ਕੈਨੇਡਾ ਵਿਚ ਬਜ਼ੁਰਗ ਨਾਲ ਲੱਖਾਂ ਡਾਲਰ ਦੀ ਠੱਗੀ

ਕੈਨੇਡਾ ਵਿਚ ਇਕ ਬਜ਼ੁਰਗ ਨਾਲ ਸਵਾ ਤਿੰਨ ਲੱਖ ਡਾਲਰ ਦੀ ਠੱਗੀ ਵੱਜਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ।;

Update: 2025-01-03 12:57 GMT

ਟੋਰਾਂਟੋ : ਕੈਨੇਡਾ ਵਿਚ ਇਕ ਬਜ਼ੁਰਗ ਨਾਲ ਸਵਾ ਤਿੰਨ ਲੱਖ ਡਾਲਰ ਦੀ ਠੱਗੀ ਵੱਜਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਮਿੱਠੀਆਂ ਮਿੱਠੀਆਂ ਗੱਲਾਂ ਕਰ ਕੇ ਠੱਗ 2 ਲੱਖ 40 ਹਜ਼ਾਰ ਡਾਲਰ ਮੁੱਲ ਦਾ ਸੋਨਾ ਅਤੇ 80 ਹਜ਼ਾਰ ਡਾਲਰ ਨਕਦ ਲੈ ਗਏ। ਪਰਥ ਕਾਊਂਟੀ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਸ਼ੱਕੀਆਂ ਦੀ ਪਛਾਣ ਲਈ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ।

2.4 ਲੱਖ ਡਾਲਰ ਦਾ ਸੋਨਾ ਅਤੇ 80 ਹਜ਼ਾਰ ਡਾਲਰ ਨਕਦ ਗਏ

ਪੁਲਿਸ ਮੁਤਾਬਕ ਕੰਪਿਊਟਰ ਰਾਹੀਂ ਸੰਪਰਕ ਸਥਾਪਤ ਕਰਦਿਆਂ ਠੱਗਾਂ ਨੇ ਬਜ਼ੁਰਗ ਦਾ ਫੋਨ ਨੰਬਰ ਹਾਸਲ ਕਰ ਲਿਆ ਅਤੇ ਫਿਰ ਮਾਈਕਰੋਸਾਫ਼ਟ ਦਾ ਨੁਮਾਇੰਦਾ ਬਣ ਕੇ ਫੋਨ ਕਰਨ ਲੱਗੇ। ਫੋਨ ਕਰਨ ਵਾਲੇ ਠੱਗ ਨੇ ਬਜ਼ੁਰਗ ਨੂੰ ਦੱਸਿਆ ਕਿ ਬੈਂਕ ਵਿਚ ਜਮ੍ਹਾਂ ਉਸ ਦੀ ਰਕਮ ਖਤਰੇ ਵਿਚ ਹੈ ਅਤੇ ਜਲਦ ਤੋਂ ਜਲਦ ਇਸ ਰਾਹੀਂ ਸੋਨਾ ਖਰੀਦ ਲਵੇ। ਬਜ਼ੁਰਗ ਨੇ ਆਨਲਾਈਨ ਕੰਪਨੀਆਂ ਰਾਹੀ ਸੋਨਾ ਖਰੀਦਿਆ ਅਤੇ ਜਦੋਂ ਇਹ ਪੀੜਤ ਦੇ ਘਰ ਪੁੱਜਾ ਤਾਂ ਠੱਗੀ ਵੀ ਪਿੱਛੇ ਪਿੱਛੇ ਪੁੱਜ ਗਏ। ਠੱਗਾਂ ਨੇ ਬਜ਼ੁਰਗ ਨੂੰ ਯਕੀਨ ਦਿਵਾ ਦਿਤਾ ਕਿ ਉਸ ਦਾ ਸੋਨਾ ਬੈਂਕ ਆਫ਼ ਕੈਨੇਡਾ ਵਿਚ ਸੁਰੱਖਿਅਤ ਰਹੇਗਾ।

ਉਨਟਾਰੀਓ ਦੀ ਪਰਥ ਕਾਊਂਟੀ ਵਿਚ ਹੋਈ ਵਾਰਦਾਤ

ਇਸ ਮਗਰੋਂ ਬਜ਼ੁਰਗ ਤੋਂ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਠੱਗਾਂ ਦੀ ਉਮਰ 25 ਸਾਲ ਤੋਂ 35 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਠੱਗ ਚਿੱਟੇ ਰੰਗ ਦੀ ਲੈਕਸਸ ਵਿਚ ਆਏ ਸਨ ਜਦਕਿ ਗੂੜ੍ਹੇ ਰੰਗ ਦੀ ਇਕ ਹੋਰ ਗੱਡੀ ਵੀ ਠੱਗੀ ਦੀ ਵਾਰਦਾਤ ਵਿਚ ਸ਼ਾਮਲ ਰਹੀ। ਠੱਗੀ ਦੀ ਇਸ ਵਾਰਦਾਤ ਤੋਂ ਪੁਲਿਸ ਵੀ ਹੈਰਾਨ ਹੈ ਕਿਉਂਕਿ ਆਮ ਤੌਰ ’ਤੇ ਸੋਨੇ ਦੀਆਂ ਠੱਗੀਆਂ ਠੋਸ ਰੂਪ ਵਿਚ ਨਹੀਂ ਸਗੋਂ ਆਨਲਾਈਨ ਤੌਰ ਤਰੀਕਿਆਂ ਨਾਲ ਹੁੰਦੀਆਂ ਹਨ।

Tags:    

Similar News