ਉਨਟਾਰੀਓ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣਾ ਪਵੇਗਾ ਮਹਿੰਗਾ

ਉਨਟਾਰੀਓ ਵਿਚ ਨਵੇਂ ਵਰ੍ਹੇ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਜਾਣ ਵਾਲਿਆਂ ਨੂੰ ਮੋਟੇ ਜੁਰਮਾਨੇ ਅਤੇ ਲਾਇਸੰਸ ਮੁਅੱਤਲੀ ਦੇ ਦੁੱਗਣੇ ਦਿਨਾਂ ਦਾ ਸਾਮਹਣਾ ਕਰਨਾ ਪਵੇਗਾ।;

Update: 2025-01-02 13:24 GMT

ਟੋਰਾਂਟੋ : ਉਨਟਾਰੀਓ ਵਿਚ ਨਵੇਂ ਵਰ੍ਹੇ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਜਾਣ ਵਾਲਿਆਂ ਨੂੰ ਮੋਟੇ ਜੁਰਮਾਨੇ ਅਤੇ ਲਾਇਸੰਸ ਮੁਅੱਤਲੀ ਦੇ ਦੁੱਗਣੇ ਦਿਨਾਂ ਦਾ ਸਾਮਹਣਾ ਕਰਨਾ ਪਵੇਗਾ। ਜੀ ਹਾਂ, ਉਨਟਾਰੀਓ ਸਰਕਾਰ ਵੱਲੋਂ ਸੜਕ ਹਾਦਸੇ ਘਟਾਉਣ ਦੇ ਮਕਸਦ ਨਾਲ ਪਿਛਲੇ ਸਾਲ ਸਖ਼ਤ ਨਿਯਮ ਲਿਆਂਦੇ ਗਏ ਜੋ ਹੁਣ ਲਾਗੂ ਹੋ ਚੁੱਕੇ ਹਨ। ਹੁਣ ਪਹਿਲੀ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਜਾਣ ’ਤੇ 7 ਦਿਨ ਲਾਇਸੰਸ ਮੁਅੱਤਲੀ ਅਤੇ ਦੂਜੀ ਵਾਰ ਫੜੇ ਜਾਣ ’ਤੇ 14 ਦਿਨ ਦੀ ਲਾਇਸੰਸ ਮੁਅੱਤਲੀ ਹੋਵੇਗੀ।

ਨਵੇਂ ਵਰ੍ਹੇ ਵਿਚ ਨਵੇਂ ਨਿਯਮ ਹੋਏ ਲਾਗੂ

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ 2023 ਵਿਚ 10 ਹਜ਼ਾਰ ਤੋਂ ਵੱਧ ਸ਼ਰਾਬੀ ਡਰਾਈਵਰਾਂ ਜੁਰਮਾਨੇ ਕੀਤੇ ਗਏ ਪਰ ਇਸ ਦੇ ਬਾਵਜੂਦ ਲੋਕ ਨਹੀਂ ਟਲਦੇ। ਸਾਰਜੈਂਟ ਕੈਰੀ ਸ਼ਮਿਡ ਨੇ ਦੱਸਿਆ ਕਿ 2023 ਵਿਚ ਸੜਕ ਹਾਦਸਿਆਂ ਦੌਰਾਨ 397 ਜਣਿਆਂ ਦੀ ਜਾਨ ਗਈ ਜਿਨ੍ਹਾਂ ਵਿਚੋਂ 49 ਦਾ ਕਾਰਨ ਸ਼ਰਾਬ ਰਹੀ। ਸਾਲ ਦਰ ਸਾਲ ਸ਼ਰਾਬੀ ਡਰਾਈਵਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਸ ਬਾਰੇ ਕ੍ਰਿਮੀਨਲ ਲਾਅ ਫਰਮ ਦਾ ਕਹਿਣਾ ਹੈ ਕਿ ਮੋਟੇ ਜੁਰਮਾਨੇ ਸ਼ਰਾਬੀ ਡਰਾਈਵਰਾਂ ਦੀ ਗਿਣਤੀ ਨਹੀਂ ਘਟਾ ਸਕਦੇ ਕਿਉਂਕਿ ਨਸ਼ਾ ਕਰਨ ਤੋਂ ਬਾਅਦ ਲੋਕ ਕਾਨੂੰਨ ਨੂੰ ਟਿਚ ਜਾਣਦੇ ਹਨ।

ਜੁਰਮਾਨੇ ਅਤੇ ਲਾਇਸੰਸ ਮੁਅੱਤਲੀ ਦੇ ਸਮੇਂ ਵਿਚ ਵਾਧਾ

ਇਹ ਰੁਝਾਨ ਰੋਕਣ ਵਾਸਤੇ ਲਾਜ਼ਮੀ ਹੋਵੇਗਾ ਕਿ ਸ਼ਰਾਬੀ ਡਰਾਈਵਰਾਂ ਦੀ ਪੈਰਵੀ ਕਰਨ ਵਾਲੇ ਵਕੀਲਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਨਵੇਂ ਕਾਨੂੰਨ ਅਧੀਨ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ੀ ਠਹਿਰਾਏ ਲੋਕਾਂ ਦੀਆਂ ਗੱਡੀਆਂ ਵਿਚ ਖਾਸ ਯੰਤਰ ਫਿਟ ਕਰਵਾਏ ਜਾਣਗੇ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਕਿਹਾ ਕਿ ਸੜਕ ਤੋਂ ਲੰਘਣ ਵਾਲੇ ਹਰ ਸ਼ਖਸ ਨੂੰ ਸੁਰੱਖਿਅਤ ਘਰ ਪਹੁੰਚਣ ਦਾ ਹੱਕ ਹੈ। ਉਨਟਾਰੀਓ ਵਿਚ ਕਈ ਪਰਵਾਰਾਂ ਨੂੰ ਨਸ਼ਾ ਕਰ ਕੇ ਡਰਾਈਵਿੰਗ ਕਰਨ ਵਾਲਿਆਂ ਕਰ ਕੇ ਜਾਨੀ ਨੁਕਸਾਨ ਬਰਦਾਸ਼ਤ ਕਰਨਾ ਪਿਆ ਜਿਸ ਦੇ ਮੱਦੇਨਜ਼ਰ ਸਖਤ ਕਾਨੂੰਨ ਲਾਜ਼ਮੀ ਹੋ ਗਿਆ।

Tags:    

Similar News