ਕੈਨੇਡਾ ਦੀ ਗਰਮੀ ਨੇ ਝੰਬਿਆ ਬਜ਼ੁਰਗ ਭਾਰਤੀ ਜੋੜਾ

ਕੈਨੇਡਾ ਵਿਚ ਬਜ਼ੁਰਗ ਭਾਰਤੀ ਜੋੜੇ ਵਾਸਤੇ ਹੀਟ ਪੰਪ ਘਾਟੇ ਦਾ ਸੌਦਾ ਸਾਬਤ ਹੋਇਆ ਅਤੇ ਦੋਹਾਂ ਜੀਆਂ ਨੇ ਅੰਤਾਂ ਦੀ ਗਰਮੀ ਵਿਚ ਦਿਨ ਕੱਟੇ

Update: 2025-08-14 12:52 GMT

ਮਿਸੀਸਾਗਾ : ਕੈਨੇਡਾ ਵਿਚ ਬਜ਼ੁਰਗ ਭਾਰਤੀ ਜੋੜੇ ਵਾਸਤੇ ਹੀਟ ਪੰਪ ਘਾਟੇ ਦਾ ਸੌਦਾ ਸਾਬਤ ਹੋਇਆ ਅਤੇ ਦੋਹਾਂ ਜੀਆਂ ਨੇ ਅੰਤਾਂ ਦੀ ਗਰਮੀ ਵਿਚ ਦਿਨ ਕੱਟੇ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਅਸ਼ੋਕ ਲੰਬ ਅਤੇ ਉਨ੍ਹਾਂ ਦੀ ਪਤਨੀ ਪ੍ਰੋਮਿਲਾ ਨੂੰ ਛੇ-ਸੱਤ ਪੱਖੇ ਚਲਾਉਣ ਲਈ ਮਜਬੂਰ ਹੋਣਾ ਪੈਂਦਾ ਅਤੇ ਗਰਮੀ ਫਿਰ ਵੀ ਖਹਿੜਾ ਨਹੀਂ ਛੱਡਦੀ। ਕੈਨੇਡੀਅਨ ਮੌਸਮ ਮੁਤਾਬਕ ਜ਼ਿਆਦਾਤਰ ਲੋਕ ਹੀਟ ਪੰਪ ਲਗਵਾ ਲੈਂਦੇ ਹਨ ਜਿਸ ਰਾਹੀਂ ਸਿਆਲ ਵਿਚ ਘਰ ਨੂੰ ਨਿੱਘਾ ਅਤੇ ਗਰਮੀਆਂ ਵਿਚ ਠੰਢਾ ਰੱਖਿਆ ਜਾ ਸਕਦਾ ਹੈ। ਅਸ਼ੋਕ ਲੰਬ ਨੇ ਦੱਸਿਆ ਕਿ ਸਿਆਲ ਵਿਚ ਉਨ੍ਹਾਂ ਦੇ ਹੀਟ ਪੰਪ ਨੇ ਪੂਰਾ ਨਿੱਘ ਦਿਤਾ ਪਰ ਹੁਣ ਗਰਮੀਆਂ ਵਿਚ ਘਰ ਨੂੰ ਠੰਢਾ ਕਰਨ ਵੇਲੇ ਇਹ ਕੰਮ ਨਹੀਂ ਕਰ ਰਿਹਾ।

