ਉਨਟਾਰੀਓ ਵਿਚ 1 ਨਵਬੰਰ ਤੋਂ ਮਹਿੰਗੀ ਹੋ ਰਹੀ ਬਿਜਲੀ
ਉਨਟਾਰੀਓ ਵਿਚ 1 ਨਵੰਬਰ ਤੋਂ ਬਿਜਲੀ ਮਹਿੰਗੀ ਹੋ ਰਹੀ ਹੈ ਅਤੇ ਖਪਤਕਾਰਾਂ ਨੂੰ ਤਕਰੀਬਨ 25 ਫੀ ਸਦੀ ਤੱਕ ਵੱਧ ਬਿਲ ਅਦਾ ਕਰਨ ਵਾਸਤੇ ਤਿਆਰ ਬਰ ਤਿਆਰ ਰਹਿਣਾ ਹੋਵੇਗਾ
ਟੋਰਾਂਟੋ : ਉਨਟਾਰੀਓ ਵਿਚ 1 ਨਵੰਬਰ ਤੋਂ ਬਿਜਲੀ ਮਹਿੰਗੀ ਹੋ ਰਹੀ ਹੈ ਅਤੇ ਖਪਤਕਾਰਾਂ ਨੂੰ ਤਕਰੀਬਨ 25 ਫੀ ਸਦੀ ਤੱਕ ਵੱਧ ਬਿਲ ਅਦਾ ਕਰਨ ਵਾਸਤੇ ਤਿਆਰ ਬਰ ਤਿਆਰ ਰਹਿਣਾ ਹੋਵੇਗਾ। ਪੀਕ ਸਮੇਂ ਦੌਰਾਨ 20.3 ਸੈਂਟ ਕਿਲੋਵਾਟ/ਆਵਰ ਦੇ ਹਿਸਾਬ ਨਾਲ ਅਦਾਇਗੀ ਕਰਨੀ ਹੋਵੇਗੀ ਜਦਕਿ 31 ਅਕਤੂਬਰ ਤੱਕ ਪੀਕ ਸਮੇਂ ਦੌਰਾਨ ਬਿਜਲੀ ਦਰ 15.8 ਸੈਂਟ ਕਿਲੋਵਾਟ/ਆਵਰ ਹੀ ਰਹੇਗੀ।
ਲੋਕਾਂ ਦੀ ਜੇਬ ਉਤੇ ਵਧੇਗਾ ਬੋਝ
ਸਿਰਫ਼ ਐਨਾ ਹੀ ਨਹੀਂ, 1 ਨਵੰਬਰ ਤੋਂ ਔਨ ਪੀਕ, ਮਿਡ ਪੀਕ ਅਤੇ ਔਫ਼ ਪੀਕ ਸਮੇਂ ਵਿਚ ਵੀ ਤਬਦੀਲੀ ਹੋ ਰਹੀ ਹੈ। ਨਵੀਆਂ ਦਰਾਂ ਮੁਤਾਬਕ ਬਿਜਲੀ ਦੀ ਦਰਮਿਆਨੀ ਖਪਤ ਵਾਲੇ ਸਮੇਂ ਦੌਰਾਨ 15.7 ਸੈਂਟ ਕਿਲੋਵਾਟ/ਆਵਰ ਦੇ ਹਿਸਾਬ ਨਾਲ ਬਿਲ ਵਸੂਲਿਆ ਜਾਵੇਗਾ ਜਦਕਿ ਘੱਟ ਖਪਤ ਵਾਲੇ ਸਮੇਂ ਦੌਰਾਨ ਬਿਜਲੀ ਵਰਤਣ ’ਤੇ 9.8 ਸੈਂਟ ਕਿਲੋਵਾਟ/ਆਵਰ ਦੇ ਹਿਸਾਬ ਨਾਲ ਬਿਲ ਜੁੜਦਾ ਜਾਵੇਗਾ। ਇਸ ਵੇਲੇ ਮਿਡ ਪੀਕ ਦਰ 12.2 ਸੈਂਟ ਕਿਲੋਵਾਟ/ਆਵਰ ਚੱਲ ਰਹੀ ਹੈ ਅਤੇ ਔਫ਼ ਪੀਕ ਦਰ 7.6 ਸੈਂਟ ਕਿਲੋਵਾਟ/ਆਵਰ ਦੇ ਹਿਸਾਬ ਨਾਲ ਬਿਲ ਵਸੂਲ ਕੀਤੇ ਜਾ ਰਹੇ ਹਨ।
ਪੀਕ ਸਮੇਂ ਦੌਰਾਨ 20.3 ਸੈਂਟ ਕਿਲੋਵਾਟ/ਆਵਰ ਦੇਣੇ ਹੋਣਗੇ
1 ਨਵੰਬਰ ਤੋਂ 30 ਅਪ੍ਰੈਲ ਤੱਕ ਸਿਆਲ ਦੇ ਹਿਸਾਬ ਨਾਲ ਬਿਜਲੀ ਦੀ ਸਭ ਤੋਂ ਵੱਧ ਖਪਤ ਵਾਲਾ ਸਮਾਂ ਯਾਨੀ ਔਨ ਪੀਕ ਸਵੇਰੇ 7 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮੰਨਿਆ ਜਾਂਦਾ ਹੈ ਜਦਕਿ ਦਰਮਿਆਨੀ ਖਪਤ ਵਾਲਾ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਮੰਨਿਆ ਜਾਂਦਾ ਹੈ।