16 ਜੁਲਾਈ, ਐਡਮਿੰਟਨ (ਗੁਰਜੀਤ ਕੌਰ)- ਕੁੱਝ ਦਿਨ ਪਹਿਲਾਂ ਐਡਮਿੰਟਨ ਵਿੱਚ ਹੋਏ ਇੱਕ ਗੰਭੀਰ ਹਮਲੇ ਤੋਂ ਬਾਅਦ ਮਰਨ ਵਾਲੀ 33 ਸਾਲਾ ਔਰਤ ਦੇ ਪੁਰਸ਼ ਸਾਥੀ ਦੇ ਖਿਲਾਫ ਦੋਸ਼ ਲਗਾਏ ਗਏ ਸਨ। ਜਦੋਂ ਪੁਲਿਸ ਮੌਕੇ 'ਤੇ ਘਰ ਪਹੁੰਚੀ ਸੀ ਤਾਂ ਔਰਤ ਨੂੰ ਜਾਨਲੇਵਾ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਐਮਰਜੈਨਸੀ ਮੈਡੀਕਲ ਸਰਵਿਸਸ ਵੱਲੋਂ ਔਰਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਕਿਹਾ ਕਿ ਔਰਤ ਦੇ ਸਾਥੀ ਨੂੰ ਉਸਦੀ ਮੌਤ ਤੋਂ ਤੁਰੰਤ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਇਸ ਮਾਮਲੇ 'ਚ ਹੁਣ ਹੋਰ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਵਿਅਕਤੀ ਵੱਲੋਂ ਆਪਣੀ 33 ਸਾਲਾ ਪਤਨੀ ਦਾ ਕਤਲ ਕੀਤਾ ਗਿਆ ਸੀ, ਉਹ 32 ਸਾਲਾ ਪੰਜਾਬੀ ਵਿਅਕਤੀ ਸੀ। ਉਸ ਪੰਜਾਬੀ ਵਿਅਕਤੀ ਵੱਲੋਂ ਘਰੇਲੂ ਹਿੰਸਾ ਦੇ ਚੱਲਦਿਆਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ। ਪੁਲਿਸ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਬੱਚੇ ਘਰ 'ਚ ਹੀ ਮੌਜੂਦ ਸਨ। ਪੁਲਿਸ ਦੇ ਵੱਲੋਂ ਪੀੜਤ ਅਤੇ ਦੋਸ਼ੀ ਦੋਵਾਂ ਨਾਲ ਸਬੰਧਤ ਕਈ ਬੱਚਿਆਂ ਦੀ ਪਛਾਣ ਦੀ ਰੱਖਿਆ ਲਈ ਨਾਮ ਜਨਤਕ ਨਹੀਂ ਕੀਤੇ ਗਏ ਹਨ। ਪੁਲਿਸ ਵੱਲੋਂ ਦੋਸ਼ੀ ਪਤੀ ਖਿਲਾਫ ਦੂਜੇ ਦਰਜੇ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।