ਟੋਰਾਂਟੋ ਤੋਂ ਵਿੰਨੀਪੈਗ ਤੱਕ ਫੈਲੇ ਨਸ਼ਾ ਤਸਕਰੀ ਨੈਟਵਰਕ ਦਾ ਪਰਦਾ ਫਾਸ਼

ਟੋਰਾਂਟੋ ਤੋਂ ਵਿੰਨੀਪੈਗ ਤੱਕ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾ ਫ਼ਾਸ਼ ਕਰਦਿਆਂ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 7 ਲੱਖ ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ;

Update: 2025-03-13 12:15 GMT

ਵਿੰਨੀਪੈਗ : ਟੋਰਾਂਟੋ ਤੋਂ ਵਿੰਨੀਪੈਗ ਤੱਕ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾ ਫ਼ਾਸ਼ ਕਰਦਿਆਂ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 7 ਲੱਖ ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਵਿੰਨੀਪੈਗ ਪੁਲਿਸ ਨੇ ਦੱਸਿਆ ਕਿ ਪ੍ਰੌਜੈਕਟ ਲੋਅਕੀਅ ਅਧੀਨ ਕੀਤੀ ਗਈ ਕਾਰਵਾਈ ਦੌਰਾਨ ਬਰੈਂਪਟਨ, ਟੋਰਾਂਟੋ, ਵਿੰਨੀਪੈਗ ਅਤੇ ਅਮਰੀਕਾ ਦੇ ਪਤੇ-ਟਿਕਾਣੇ ਵਾਲੇ ਸ਼ੱਕੀ ਕਾਬੂ ਕੀਤੇ ਗਏ ਜਿਨ੍ਹਾਂ ਦੀ ਉਮਰ 19 ਸਾਲ ਤੋਂ 36 ਸਾਲ ਦਰਮਿਆਨ ਹੈ। ਇਸ ਤੋਂ ਇਲਾਵਾ ਐਲਬਰਟਾ ਅਤੇ ਉਨਟਾਰੀਓ ਨਾਲ ਸਬੰਧਤ ਪੰਜ ਹੋਰਨਾਂ ਸ਼ੱਕੀਆਂ ਵਿਰੁੱਧ ਗ੍ਰਿਫ਼ਤਾਰ ਵਾਰੰਟ ਜਾਰੀ ਕੀਤੇ ਗਏ।

