 26 ਮਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਵਾਰ ਕਿੰਗ ਚਾਰਲਸ ਖੁਦ ਸੰਸਦ ਵਿਚ ਭਾਸ਼ਣ ਦੇਣਗੇ।

ਮਾਰਕ ਕਾਰਨ ਮੰਗਲਵਾਰ ਨੂੰ ਕਰਨਗੇ ਨਵੇਂ ਮੰਤਰੀਆਂ ਦਾ ਐਲਾਨ

ਉਧਰ ਐਨ.ਡੀ.ਪੀ. ਦੇ ਅੰਤਰਮ ਆਗੂ ਡੌਨ ਡੇਵੀਜ਼ ਨੇ ਕਿਹਾ ਕਿ ਕੁਝ ਫੋਨ ਕਾਲਜ਼ ਲਿਬਰਲ ਪਾਰਟੀ ਵੱਲੋਂ ਹੀ ਆਈਆਂ ਜਦਕਿ ਕੁਝ ਫੋਨ ਕਾਲਜ਼ ਲਿਬਰਲ ਪਾਰਟੀ ਦੇ ਵਫ਼ਾਦਾਰਾਂ ਵੱਲੋਂ ਆਉਂਦੀਆਂ ਮਹਿਸੂਸ ਵੀ ਹੋਈਆਂ। ਡੌਨ ਡੇਵੀਜ਼ ਨੇ ਪੂਰੇ ਯਕੀਨ ਨਾਲ ਕਿਹਾ ਕਿ ਉਨ੍ਹਾਂ ਦਾ ਕੋਈ ਐਮ.ਪੀ. ਪਾਰਟੀ ਛੱਡ ਕੇ ਨਹੀਂ ਜਾਵੇਗਾ। ਸਿਆਸਤ ਦੇ ਜਾਣਕਾਰਾਂ ਨੂੰ ਡੌਨ ਡੇਵੀਜ਼ ਦਾ ਹੱਣ ਤੋਂ ਜ਼ਿਆਦਾ ਯਕੀਨ ਹਜ਼ਮ ਨਹੀਂ ਹੋ ਰਿਹਾ। ਦੂਜੇ ਪਾਸੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਨ.ਡੀ.ਪੀ. ਨਾਲ ਕਿਸੇ ਸਮਝੌਤੇ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਨਾਂਹ ਕਰ ਚੁੱਕੇ ਹਨ। ਚੋਣਾਂ ਵਿਚ ਜਿੱਤ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਬਿਨਾਂ ਸ਼ੱਕ ਸੰਸਦ ਵਿਚ ਕੋਈ ਕਾਨੂੰਨ ਜਾਂ ਬਿਲ ਪਾਸ ਕਰਨ ਵਾਸਤੇ ਬਹੁਮਤ ਦੀ ਜ਼ਰੂਰਤ ਹੋਵੇਗੀ ਪਰ ਲਿਬਰਲ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਦੇ ਮੁਤਾਬਕ ਹੀ ਕੋਈ ਸੰਸਦ ਵਿਚ ਲੈ ਕੇ ਆਵੇਗੀ ਜੋ ਸਮੇਂ ਦੀ ਜ਼ਰੂਰਤਾਂ ਪੂਰੀਆਂ ਕਰਦਾ ਹੋਵੇ। ਦੱਸ ਦੇਈਏ ਕਿ ਲਿਬਰਲ ਪਾਰਟੀ ਕੋਲ ਇਸ ਵੇਲੇ 169 ਸੀਟਾਂ ਹਨ ਪਰ ਵੋਟਾਂ ਦੀ ਮੁੜ ਗਿਣਤੀ ਦੇ ਮੱਦੇਨਜ਼ਰ ਇਹ ਅੰਕੜਾ ਫ਼ਿਲਹਾਲ ਪੱਕਾ ਨਹੀਂ ਮੰਨਿਆ ਜਾ ਸਕਦਾ।

Tags:    

Similar News