Sikh ਵਿਰਾਸਤੀ ਮਹੀਨੇ ਮੌਕੇ Canada ਦੇ ਵੱਖ-ਵੱਖ ਸ਼ਹਿਰਾਂ ਵਿਚ ਸਮਾਗਮ
ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨਾ ਮਨਾਉਂਦਿਆਂ ਵੱਖ-ਵੱਖ ਸ਼ਹਿਰਾਂ ਵਿਚ ਸਮਾਗਮ ਕਰਵਾਏ ਗਏ ਅਤੇ ਸਿਆਸੀ ਆਗੂਆਂ ਸਣੇ ਪੁਲਿਸ ਮਹਿਕਮਿਆਂ ਨੇ ਸਿੱਖ ਭਾਈਚਾਰੇ ਨੂੰ ਵਧਾਈ ਸੁਨੇਹੇ ਭੇਜੇ
ਟੋਰਾਂਟੋ : ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨਾ ਮਨਾਉਂਦਿਆਂ ਵੱਖ-ਵੱਖ ਸ਼ਹਿਰਾਂ ਵਿਚ ਸਮਾਗਮ ਕਰਵਾਏ ਗਏ ਅਤੇ ਸਿਆਸੀ ਆਗੂਆਂ ਸਣੇ ਪੁਲਿਸ ਮਹਿਕਮਿਆਂ ਨੇ ਸਿੱਖ ਭਾਈਚਾਰੇ ਨੂੰ ਵਧਾਈ ਸੁਨੇਹੇ ਭੇਜੇ। ਉਨਟਾਰੀਓ ਦੇ ਓਕਵਿਲ ਸ਼ਹਿਰ ਵਿਚ ਟਾਊਨ ਹਾਲ ਦੇ ਬਾਹਰ ਖ਼ਾਲਸਾਈ ਝੰਡਾ ਝੁਲਾਉਣ ਦੀ ਰਸਮ ਦੌਰਾਨ ਐਕਟਿੰਗ ਮੇਅਰ ਨਵ ਨੰਦਾ, ਐਮ.ਪੀ. ਸੀਮਾ ਐਕਨ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਰਹੀਆਂ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿਚ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਮਨਦੀਪ ਧਾਲੀਵਾਲ ਨੇ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 1699 ਦੀ ਵਿਸਾਖੀ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਦੀ ਸਾਜਨਾ ਸਾਨੂੰ ਸਭਨਾਂ ਨੂੰ ਇਨਸਾਫ਼ ਲਈ ਡਟਣ ਅਤੇ ਸੇਵਾ ਲਈ ਤਤਪਰ ਰਹਿਣ ਦਾ ਸੱਦਾ ਦਿੰਦਾ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਇਨ੍ਹਾਂ ਸਿਧਾਂਤਾਂ ਦਾ ਸਿਰਫ਼ ਜ਼ਿਕਰ ਨਹੀਂ ਹੁੰਦਾ ਸਗੋਂ ਰੋਜ਼ਾਨਾ ਜ਼ਿੰਦਗੀ ਵਿਚ ਲਾਗੂ ਕੀਤਾ ਜਾਂਦਾ ਹੈ।
ਓਕਵਿਲ ਟਾਊਨ ਹਾਲ ਦੇ ਬਾਹਰ ਖਾਲਸਾਈ ਝੰਡਾ ਝੁਲਾਇਆ
ਵੈਨਕੂਵਰ ਵਿਖੇ 11 ਅਪ੍ਰੈਲ ਅਤੇ ਸਰੀ ਵਿਖੇ 18 ਅਪ੍ਰੈਲ ਨੂੰ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ ਲੱਖਾਂ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਦਾ ਸਬੱਬ ਬਣਨਗੇ। ਆਓ ਇਨ੍ਹਾਂ ਰੂਹਾਨੀ ਇਕੱਠਾਂ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕਰੀਏ। ਇਸੇ ਦੌਰਾਨ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਸਿੱਖ ਵਿਰਾਸਤੀ ਮਹੀਨਾ ਆਰੰਭ ਹੋਣ ’ਤੇ ਭਾਈਚਾਰੇ ਨੂੰ ਵਧਾਈ ਦਿਤੀ ਗਈ। ਕੌਂਸਲੇਟ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਭਾਰਤ ਅਤੇ ਕੈਨੇਡਾ ਦੋਹਾਂ ਮੁਲਕਾਂਵਿਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਪ੍ਰਮਾਤਮਾ ਕੌਮ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ। ਵਾਟਰਲੂ ਰੀਜਨਲ ਪੁਲਿਸ ਨੇ ਵਧਾਈ ਸੁਨੇਹੇ ਵਿਚ ਕਿਹਾ ਕਿ ਇਲਾਕੇ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਲੰਡਨ ਪੁਲਿਸ ਨੇ ਕਿਹਾ ਕਿ ਸਿੱਖ ਵਿਰਾਸਤੀ ਮਹੀਨਾ ਬਰਾਬਰੀ ਅਤੇ ਨਿਸ਼ਕਾਮ ਸੇਵਾ ਦੇ ਜਜ਼ਬੇ ਨੂੰ ਹੋਰ ਉਭਾਰ ਕੇ ਪੇਸ਼ ਕਰੇਗਾ ਅਤੇ ਇਸ ਦੇ ਅਮੀਰ ਵਿਰਸੇ, ਸਭਿਆਚਾਰ ਅਤੇ ਕੈਨੇਡੀਅਨ ਸਿੱਖਾਂ ਦੇ ਯੋਗਦਾਨ ਦੀ ਯਾਦ ਵੀ ਦਿਵਾਏਗਾ। ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਟਿਮ ਉਪਲ ਨੇ ਆਪਣੇ ਵਧਾਈ ਸੁਨੇਹੇ ਵਿਚ ਕਿਹਾ ਕਿ ਕੈਨੇਡਾ ਵਿਚ ਸਿੱਖਾਂ ਦਾ ਇਤਿਹਾਸ 125 ਸਾਲ ਤੋਂ ਵੱਧ ਪੁਰਾਣਾ ਹੈ ਜਿਨ੍ਹਾਂ ਦੀਆਂ ਪੁਸ਼ਤਾਂ ਨੇ ਮੁਲਕ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਅਤੇ ਭਵਿੱਖ ਵਿਚ ਵੀ ਪਾਉਂਦੇ ਰਹਿਣਗੇ।