ਬਰੈਂਪਟਨ ਸਣੇ ਵੱਖ ਵੱਖ ਸ਼ਹਿਰਾਂ ਦੇ 9 ਜਣੇ ਗ੍ਰਿਫ਼ਤਾਰ

ਵਿੰਨੀਪੈਗ ਵੱਲੋਂ ਅਪ੍ਰੈਲ 2024 ਤੋਂ ਆਰੰਭੀ ਪੜਤਾਲ ਵਿਚ ਮੈਨੀਟੋਬਾ ਆਰ.ਸੀ.ਐਮ.ਪੀ., ਮੈਨੀਟੋਬਾ ਫਸਟ ਨੇਸ਼ਨਜ਼ ਪੁਲਿਸ ਸਰਵਿਸ, ਵੈਨਕੂਵਰ ਪੁਲਿਸ ਅਤੇ ਟੋਰਾਂਟੋ ਪੁਲਿਸ ਵੱਲੋਂ ਸਹਿਯੋਗ ਦਿਤਾ ਗਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਵੱਲੋਂ ਹਵਾਈ ਅੱਡਿਆਂ ਰਾਹੀਂ ਐਨੇ ਆਧੁਨਿਕ ਤਰੀਕਾ ਨਾਲ ਤਸਕਰੀ ਕੀਤੀ ਜਾਂਦੀ ਕਿ ਉਥੇ ਲੱਗੇ ਸਕੈਨਰਾਂ ਵਿਚ ਨਸ਼ਿਆਂ ਦਾ ਪਤਾ ਨਾ ਲਗਦਾ। ਇਸ ਦੇ ਨਾਲ ਹੀ ਫਰਜ਼ੀ ਡਰਾਈਵਿੰਗ ਲਾਇਸੰਸ ਅਤੇ ਸੋਸ਼ਲ ਇੰਸ਼ੋਰੈਂਸ ਨੰਬਰਾਂ ਦੀ ਵਰਤੋਂ ਕੀਤੀ ਜਾਂਦੀ। ਕਮਰਸ਼ੀਅਲ ਏਅਰਲਾਈਨਜ਼, ਰੇਲ ਸੇਵਾ, ਕਿਸ਼ਤੀਆਂ, ਕਾਰਾਂ ਅਤੇ ਟਰੱਕਾਂ ਵਰਗੇ ਸਾਧਨਾਂ ਰਾਹੀਂ ਨਸ਼ਿਆਂ ਦੀ ਵੱਡੀ ਖੇਪ ਮੰਜ਼ਿਲ ਦਾ ਕੰਮ ਨੇਪਰੇ ਚਾੜ੍ਹਿਆ ਜਾਂਦਾ। ਮੈਨੀਟੋਬਾ ਦੇ ਉਤਰੀ ਹਿੱਸਿਆਂ ਵਿਚ ਵਸਦੀਆਂ ਕਮਿਊਨਿਟੀਜ਼ ਵਿਚ ਨਸ਼ੇ ਦੀ ਸਪਲਾਈ ਕਰਦੇ ਅਤੇ ਸੂਬੇ ਵਿਚ ਠਹਿਰਾਅ ਲਈ ਹੋਟਲ ਤੇ ਏਅਰ ਬੀ.ਐਨ.ਬੀ. ਦੀ ਵਰਤੋਂ ਕੀਤੀ ਜਾਂਦੀ। ਮੈਨੀਟੋਬਾ ਫਸਟ ਨੇਸ਼ਨਜ਼ ਪੁਲਿਸ ਸਰਵਿਸ ਦੇ ਇੰਸਪੈਕਟਰ ਡੈਰੇਕ ਬੀਚ ਨੇ ਦੱਸਿਆ ਕਿ ਸੰਭਾਵਤ ਤੌਰ ’ਤੇ ਸੈਂਡੀ ਬੇਅ ਫਸਟ ਨੇਸ਼ਨ ਇਲਾਕੇ ਵਿਚ ਸਾਰਾ ਨਸ਼ਾ ਲਿਆ ਕੇ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਸਪਲਾਈ ਕੀਤਾ ਜਾਂਦਾ ਸੀ।

7 ਲੱਖ ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ

ਪ੍ਰੌਜੈਕਟ ਲੋਅਕੀਅ ਦੌਰਾਨ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਇਨ੍ਹਾਂ ਵਿਚੋਂ ਚਾਰ ਗਰੇਟਰ ਟੋਰਾਂਟੋ ਏਰੀਆ ਨਾਲ ਸਬੰਧਤ ਹਨ ਜਦਕਿ ਇਕ ਵਿੰਨੀਪੈਗ, ਇਕ ਮੈਨੀਟੋਬਾ ਦੇ ਸੈਂਡੀ ਬੇਅ ਇਲਾਕੇ ਅਤੇ ਇਕ ਅਮਰੀਕਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜਾਂਚਕਰਤਾਵਾਂ ਮੁਤਾਬਕ ਨਸ਼ਿਆਂ ਦੀ ਸਭ ਤੋਂ ਵੱਧ ਬਰਾਮਦਗੀ ਮੈਨੀਟੋਬਾ ਵਿਚੋਂ ਹੋਈ ਪਰ ਉਨਟਾਰੀਓ ਅਤੇ ਸਸਕਾਟੂਨ ਵਿਖੇ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਬਰਾਮਦ ਨਸ਼ਿਆਂ ਵਿਚ 10 ਕਿਲੋ ਕੋਕੀਨ, ਪੰਜ ਕਿਲੋ ਮੈਥਮਟੈਫਾਮਿਨ ਅਤੇ ਹਾਈਡਰੋਮੌਰਫਨ ਦੀਆਂ 25 ਹਜ਼ਾਰ ਗੋਲੀਆਂ ਸ਼ਾਮਲ ਸਨ। ਇਕੱਲੀਆਂ ਗੋਲੀਆਂ ਦੀ ਬਾਜ਼ਾਰ ਕੀਮਤ ਹੀ ਪੰਜ ਲੱਖ ਡਾਲਰ ਬਣਦੀ ਹੈ ਜਦਕਿ 2 ਲੱਖ 80 ਹਜ਼ਾਰ ਡਾਲਰ ਨਕਦ ਅਤੇ ਤਿੰਨ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ।

Tags:    

Similar News