Canada ਦੇ Gurdwara ਸਾਹਿਬ ’ਚ ਖੜਕਾ-ਦੜਕਾ

ਕੈਨੇਡਾ ਦੇ ਇਕ ਗੁਰਦਵਾਰਾ ਸਾਹਿਬ ਵਿਚ ਦੋ ਧਿਰਾਂ ਵਿਚਾਲੇ ਝੜਪ ਨਾਲ ਸਬੰਧਤ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਪੁਲਿਸ ਮੁਲਾਜ਼ਮਾਂ ਨੂੰ ਦਖ਼ਲ ਦਿੰਦਿਆਂ ਵੀ ਦੇਖਿਆ ਜਾ ਸਕਦਾ ਹੈ

Update: 2026-04-02 12:26 GMT

ਸਰੀ : ਕੈਨੇਡਾ ਦੇ ਇਕ ਗੁਰਦਵਾਰਾ ਸਾਹਿਬ ਵਿਚ ਦੋ ਧਿਰਾਂ ਵਿਚਾਲੇ ਝੜਪ ਨਾਲ ਸਬੰਧਤ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਪੁਲਿਸ ਮੁਲਾਜ਼ਮਾਂ ਨੂੰ ਦਖ਼ਲ ਦਿੰਦਿਆਂ ਵੀ ਦੇਖਿਆ ਜਾ ਸਕਦਾ ਹੈ। ਸਰੀ ਸ਼ਹਿਰ ਦੇ ਗੁਰਦਵਾਰਾ ਸਾਹਿਬ ਵਿਚ ਵਾਪਰੀ ਘਟਨਾ ਦੌਰਾਨ ਬਜ਼ੁਰਗ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ ਜਦੋਂ ਖ਼ਾਲਿਸਤਾਨ ਹਮਾਇਤੀਆਂ ਨੇ ਕਥਿਤ ਤੌਰ ’ਤੇ ਬੈਨਰ ਲਾਉਣੇ ਸ਼ੁਰੂ ਕਰ ਦਿਤੇ। ਬਜ਼ੁਰਗਾਂ ਨੇ ਇਤਰਾਜ਼ ਕੀਤਾ ਤਾਂ ਤਲਖ਼ ਕਲਾਮੀ ਆਰੰਭ ਹੋ ਗਈ। ਮਾਮਲਾ ਐਨਾ ਵਧ ਗਿਆ ਕਿ ਮੀਟਿੰਗ ਵਿਚ ਮੌਜੂਦ ਹਰ ਸ਼ਖਸ ਕੁਰਸੀ ਤੋਂ ਉਠ ਕੇ ਮਾਮਲਾ ਸ਼ਾਂਤ ਕਰਨ ਦੇ ਯਤਨ ਕਰਨ ਲੱਗਾ। ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਘਟਨਾ ਦੌਰਾਨ ਧੱਕਾ-ਮੁੱਕੀ ਹੋਈ ਪਰ ਵੀਡੀਓ ਵਿਚ ਅਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ। ਮੀਡੀਆ ਰਿਪੋਰਟ ਮੁਤਾਬਕ ਬਜ਼ੁਰਗ ਕਮੇਟੀ ਦੇ ਮੈਂਬਰ ਦੋਸ਼ ਲਾਉਂਦੇ ਹਨ ਕਿ ਖਾਲਿਸਤਾਨ ਹਮਾਇਤੀਆਂ ਨੇ 7 ਸਾਲ ਤੋਂ ਗੁਰਦਵਾਰਾ ਸਾਹਿਬ ਉਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਹੁਣ ਬਜ਼ੁਰਗਾਂ ’ਤੇ ਹਮਲਾ ਕਰ ਰਹੇ ਹਨ। ਦੂਜੇ ਪਾਸੇ ਬਜ਼ੁਰਗਾਂ ’ਤੇ ਭਾਰਤੀ ਏਜੰਟ ਹੋਣ ਅਤੇ ਪੈਸੇ ਲੈ ਕੇ ਗੁਰਦਵਾਰਾ ਸਾਹਿਬ ਅੰਦਰ ਦਾਖਲ ਹੋਣ ਦੇ ਦੋਸ਼ ਲਗਦੇ ਹਨ। ਵੀਡੀਓ ਵਿਚ ਪੁਲਿਸ ਮੁਲਾਜ਼ਮ ਵੀ ਨਜ਼ਰ ਆਉਂਦੇ ਹਨ ਅਤੇ ਬਜ਼ੁਰਗ ਕਮੇਟੀ ਦੇ ਮੈਂਬਰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪੁਲਿਸ ਆ ਗਈ ਹੁਣ ਦੇਖੋ।

ਸਰੀ ਪੁਲਿਸ ਨੂੰ ਦੇਣਾ ਪਿਆ ਦਖ਼ਲ

ਇਸ ਦੇ ਉਲਟ ਦੂਜੀ ਧਿਰ ਗੁਰਦਵਾਰਾ ਸਾਹਿਬ ਵਿਚ ਦਾਖਲ ਹੋ ਕੇ ਹਿੰਸਾ ਫੈਲਾਉਣ ਦਾ ਦੋਸ਼ ਲਾਉਂਦੀ ਸੁਣੀ ਜਾ ਸਕਦੀ ਹੈ। ਦੱਸ ਦੇਈਏ ਕਿ ਹਰਦੀਪ ਸਿੰਘ ਨਿੱਜਰ ਇਸੇ ਗੁਰਦਵਾਰਾ ਸਾਹਿਬ ਦਾ ਪ੍ਰਧਾਨ ਸੀ ਅਤੇ ਗੁਰਦਵਾਰਾ ਸਾਹਿਬ ਦੀ ਪਾਰਕਿੰਗ ਵਿਚੋਂ ਬਾਹਰ ਜਾਣ ਵੇਲੇ ਉਸ ਦਾ ਕਤਲ ਕੀਤਾ ਗਿਆ। ਗੁਰਦਵਾਰਾ ਸਾਹਿਬ ਵਿਚ ਇਕੱਠ ਦੌਰਾਨ ਪੁਲਿਸ ਦੀ ਮੌਜੂਦਗੀ ਤੋਂ ਸਾਫ਼ ਪਤਾ ਲਗਦਾ ਹੈ ਕਿ ਖੜਕਾ-ਦੜਕਾ ਹੋਣ ਦਾ ਖਦਸ਼ਾ ਪਹਿਲਾਂ ਤੋਂ ਸੀ ਜਿਸ ਦੇ ਮੱਦੇਨਜ਼ਰ ਪੁਲਿਸ ਸੱਦੀ ਗਈ। ਹਾਲਾਂਕਿ ਦੋਹਾਂ ਧਿਰਾਂ ਨੇ ਬਾਅਦ ਵਿਚ ਮਾਮਲਾ ਸੁਲਝਾ ਲਿਆ ਪਰ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿਚ ਵਾਪਰਿਆ ਘਟਨਾਕ੍ਰਮ ਸਿੱਖ ਸੰਗਤ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ। ਕੈਨੇਡਾ ਵਿਚ ਐਥਨਿਕ ਮੀਡੀਆ ਨਾਲ ਸਬੰਧਤ ਕੁਝ ਧਿਰਾਂ ਨੇ ਪੇਡ ਇੰਡੀਅਨ ਗੁੰਡੇ ਲਫ਼ਜ਼ ਦੀ ਵਰਤੋਂ ਕੀਤੀ ਪਰ ਸਪੱਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਕਿਹੜੀ ਧਿਰ ਵਾਸਤੇ ਇਹ ਸ਼ਬਦ ਵਰਤੇ ਗਏ। ਕੈਨੇਡਾ ਵਸਦੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਗੁਰਦਵਾਰਾ ਸਾਹਿਬਾਨ ਵਿਚ ਅਜਿਹੀਆਂ ਘਟਨਾਵਾਂ ਰੋਕਣ ਵਾਸਤੇ ਠੋਸ ਉਪਰਾਲੇ ਕੀਤੇ ਜਾਣ ਦੀ ਜ਼ਰੂਰਤ ਹੈ।

ਹਰਦੀਪ ਸਿੰਘ ਨਿੱਜਰ ਨਾਲ ਸਬੰਧਤ ਹੈ ਗੁਰੂ ਘਰ

ਤੂੰ-ਤੂੰ-ਮੈਂ-ਮੈਂ ਦੌਰਾਨ ਕੁਝ ਲੋਕ ਇਹ ਕਹਿੰਦੇ ਵੀ ਸੁਣੇ ਗਏ ਕਿ ਇਕ ਧਿਰ ਨੇ ਗੁਰਦਵਾਰ ਸਾਹਿਬ ਉਤੇ 7 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ। ਬਜ਼ੁਰਗ ਕਮੇਟੀ ਵਾਲਿਆਂ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਸਾਡਾ ਗੁਰਦਵਾਰਾ ਸਾਹਿਬ ਹੈ, ਤੁਸੀਂ ਕੌਣ ਹੋ ਜਦਕਿ ਦੂਜੀ ਧਿਰ ਸਵਾਲ ਉਠਾਉਂਦੀ ਹੈ ਕਿ ਤੁਸੀਂ ਕੌਣ ਹੋ, ਗੁਰਦਵਾਰਾ ਸਾਹਿਬ ਤੋਂ ਬਾਹਰ ਨਿਕਲੋ। ਦੋਹਾਂ ਧਿਰਾਂ ਨਾਲ ਸਬੰਧਤ ਲੋਕਾਂ ਨੇ ਘਟਨਾ ਨੂੰ ਆਪੋ ਆਪਣੇ ਤਰੀਕੇ ਨਾਲ ਪੇਸ਼ ਕੀਤਾ ਪਰ ਗੁਰਦਵਾਰਾ ਸਾਹਿਬ ਦੀ ਮਰਿਆਦਾ ਦਾ ਖ਼ਿਆਲ ਕੋਈ ਵੀ ਨਾ ਰੱਖ ਸਕਿਆ। ਚੇਤੇ ਰਹੇ ਕਿ ਪਿਛਲੇ ਸਾਲ ਅਪ੍ਰੈਲ ਵਿਚ ਸਰੀ ਦੇ ਹੀ ਇਕ ਗੁਰਦਵਾਰਾ ਸਾਹਿਬ ਦੀ ਵੀਡੀਓ ਸਾਹਮਣੇ ਆਈ ਜਿਸ ਵਿਚ ਗੋਲਕ ਦੀ ਮਾਇਆ ਗਿਣਨ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ਨੂੰ ਘੇਰਿਆ। ਉਚੀ ਆਵਾਜ਼ ਵਿਚ ਬੋਲ ਰਹੇ ਸ਼ਖਸ ਨੂੰ ਕੁਝ ਲੋਕ ਸ਼ਾਂਤ ਕਰਨ ਦਾ ਯਤਨ ਕਰਦੇ ਹਨ ਪਰ ਇਸੇ ਦੌਰਾਨ ਉਹ ਗੋਲੀਆਂ ਚਲਾਉਣ ਦੀ ਧਮਕੀ ਦੇਣ ਵਾਲਿਆਂ ਦਾ ਜ਼ਿਕਰ ਕਰਦਾ ਸੁਣਿਆ ਜਾ ਸਕਦਾ ਹੈ।

Tags:    

Similar News