ਕੈਨੇਡਾ ਵਿਚ 25 ਸਤੰਬਰ ਨੂੰ ਹੋ ਸਕਦੈ ਚੋਣਾਂ ਦਾ ਐਲਾਨ

ਘੱਟ ਗਿਣਤੀ ਲਿਬਰਲ ਸਰਕਾਰ ਦਾ ਤਖ਼ਤਾ ਪਲਟਣ ਲਈ ਕੰਜ਼ਰਵੇਟਿਵ ਪਾਰਟੀ ਨੂੰ ਪਹਿਲਾ ਮੌਕਾ 24 ਸਤੰਬਰ ਨੂੰ ਮਿਲੇਗਾ ਜਦੋਂ ਵਿਰੋਧੀ ਧਿਰ ਹਾਊਸ ਆਫ਼ ਕਾਮਨਜ਼ ਵਿਚ ਆਪਣਾ ਏਜੰਡਾ ਪੇਸ਼ ਕਰਨ ਅਤੇ ਬਿਲ ਲਿਆਉਣ ਲਈ ਅਧਿਕਾਰਤ ਹੋਵੇਗੀ।

Update: 2024-09-18 12:43 GMT

ਔਟਵਾ : ਘੱਟ ਗਿਣਤੀ ਲਿਬਰਲ ਸਰਕਾਰ ਦਾ ਤਖ਼ਤਾ ਪਲਟਣ ਲਈ ਕੰਜ਼ਰਵੇਟਿਵ ਪਾਰਟੀ ਨੂੰ ਪਹਿਲਾ ਮੌਕਾ 24 ਸਤੰਬਰ ਨੂੰ ਮਿਲੇਗਾ ਜਦੋਂ ਵਿਰੋਧੀ ਧਿਰ ਹਾਊਸ ਆਫ਼ ਕਾਮਨਜ਼ ਵਿਚ ਆਪਣਾ ਏਜੰਡਾ ਪੇਸ਼ ਕਰਨ ਅਤੇ ਬਿਲ ਲਿਆਉਣ ਲਈ ਅਧਿਕਾਰਤ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਇਹ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ’ਤੇ ਬਹਿਸ ਮਗਰੋਂ 25 ਸਤੰਬਰ ਨੂੰ ਵੋਟਿੰਗ ਹੋ ਸਕਦੀ ਹੈ। ਵੋਟਿੰਗ ਦੌਰਾਨ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਬਹੁਮਤ ਸਾਬਤ ਨਾ ਕਰ ਸਕੀ ਤਾਂ ਚੋਣਾਂ ਦਾ ਐਲਾਨ ਹੋ ਜਾਵੇਗਾ। ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਬੇਵਿਸਾਹੀ ਮਤਾ ਪਾਸ ਕਰਵਾਉਣ ਲਈ ਐਨ. ਡੀ.ਪੀ. ਅਤੇ ਬਲੌਕ ਕਿਊਬੈਕ ਦੋਹਾਂ ਦੀ ਹਮਾਇਤ ਲੋੜੀਂਦੀ ਹੋਵੇਗੀ। ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫ਼ਤੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਸ਼ਾਮਲ ਹੋਣ ਨਿਊ ਯਾਰਕ ਸ਼ਹਿਰ ਜਾ ਰਹੇ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੇਵਿਸਾਹੀ ਮਤੇ ’ਤੇ ਵੋਟਿੰਗ ਹੋਣ ਦੀ ਸੂਰਤ ਵਿਚ ਉਹ ਗੈਰਹਾਜ਼ਰ ਹੋਣਗੇ।

ਟਰੂਡੋ ਸਰਕਾਰ ਵਿਰੁੱਧ 24 ਸਤੰਬਰ ਨੂੰ ਆਵੇਗਾ ਬੇਵਿਸਾਹੀ ਮਤਾ!

ਇਸੇ ਦੌਰਾਨ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਜਗਮੀਤ ਸਿੰਘ ਘੱਟ ਗਿਣਤੀ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਹਨ ਪਰ ਬੇਵਿਸਾਹੀ ਮਤਾ ਆਉਣ ਦੀ ਸੂਰਤ ਵਿਚ ਕੰਜ਼ਰਵੇਟਿਵ ਪਾਰਟੀ ਦਾ ਸਾਥ ਨਹੀਂ ਦੇਣਗੇ। ਦੂਜੇ ਪਾਸੇ ਬਲੌਕ ਕਿਊਬੈਕ ਵੀ ਜਲਦ ਚੋਣਾਂ ਕਰਵਾਏ ਜਾਣ ਦੇ ਪੱਖ ਵਿਚ ਨਜ਼ਰ ਨਹੀਂ ਆ ਰਹੀ ਅਤੇ ਟਰੂਡੋ ਸਰਕਾਰ ਨਾਲ ਕਈ ਮਸਲਿਆਂ ’ਤੇ ਮਤਭੇਦ ਹੋਣ ਦੇ ਬਾਵਜੂਦ ਬੇਵਿਸਾਹੀ ਮਤੇ ਤੋਂ ਟਾਲਾ ਵੱਟ ਸਕਦੀ ਹੈ। ਬਲੌਕ ਕਿਊਬੈਕ ਦੇ ਆਗੂ ਫਰਾਂਸਵਾ ਬਲੈਨਚੈਟ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਅੱਖਾਂ ਬੰਦ ਕਰ ਕੇ ਵੋਟ ਨਹੀਂ ਪਾਵੇਗੀ। ਕਿਊਬੈਕ ਵਾਸਤੇ ਕੁਝ ਖਾਸ ਐਲਾਨ ਹੁੰਦੇ ਹਨ ਤਾਂ ਟੋਰੀਆਂ ਦਾ ਸਾਥ ਦਿਤਾ ਜਾ ਸਕਦਾ ਹੈ ਅਤੇ ਅਜਿਹਾ ਨਾ ਹੋਣ ’ਤੇ ਮਤੇ ਤੋਂ ਦੂਰ ਹੀ ਰਹਾਂਗੇ। ਇਥੇ ਦਸਣਾ ਬਣਦਾ ਹੈ ਕਿ ਮੌਂਟਰੀਅਲ ਅਤੇ ਵਿੰਨੀਪੈਗ ਦੀਆਂ ਜ਼ਿਮਨੀ ਚੋਣਾਂ ਵਿਚ ਲਿਬਰਲ ਪਾਰਟੀ ਦੀ ਹਾਰ ਮਗਰੋਂ ਲੋਕ ਰਾਏ ਸਭ ਦੇ ਸਾਹਮਣੇ ਆ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਵੀ ਹਾਲਾਤ ਠੀਕ ਹੋਣ ਦੀ ਉਮੀਦ ਕਰ ਰਹੇ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਇਕ ਸਾਲ ਉਡੀਕ ਕਰਨ ਦੇ ਮੂਡ ਵਿਚ ਨਜ਼ਰ ਨਹੀਂ ਆਉਂਦੇ ਅਤੇ ਜਲਦ ਤੋਂ ਜਲਦ ਚੋਣਾਂ ਕਰਵਾਉਂਦਿਆਂ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣਾ ਚਾਹੁੰਦੇ ਹਨ। 

Tags:    

Similar News