ਕੈਨੇਡਾ ਦੇ 25 ਪ੍ਰਮੁੱਖ ਭਗੌੜਿਆਂ ਵਿਚ ਧਰਮ ਧਾਲੀਵਾਲ ਵੀ ਸ਼ਾਮਲ

ਕੈਨੇਡਾ ਵਿਚ ਕਤਲ ਕੀਤੀ ਪੰਜਾਬਣ ਮੁਟਿਆਰ ਦਾ ਕਾਤਲ ਹੁਣ ਤੱਕ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਾਹਰ ਹੈ ਅਤੇ ਧਰਮ ਧਾਲੀਵਾਲ ਦਾ ਨਾਂ ਕੈਨੇਡਾ ਦੇ 25 ਪ੍ਰਮੁੱਖ ਭਗੌੜਿਆਂ ਦੀ ਸੂਚੀ ਵਿਚ ਪਾ ਦਿਤਾ ਗਿਆ ਹੈ।;

Update: 2024-12-05 13:19 GMT

ਮਿਸੀਸਾਗਾ : ਕੈਨੇਡਾ ਵਿਚ ਦੋ ਸਾਲ ਪਹਿਲਾਂ ਗੋਲੀਆਂ ਮਾਰ ਕੇ ਕਤਲ ਕੀਤੀ ਪੰਜਾਬਣ ਮੁਟਿਆਰ ਦਾ ਕਾਤਲ ਹੁਣ ਤੱਕ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਾਹਰ ਹੈ ਅਤੇ 31 ਸਾਲ ਦੇ ਧਰਮ ਧਾਲੀਵਾਲ ਦਾ ਨਾਂ ਕੈਨੇਡਾ ਦੇ 25 ਪ੍ਰਮੁੱਖ ਭਗੌੜਿਆਂ ਦੀ ਸੂਚੀ ਵਿਚ ਪਾ ਦਿਤਾ ਗਿਆ ਹੈ। ਭਗੌੜਿਆਂ ਦੀ ਸੂਚੀ ਵਿਚੋਂ ਪੰਜ ਪੀਲ ਰੀਜਨ ਅਤੇ ਯਾਰਕ ਰੀਜਨ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪੀਲ ਰੀਜਨਲ ਪੁਲਿਸ ਵੱਲੋਂ ਲਾਏ ਦੋਸ਼ਾਂ ਮੁਤਾਬਕ ਧਰਮ ਸਿੰਘ ਧਾਲੀਵਾਲ ਨੇ ਹੀ 3 ਦਸੰਬਰ 2022 ਨੂੰ ਮਿਸੀਸਾਗਾ ਦੇ ਗੈਸ ਸਟੇਸ਼ਨ ’ਤੇ 21 ਸਾਲ ਦੀ ਪਵਨਪ੍ਰੀਤ ਕੌਰ ਦਾ ਕਤਲ ਕੀਤਾ। ਧਰਮ ਸਿੰਘ ਨੇ ਪੁਲਿਸ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਪਵਨਪ੍ਰੀਤ ਕੌਰ ਦੇ ਕਤਲ ਤੋਂ ਪਹਿਲਾਂ ਖੁਦਕੁਸ਼ੀ ਦਾ ਡਰਾਮਾ ਵੀ ਰਚਾਇਆ ਅਤੇ ਕਤਲ ਤੋਂ ਪਹਿਲਾਂ ਉਸ ਵਿਰੁੱਧ ਘਰੇਲੂ ਹਿੰਸਾ ਦੇ ਕਈ ਦੋਸ਼ ਵੀ ਲੱਗ ਚੁੱਕੇ ਸਨ।

ਪਵਨਪ੍ਰੀਤ ਕੌਰ ਕਤਲ ਮਾਮਲੇ ਵਿਚ ਜਾਰੀ ਹੋਏ ਸਨ ਗ੍ਰਿਫ਼ਤਾਰੀ ਵਾਰੰਟ

ਪੀਲ ਪੁਲਿਸ ਵੱਲੋਂ ਧਰਮ ਸਿੰਘ ਧਾਲੀਵਾਲ ਦੀ ਗ੍ਰਿਫ਼ਤਤਾਰੀ ਲਈ ਕੈਨੇਡਾ ਪੱਧਰੀ ਵਾਰੰਟ ਜਾਰੀ ਕੀਤੇ ਗਏ ਸਨ ਪਰ ਲੰਮਾਂ ਸਮਾਂ ਲੰਘਣ ਤੋਂ ਬਾਅਦ ਵੀ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ। ਕੈਨੇਡਾ ਦੇ 25 ਪ੍ਰਮੁੱਖ ਭਗੌੜਿਆਂ ਦੀ ਸੂਚੀ ਵਿਚ ਧਰਮ ਸਿੰਘ ਧਾਲੀਵਾਲ ਨੂੰ 15ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਧਰਮ ਸਿੰਘ ਧਾਲੀਵਾਲ ਦੇ ਦੋ ਪਰਵਾਰਕ ਮੈਂਬਰਾਂ ਵਿਰੁੱਧ ਕਤਲ ਮਾਮਲੇ ਵਿਚ ਸਹਾਇਕ ਹੋਣ ਦੇ ਦੋਸ਼ ਲੱਗ ਚੁੱਕੇ ਹਨ। 50 ਸਾਲ ਦੀ ਔਰਤ ਅਤੇ 25 ਸਾਲ ਦੇ ਇਕ ਨੌਜਵਾਨ ਨੂੰ ਨਿਊ ਬ੍ਰਨਜ਼ਵਿਕ ਦੇ ਮੌਂਕਟਨ ਸ਼ਹਿਰ ਤੋਂ 18 ਅਪ੍ਰੈਲ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਵਨਪ੍ਰੀਤ ਕੌਰ ਮਿਸੀਸਾਗਾ ਦੇ ਬ੍ਰਿਟਾਨੀਆ ਰੋਡ ਅਤੇ ਕ੍ਰੈਡਿਟਵਿਊ ਰੋਡ ਇਲਾਕੇ ਦੇ ਪੈਟਰੋ ਕੈਨੇਡਾ ਗੈਸ ਸਟੇਸ਼ਨ ’ਤੇ ਕੰਮ ਕਰਦੀ ਸੀ ਅਤੇ ਕੰਮ ਦੌਰਾਨ ਹੀ ਉਸ ਨੂੰ ਗੋਲੀ ਮਾਰੀ ਗਈ।

ਧਰਮ ਧਾਲੀਵਾਲ ਦੇ 2 ਪਰਵਾਰਕ ਮੈਂਬਰਾਂ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ

ਦੂਜੇ ਪਾਸੇ ਪੀਲ ਰੀਜਨ ਨਾਲ ਹੀ ਸਬੰਧਤ 32 ਸਾਲ ਦੇ ਫਿਲਿਪ ਗਰਾਂਟ ਨੂੰ ਸੂਚੀ ਵਿਚ 5ਵੇਂ ਸਥਾਨ ’ਤੇ ਰੱਖਿਆ ਗਿਆ ਹੈ ਜੋ ਮਿਸੀਸਾਗਾ ਨਾਲ ਸਬੰਧਤ ਦੋ ਜਣਿਆਂ ਦੀ ਹੱਤਿਆ ਦੇ ਮਾਮਲੇ ਵਿਚ ਲੋੜੀਂਦਾ ਹੈ। ਫਿਲਿਪ ਗਰਾਂਟ ਦੇ ਸੂਹ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਦਾ ਵੱਡਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ‘ਬੀ ਔਨ ਦਾ ਲੁਕ ਆਊਟ’ ਪ੍ਰੋਗਰਾਮ ਅਧੀਨ ਮੌਂਟਰੀਅਲ ਸ਼ਹਿਰ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਮੀਡੀਆ ਨੂੰ ਖਾਸ ਤੌਰ ’ਤੇ ਜਾਣਕਾਰੀ ਮੁਹੱਈਆ ਕਰਵਾਈ ਗਈ।

Tags:    

Similar News