ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਘਟਾਉਣ ਲਈ ਕੰਜ਼ਰਵੇਟਿਵ ਪਾਰਟੀ ਦਾ ਉਪਰਾਲਾ

ਕੈਨੇਡਾ ਵਿਚ ਨਵੇਂ ਬਣੇ ਘਰਾਂ ਦੀਆਂ ਕੀਮਤਾਂ ਕਾਬੂ ਹੇਠ ਰੱਖਣ ਲਈ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਵੱਖ ਵੱਖ ਰਾਜਾਂ ਦੇ ਪ੍ਰੀਮੀਅਰਜ਼ ਨੂੰ ਸੇਲਜ਼ ਟੈਕਸ ਖ਼ਤਮ ਕਰਨ ਦਾ ਸੱਦਾ ਦਿਤਾ ਗਿਆ ਹੈ।;

Update: 2024-11-04 12:57 GMT

ਟੋਰਾਂਟੋ, : ਕੈਨੇਡਾ ਵਿਚ ਨਵੇਂ ਬਣੇ ਘਰਾਂ ਦੀਆਂ ਕੀਮਤਾਂ ਕਾਬੂ ਹੇਠ ਰੱਖਣ ਲਈ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਵੱਖ ਵੱਖ ਰਾਜਾਂ ਦੇ ਪ੍ਰੀਮੀਅਰਜ਼ ਨੂੰ ਸੇਲਜ਼ ਟੈਕਸ ਖ਼ਤਮ ਕਰਨ ਦਾ ਸੱਦਾ ਦਿਤਾ ਗਿਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਪ੍ਰੀਮੀਅਰਜ਼ ਨੂੰ ਲਿਖੇ ਪੱਤਰ ਵਿਚ ਵਿਰੋਧੀ ਧਿਰ ਦੇ ਆਗੂ ਵੱਲੋਂ 10 ਲੱਖ ਡਾਲਰ ਤੋਂ ਘੱਟ ਕੀਮਤ ਵਾਲੇ ਨਵੇਂ ਮਕਾਨਾਂ ਸੇਲਜ਼ ਟੈਕਸ ਮੁਆਫ ਕਰਨ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਸੱਤਾ ਵਿਚ ਆਉਣ ’ਤੇ ਫੈਡਰਲ ਸੇਲਜ਼ ਟੈਕਸ ਖ਼ਤਮ ਕਰਨ ਦਾ ਉਹ ਪਹਿਲਾਂ ਹੀ ਵਾਅਦਾ ਕਰ ਚੁੱਕੇ ਹਨ। ਕੈਨੇਡੀਅਨ ਹੋਮ ਬਿਲਡਰਜ਼ ਐਸੋਸੀਏਸ਼ਨ ਵੱਲੋਂ ਇਸ ਉਪਰਾਲੇ ਦਾ ਸਵਾਗਤ ਕੀਤਾ ਗਿਆ ਹੈ ਜਿਸ ਤਹਿਤ 8 ਲੱਖ ਡਾਲਰ ਮੁੱਲ ਵਾਲਾ ਮਕਾਨ ਖਰੀਦਣ ’ਤੇ ਇਕ ਕੈਨੇਡੀਅਨ ਪਰਵਾਰ ਨੂੰ 40 ਹਜ਼ਾਰ ਡਾਲਰ ਦੀ ਬੱਚਤ ਹੋਵੇਗੀ ਅਤੇ ਹਰ ਸਾਲ 30 ਹਜ਼ਾਰ ਵਾਧੂ ਮਕਾਨਾਂ ਦੀ ਉਸਾਰੀ ਸੰਭਵ ਬਣਾਈ ਜਾ ਸਕੇਗੀ।

