ਕੈਨੇਡਾ ਵਿਚ ਸਿਰਜਿਆ ਗਿਆ ਚੋਣ ਇਤਿਹਾਸ
ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਮੁਸ਼ਕਲਾਂ ਮੁੜ ਵਧ ਗਈਆਂ ਜਦੋਂ ਐਲਬਰਟਾ ਦੇ ਬੈਟਲ ਰਿਵਰ-ਕ੍ਰੋਅਫੂਟ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਉਮੀਦਵਾਰਾਂ ਦੀ ਗਿਣਤੀ 100 ਤੋਂ ਟੱਪ ਗਈ।
ਕੈਲਗਰੀ : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਮੁਸ਼ਕਲਾਂ ਮੁੜ ਵਧ ਗਈਆਂ ਜਦੋਂ ਐਲਬਰਟਾ ਦੇ ਬੈਟਲ ਰਿਵਰ-ਕ੍ਰੋਅਫੂਟ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਿਚ ਉਮੀਦਵਾਰਾਂ ਦੀ ਗਿਣਤੀ 100 ਤੋਂ ਟੱਪ ਗਈ। ਕੈਨੇਡਾ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪਾਰਲੀਮਾਨੀ ਹਲਕੇ ਦੀ ਚੋਣ ਵਿਚ 100 ਤੋਂ ਵੱਧ ਉਮੀਦਵਾਰ ਮੈਦਾਨ ਵਿਚ ਹੋਣਗੇ। ਪਿਛਲਾ ਰਿਕਾਰਡ 91 ਉਮੀਦਵਾਰਾਂ ਦਾ ਸੀ ਅਤੇ ਉਥੇ ਪਿਅਰੇ ਪੌਇਲੀਐਵ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵੋਟਾਂ 18 ਅਗਸਤ ਨੂੰ ਪੈਣਗੀਆਂ ਪਰ ਬਤੌਰ ਉਮੀਦਵਾਰ ਕਾਗਜ਼ ਦਾਖਲ ਕਰਨ ਦੀ ਅੰਤਮ ਮਿਤੀ 28 ਜੁਲਾਈ ਹੈ ਜਿਸ ਦੇ ਮੱਦੇਨਜ਼ਰ ਗਿਣਤੀ ਹੋਰ ਵਧ ਸਕਦੀ ਹੈ।
ਪਹਿਲੀ ਵਾਰ 100 ਤੋਂ ਵੱਧ ਉਮੀਦਵਾਰ ਮੈਦਾਨ ਵਿਚ ਨਿੱਤਰੇ
ਲੌਂਗੈਸਟ ਬੈਲਟ ਕਮੇਟੀ ਨੇ ਕਿਹਾ ਹੈ ਕਿ ਉਮੀਦਵਾਰਾਂ ਦੀ ਗਿਣਤੀ 200 ਤੱਕ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ ਜਦਕਿ ਪੌਇਲੀਐਵ ਵੱਲੋਂ ਇਸ ਹਰਕਤ ਦੀ ਨਿਖੇਧੀ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਇਕ ਟਾਊਨ ਹਾਲ ਦੌਰਾਨ ਟੋਰੀ ਆਗੂ ਨੇ ਕਿਹਾ ਸੀ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਗਿਣਤੀ ਸੀਮਤ ਰੱਖਣ ਬਾਰੇ ਕਾਨੂੰਨ ਹੋਣਾ ਚਾਹੀਦਾ ਹੈ। ਇਥੇ ਦਸਣਾ ਬਣਦਾ ਹੈ ਕਿ ਹਲਕੇ ਦੇ ਕੁਝ ਲੋਕ ਪਿਅਰੇ ਪੌਇਲੀਐਵ ਦਾ ਤਿੱਖਾ ਵਿਰੋਧ ਕਰ ਰਹੇ ਹਨ। ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਬੌਨੀ ਕ੍ਰਿਚਲੀ ਨੇ ਖੁਦ ਨੂੰ ਟੋਰੀ ਆਗੂ ਤੋਂ ਵਧੇਰੇ ਯੋਗ ਕਰਾਰ ਦਿਤਾ। ਇਸ ਦੇ ਉਲਟ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਮਾਈਕਲ ਹੈਰਿਸ ਨੇ ਸੈਂਕੜੇ ਉਮੀਦਵਾਰਾਂ ਦੇ ਰੋਸ ਵਜੋਂ ਮੈਦਾਨ ਵਿਚ ਨਿੱਤਰਨ ਦੀ ਪ੍ਰਕਿਰਿਆ ਨੂੰ ਲੋਕਤੰਤਰ ਦਾ ਮਖੌਲ ਕਰਾਰ ਦਿਤਾ। ਲੌਂਗੈਸਟ ਬੈਲਟ ਕਮੇਟੀ ਵਾਲੇ ਸਿਰਫ਼ ਕੰਜ਼ਰਵੇਟਿਵ ਪਾਰਟੀ ਦਾ ਵਿਰੋਧ ਨਹੀਂ ਕਰ ਰਹੇ, ਇਸ ਤੋਂ ਪਹਿਲਾਂ ਉਹ ਲਿਬਰਲ ਪਾਰਟੀ ਦੇ ਗੜ੍ਹ ਵਿਚ ਵੀ ਆਪਣੀ ਹਾਜ਼ਰ ਲਵਾ ਚੁੱਕੇ ਹਨ। ਲਿਬਰਲ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਟੋਰਾਂਟੋ-ਸੇਂਟ ਪੌਲ ਸੀਟ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰ ਕੇ ਹੀ ਕੁਝ ਵੋਟਾਂ ਦੇ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਦੀ ਝੋਲੀ ਵਿਚ ਚਲੀ ਗਈ ਸੀ।
ਜ਼ਿਮਨੀ ਚੋਣ ਵਿਚ ਪੌਇਲੀਐਵ ਦੀਆਂ ਮੁਸ਼ਕਲਾਂ ਵਧੀਆਂ
ਇਸ ਸਾਲ 28 ਅਪ੍ਰੈਲ ਨੂੰ ਹੋਈਆਂ ਚੋਣਾਂ ਦੌਰਾਨ ਲਿਬਰਲ ਪਾਰਟੀ ਨੇ ਇਹ ਸੀਟ ਮੁੜ ਜਿੱਤ ਲਈ। ਉਧਰ ਲੌਂਗੈਸਟ ਬੈਲਟ ਕਮੇਟੀ ਦੇ ਉਮੀਦਵਾਰ ਜੇਅਸਨ ਕੋਵਾਨ ਨੇ ਦਾਅਵਾ ਕੀਤਾ ਕਿ ਲੋਕਤੰਤਰੀ ਪ੍ਰਕਿਰਿਆ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ। ਉਨ੍ਹਾਂ ਦਲੀਲ ਦਿਤੀ ਕਿ ਅਤੀਤ ਵਿਚ ਕਈ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਯਤਨ ਕੀਤਾ ਪਰ ਨਾਮਜ਼ਦਗੀ ਫਾਰਮ ਦਸਤਖਤ ਕਰਵਾਉਣ ਵਿਚ ਅਸਫ਼ਲ ਰਿਹਾ। ਹੁਣ ਲੌਂਗੈਸਟ ਬੈਲਟ ਕਮੇਟੀ ਦੀ ਮਦਦ ਨਾਲ ਪਹਿਲੀ ਵਾਰ ਜ਼ਿਮਨੀ ਚੋਣ ਲੜਨ ਦਾ ਮੌਕਾ ਮਿਲਿਆ ਹੈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਵੇਂ ਬੈਟਲ ਰਿਵਰ-ਕ੍ਰੋਅਫੂਟ ਹਲਕਾ ਕੰਜ਼ਰਵੇਟਿਵ ਪਾਰਟੀ ਦਾ ਗੜ੍ਹ ਹੈ ਪਰ ਉਮੀਦਵਾਰਾਂ ਦੀ ਵਧ ਰਹੀ ਗਿਣਤੀ ਅਤੇ ਨਵੇਂ ਸਿਰੇ ਤੋਂ ਸਿਰਜਿਆ ਜਾ ਰਿਹਾ ਬਿਰਤਾਂਤ ਪਿਅਰੇ ਪੌਇਲੀਐਵ ਦੀ ਬੇੜੀ ਵਿਚ ਵੱਟੇ ਪਾ ਸਕਦਾ ਹੈ।