ਹੀਟ ਪੰਪ ਦੀ ਸਮੱਸਿਆ ਵਿਚ ਉਲਝੇ ਰਹੇ ਅਸ਼ੋਕ ਅਤੇ ਪ੍ਰੋਮਿਲਾ

ਭਾਰਤੀ ਪਰਵਾਰ ਮੁਤਾਬਕ ਐਚ.ਵੀ.ਏ.ਸੀ. ਕੰਪਨੀ ਹੀਟ ਪੰਪ ਦੀ ਸਮੱਸਿਆ ਹੀ ਨਹੀਂ ਲੱਭ ਸਕੀ। ਕੰਪਨੀ ਦੇ ਟੈਕਨੀਸ਼ੀਅਨ 12 ਵਾਰ ਆ ਚੁੱਕੇ ਹਨ ਪਰ ਕੁਝ ਪਤਾ ਨਹੀਂ ਲੱਗ ਸਕਿਆ। ਪਿਛਲੇ ਹਫ਼ਤੇ ਗਰੇਟਰ ਟੋਰਾਂਟੋ ਏਰੀਆ ਵਿਚ ਤਾਪਮਾਨ 35-36 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਤਾਂ ਅਸ਼ੋਕ ਲੰਬ ਦੇ ਘਰ ਅੰਦਰ ਟੈਂਪਰੇਚਰ 29 ਡਿਗਰੀ ਸੈਲਸੀਅਸ ਰਿਹਾ। ਅਸ਼ੋਕ ਲੰਬ ਦੇ ਦਿਲ ਅਤੇ ਦਿਮਾਗ ਦੀ ਸਰਜਰੀ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਦੀ ਬੇਹੱਦ ਜ਼ਰੂਰਤ ਹੈ। ਇਸੇ ਦੌਰਾਨ ਅਸ਼ੋਕ ਲੰਬ ਅਤੇ ਪ੍ਰੋਮਿਲਾ ਨੂੰ ਫਰਨੇਸ ਬਦਲਣ ਦੀ ਸਲਾਹ ਦਿਤੀ ਗਈ ਜਦਕਿ ਇਹ ਸਿਰਫ਼ ਸੱਤ ਸਾਲ ਪੁਰਾਣੀ ਸੀ। ਗਰਮੀ ਤੋਂ ਰਾਹਤ ਹਾਸਲ ਕਰਨ ਲਈ ਭਾਰਤੀ ਮੂਲ ਦਾ ਜੋੜਾ ਏਅਰ ਕੰਡੀਸ਼ਨਰ ਖਰੀਦਣ ਬਾਰੇ ਵਿਚਾਰ ਕਰ ਰਿਹਾ ਹੈ ਪਰ ਅਤੀਤ ਵਿਚ ਹੋਏ ਖਰਚੇ ਦੀ ਭਰਪਾਈ ਵੀ ਚਾਹੁੰਦਾ ਹੈ। ਦੂਜੇ ਪਾਸੇ ਜਦੋਂ ਸੀ.ਟੀ.ਵੀ. ਵੱਲੋਂ ਐਚ.ਵੀ.ਏ.ਸੀ. ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੋੜੇ ਨੂੰ 7 ਹਜ਼ਾਰ ਡਾਲਰ ਦੀ ਰਿਆਇਤ ਮੁਹੱਈਆ ਕਰਵਾਈ ਗਈ ਅਤੇ ਹੁਣ ਸਮੱਸਿਆ ਵੀ ਹੱਲ ਹੋ ਚੁੱਕੀ ਹੈ। ਕੰਪਨੀ ਦੇ ਬੁਲਾਰੇ ਮੁਤਾਬਕ ਅਸ਼ੋਕ ਲੰਬ ਨੇ ਤਕਰੀਬਨ ਦੋ ਸਾਲ ਪਹਿਲਾਂ ਹੀਟ ਪੰਪ ਅਤੇ ਫਰਨੇਸ ਖਰੀਦੇ।

ਲੰਮੇ ਸੰਘਰਸ਼ ਮਗਰੋਂ ਘਰ ਹੋ ਸਕਿਆ ਠੰਢਾ

ਦੋਵੇਂ ਚੀਜ਼ਾਂ ਚੰਗੇ ਬਰੈਂਡ ਵਾਲੀਆਂ ਸਨ ਅਤੇ ਦੋ ਸਾਲ ਤੋਂ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਹਾਲ ਹੀ ਵਿਚ ਹੀਟ ਪੰਪ ਦੀ ਸਮੱਸਿਆ ਪੈਦਾ ਹੋ ਗਈ। ਕੰਪਨੀ ਦੇ ਤਕਨੀਕੀ ਮਾਹਰਾਂ ਵੱਲੋਂ ਨੁਕਸ ਲੱਭਣ ਦਾ ਹਰ ਸੰਭਵ ਯਤਨ ਕੀਤਾ ਗਿਆ ਅਤੇ ਮੁਆਵਜ਼ੇ ਦੇ ਰੂਪ ਵਿਚ ਹੀਟ ਪੰਪ ਬਦਲਣ ਦੀ ਪੇਸ਼ਕਸ਼ ਵੀ ਕਰ ਦਿਤੀ ਪਰ ਜੋੜੇ ਵੱਲੋਂ 4,520 ਡਾਲਰ ਵਾਪਸ ਮੰਗੇ ਜਾ ਰਹੇ ਸਨ ਪਰ ਹੁਣ ਮਸਲਾ ਹੱਲ ਹੋ ਗਿਆ ਹੈ। ਅਸ਼ੋਕ ਲੰਬ ਅਤੇ ਉਨ੍ਹਾਂ ਨੇ ਪਤਨੀ ਨੂੰ ਵੱਡੀ ਰਾਹਤ ਮਿਲੀ ਜਦੋਂ ਉਨ੍ਹਾਂ ਦਾ ਘਰ ਠੰਢਾ ਹੋਣਾ ਸ਼ੁਰੂ ਹੋ ਗਿਆ। ਭਾਰਤੀ ਮੂਲ ਦੇ ਜੋੜੇ ਵੱਲੋਂ ਮੀਡੀਆ ਤੋਂ ਮਿਲੇ ਸਹਿਯੋਗ ’ਤੇ ਸ਼ੁਕਰੀਆ ਅਦਾ ਕੀਤਾ ਗਿਆ ਹੈ।

Tags:    

Similar News