ਪੌਇਲੀਐਵ ਵੱਲੋਂ ਵੱਖ ਵੱਖ ਰਾਜਾਂ ਦੇ ਪ੍ਰੀਮੀਅਰਜ਼ ਨੂੰ ਸੇਲਜ਼ ਟੈਕਸ ਖ਼ਤਮ ਕਰਨ ਦਾ ਸੱਦਾ

ਇਕ ਹਫ਼ਤਾ ਪਹਿਲਾਂ ਕੰਜ਼ਰਵੇਟਿਵ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ’ਤੇ ਘੱਟ ਕੀਮਤ ਵਾਲੇ ਨਵੇਂ ਮਕਾਨਾਂ ਤੋਂ ਜੀ.ਐਸ.ਟੀ. ਹਟਾ ਦਿਤਾ ਜਾਵੇਗੀ। ਐਲਬਰਟਾ ਵਿਚ ਪਹਿਲਾਂ ਹੀ ਸੂਬਾਈ ਸੇਲਜ਼ ਟੈਕਸ ਵਸੂਲ ਨਹੀਂ ਕੀਤਾ ਜਾਂਦਾ ਪਰ ਸਸਕੈਚਵਨ ਵਿਖੇ 6 ਫੀ ਸਦੀ ਸੇਲਜ਼ ਟੈਕਸ ਅਤੇ ਐਟਲਾਂਟਿਕ ਰਾਜਾਂ ਵਿਚ 10 ਫੀ ਸਦੀ ਟੈਕਸ ਅਦਾ ਕਰਨਾ ਪੈਂਦਾ ਹੈ। ਨੋਵਾ ਸਕੋਸ਼ੀਆ ਵਿਚ ਚੋਣਾਂ ਤੋਂ ਕੁਝ ਦਿਨ ਪਹਿਲਾਂ ਪ੍ਰੀਮੀਅਰ ਟਿਮ ਹਿਊਸਟਨ ਨੇ ਅਗਲੇ ਵਰ੍ਹੇ ਤੋਂ ਸੇਲਜ਼ ਘਟਾ ਕੇ 14 ਫੀ ਸਦੀ ਕਰਨ ਦਾ ਵਾਅਦਾ ਕੀਤਾ ਜਦਕਿ ਨਿਊ ਬ੍ਰਨਜ਼ਵਿਕ, ਸਸਕੈਚਵਨ ਅਤੇ ਬ੍ਰਿਟਿਸ਼ ਕੋਲੰਬੀਆ ਵਿਖੇ ਹਾਲ ਹੀ ਵਿਚ ਹੋਣਾਂ ਹੋ ਕੇ ਹਟੀਆਂ ਹਨ। ਦੂਜੇ ਪਾਸੇ ਉਨਟਾਰੀਓ ਵਿਚ ਵੀ ਸਿਆਸੀ ਹਾਲਾਤ ਬਦਲ ਰਹੇ ਹਨ ਅਤੇ ਅਗਲੇ ਸਾਲ ਬਸੰਤ ਰੁੱਤ ਵਿਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਕਿਫ਼ਾਇਤੀ ਮਕਾਨਾਂ ਦਾ ਮੁੱਦਾ ਕੈਨੇਡਾ ਵਿਚ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਵਧ ਰਹੀ ਵਸੋਂ ਦੇ ਮੁਕਾਬਲੇ ਨਵੇਂ ਮਕਾਨਾਂ ਦੀ ਉਪਲਬਧਤਾ ਯਕੀਨੀ ਬਣਾਉਣ ਵਿਚ ਸਰਕਾਰਾਂ ਅਸਫ਼ਲ ਰਹੀਆਂ ਹਨ। ਪਿਅਰੇ ਪੌਇਲੀਐਵ ਨੇ ਪ੍ਰੀਮੀਅਰਜ਼ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਟੈਕਸ ਕਟੌਤੀ ਨਾਲ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਫੈਡਰਲ ਸਰਕਾਰ ਦੇ ਖ਼ਜ਼ਾਨੇ ’ਤੇ 8 ਅਰਬ ਡਾਲਰ ਸਾਲਾਨਾ ਦਾ ਬੋਝ ਪੈ ਸਕਦਾ ਹੈ। ਇਸੇ ਦੌਰਾਨ ਕੈਨੇਡਾ ਦੇ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਹੁਣ ਤੱਕ 177 ਸ਼ਹਿਰਾਂ ਅਤੇ ਕਸਬਿਆਂ ਨਾਲ ਫੈਡਰਲ ਸਰਕਾਰ ਸਮਝੌਤੇ ਕਰ ਚੁੱਕੀ ਹੈ ਜਿਨ੍ਹਾਂ ਰਾਹੀਂ ਮਕਾਨਾਂ ਦੀ ਉਸਾਰੀ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਟੋਰੀ ਆਗੂ ਦੀ ਯੋਜਨਾ ਨਾਲ ਨਵੇਂ ਮਕਾਨਾਂ ਦੀ ਉਸਾਰੀ ਦੀ ਰਫ਼ਤਾਰ ਵਿਚ ਕਮੀ ਆਵੇਗੀ ਅਤੇ ਲੋਕਾਂ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਬਰਦਾਸ਼ਤ ਕਰਨਾ ਹੋਵੇਗਾ। 

Tags:    

Similar News