ਪੰਜਾਬੀ ਪਿਉ-ਪੁੱਤ ਦੇ ਕਾਤਲਾਂ ਨੂੰ ਫੜਨ ਵਿਚ ਐਡਮਿੰਟਨ ਪੁਲਿਸ ਅਸਫ਼ਲ
ਐਡਮਿੰਟਨ ਵਿਖੇ ਦਿਨ-ਦਿਹਾੜੇ ਪੰਜਾਬੀ ਪਿਉ-ਪੁੱਤ ਦਾ ਕਤਲ ਕਰਨ ਵਾਲਿਆਂ ਦੀ ਪੈੜ ਨੱਪਣ ਵਿਚ ਪੁਲਿਸ ਹੁਣ ਤੱਕ ਅਸਫਲ ਰਹੀ ਹੈ ਅਤੇ ਸ਼ੱਕੀਆਂ ਦੀ ਗ੍ਰਿਫ਼ਤਾਰੀ ਲਈ ਇਕ ਵਾਰ ਫਿਰ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।
ਐਡਮਿੰਟਨ : ਐਡਮਿੰਟਨ ਵਿਖੇ ਦਿਨ-ਦਿਹਾੜੇ ਪੰਜਾਬੀ ਪਿਉ-ਪੁੱਤ ਦਾ ਕਤਲ ਕਰਨ ਵਾਲਿਆਂ ਦੀ ਪੈੜ ਨੱਪਣ ਵਿਚ ਪੁਲਿਸ ਹੁਣ ਤੱਕ ਅਸਫਲ ਰਹੀ ਹੈ ਅਤੇ ਸ਼ੱਕੀਆਂ ਦੀ ਗ੍ਰਿਫ਼ਤਾਰੀ ਲਈ ਇਕ ਵਾਰ ਫਿਰ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। 9 ਨਵੰਬਰ 2023 ਨੂੰ ਸਿਖਰ ਦੁਪਹਿਰੇ 41 ਸਾਲ ਦੇ ਹਰਪ੍ਰੀਤ ਉਪਲ ਅਤੇ 11 ਸਾਲ ਦੇ ਗੈਵਿਨ ਉਪਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਦੂਹਰੇ ਕਤਲਕਾਂਡ ਦੀ ਵਾਰਦਾਤ ਐਡਮਿੰਟਨ ਦੀ 50ਵੀਂ ਸਟ੍ਰੀਟ ਅਤੇ ਐਲਰਜ਼ਲੀ ਰੋਡ ’ਤੇ ਸਥਿਤ ਇਕ ਗੈਸ ਸਟੇਸ਼ਨ ’ਤੇ ਵਾਪਰੀ ਅਤੇ ਇਸ ਦੌਰਾਨ ਸ਼ੱਕੀਆਂ ਦੀ ਗੱਡੀ ਦਾ ਨੁਕਸਾਨ ਵੀ ਹੋਇਆ। ਸਟਾਫ਼ ਸਾਰਜੈਂਟ ਰੌਬ ਬਿਲਾਵੇ ਨੇ ਕਿਹਾ ਕਿ ਪੁਲਿਸ ਨੂੰ ਪੂਰੀ ਉਮੀਦ ਹੈ ਕਿ ਕੋਈ ਨਾ ਕੋਈ ਗੱਡੀ ਦੀ ਸ਼ਨਾਖਤ ਜ਼ਰੂਰ ਕਰੇਗਾ ਅਤੇ ਉਸ ਰਾਹੀਂ ਸ਼ੱਕੀਆਂ ਤੱਕ ਪਹੁੰਚਿਆ ਜਾ ਸਕਦਾ ਹੈ।
ਲੋਕਾਂ ਨੂੰ ਮੁੜ ਅਪੀਲ ਕਰਦਿਆਂ ਮੰਗੀ ਮਦਦ
ਪੁਲਿਸ ਨੂੰ ਯਕੀਨ ਹੈ ਕਿ ਐਨਾ ਸਮਾਂ ਲੰਘਣ ’ਤੇ ਹਰੇ ਰੰਗ ਦੀ ਨਿਸਨ ਐਕਸ ਟ੍ਰੇਲ ਵਿਚੋਂ ਕੋਈ ਨਾ ਕੋਈ ਸੁਰਾਗ ਮਿਲ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਗੋਲੀਕਾਂਡ ਦੌਰਾਨ ਹਰਪ੍ਰੀਤ ਉਪਲ ਦੀ ਗੱਡੀ ਵਿਚ 11 ਸਾਲ ਦਾ ਇਕ ਹੋਰ ਬੱਚਾ ਵੀ ਮੌਜੂਦ ਸੀ ਜੋ ਵਾਲ ਵਾਲ ਬਚ ਗਿਆ। ਪੁਲਿਸ ਨੇ ਦੱਸਿਆ ਕਿ ਸ਼ੱਕੀ ਅਸਲ ਵਿਚ ਕਾਲੇ ਰੰਗ ਦੀ ਬੀ.ਐਮ.ਡਬਲਿਊ ਐਸ.ਯੂ.ਵੀ. ਵਿਚ ਆਏ ਸਨ ਅਤੇ ਦੋ ਜਣਿਆਂ ਨੇ ਬਾਹਰ ਆ ਕੇ ਹਰਪ੍ਰੀਤ ਉਪਲ ਦੀ ਚਿੱਟੀ ਗੱਡੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਗੋਲੀਬਾਰੀ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਬੀ.ਐਮ.ਡਬਲਿਊ ਸੜਦੀ ਹੋਈ ਮਿਲੀ ਜਿਸ ਮਗਰੋਂ ਸੰਭਾਵਤ ਤੌਰ ’ਤੇ ਸ਼ੱਕੀ ਹਰੇ ਰੰਗ ਦੀ ਗੱਡੀ ਵਿਚ ਸਵਾਰ ਹੋਏ। ਐਡਮਿੰਟਨ ਪੁਲਿਸ ਮੁਤਾਬਕ ਹਰਪ੍ਰੀਤ ਉਪਲ ਅਤੇ ਉਸ ਦੇ ਬੇਟੇ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ।