ਟਰੰਪ ਨਾਲ ਨਜਿੱਠਣਾ ਸੌਖਾ ਨਹੀਂ ਪਰ ਢੁਕਵਾਂ ਜਵਾਬ ਦੇਣਾ ਵੀ ਲਾਜ਼ਮੀ : ਟਰੂਡੋ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਡੌਨਲਡ ਟਰੰਪ ਨਾਲ ਨਜਿੱਠਣਾ ਭਾਵੇਂ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ;

Update: 2024-12-10 12:15 GMT

ਹੈਲੀਫੈਕਸ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਡੌਨਲਡ ਟਰੰਪ ਨਾਲ ਨਜਿੱਠਣਾ ਭਾਵੇਂ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ ਪਰ ਕੈਨੇਡੀਅਨ ਵਸਤਾਂ ’ਤੇ ਟੈਕਸ ਲੱਗਣ ਦੀ ਸੂਰਤ ਵਿਚ ਢੁਕਵਾਂ ਜਵਾਬ ਦੇਣਾ ਲਾਜ਼ਮੀ ਹੈ। ਇਹ ਜਵਾਬ ਕਈ ਤਰੀਕਿਆਂ ਨਾਲ ਦਿਤਾ ਜਾ ਸਕਦਾ ਹੈ ਜਿਵੇਂ ਟਰੰਪ ਵੱਲੋਂ ਪਹਿਲੇ ਕਾਰਜਕਾਲ ਦੌਰਾਨ ਸਟੀਲ ਅਤੇ ਐਲੂਮੀਨੀਅਮ ’ਤੇ ਲਾਏ ਟੈਕਸਾਂ ਦੇ ਜਵਾਬ ਵਿਚ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ’ਤੇ ਟੈਕਸ ਲਾਗੂ ਕੀਤੇ ਗਏ। ਹੈਲੀਫੈਕਸ ਚੈਂਬਰ ਆਫ਼ ਕਾਮਰਸ ਦੇ ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਹਰ ਕੈਨੇਡੀਅਨ ਚੀਜ਼ ’ਤੇ ਟੈਕਸ ਦਾ ਅਸਰ ਬਿਨਾਂ ਸ਼ੱਕ ਅਮਰੀਕਾ ਦੇ ਆਮ ਲੋਕ ’ਤੇ ਪਵੇਗਾ ਅਤੇ ਕੈਨੇਡਾ ਵੱਲੋਂ ਜਵਾਬੀ ਕਾਰਵਾਈ ਨਾਲ ਅਮਰੀਕਾ ਦੇ ਕਾਰੋਬਾਰੀਆਂ ਨੂੰ ਵੀ ਸੇਕ ਲੱਗਣ ਸ਼ੁਰੂ ਹੋ ਜਾਵੇਗਾ।

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਮੁੜ ਧਮਕੀ ਮਗਰੋਂ ਪ੍ਰਧਾਨ ਮੰਤਰੀ ਨੇ ਕੀਤੀ ਟਿੱਪਣੀ

ਇਥੇ ਦਸਣਾ ਬਣਦਾ ਹੈ ਕਿ ਐਨ.ਬੀ.ਸੀ. ਨਿਊਜ਼ ਨਾਲ ਤਾਜ਼ਾ ਇੰਟਰਵਿਊ ਦੌਰਾਨ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ’ਤੇ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦੁਹਰਾਈ ਜਾ ਚੁੱਕੀ ਹੈ। ਉਧਰ ਜਸਟਿਨ ਟਰੂਡੋ ਨੇ ਮੰਨਿਆ ਕਿਹਾ ਕਿ ਅਮਰੀਕਾ ਵੱਲੋਂ ਲਾਗੂ ਟੈਕਸ ਕੈਨੇਡੀਅਨ ਅਰਥਚਾਰੇ ਵਾਸਤੇ ਤਬਾਹਕੁੰਨ ਸਾਬਤ ਹੋ ਸਕਦਾ ਹੈ ਪਰ ਨਾਲ ਹੀ ਕਿਹਾ ਕਿ ਸਟੀਲ, ਐਲੂਮੀਨੀਅਮ, , ਕੱਚਾ ਤੇਲ, ਖੇਤੀ ਜਿਣਸਾਂ ਅਤੇ ਹੋਰ ਬਹੁਤ ਕੁਝ ਕੈਨੇਡਾ ਤੋਂ ਜਾਂਦਾ ਹੈ। ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਸਿੱਧੇ ਤੌਰ ’ਤੇ ਅਮਰੀਕਾ ਵਾਲਿਆਂ ਨੂੰ ਪ੍ਰਭਾਵਤ ਕਰੇਗਾ ਜਿਵੇਂ ਕਿ ਕੈਨੇਡੀਅਨ ਲੱਕੜ ’ਤੇ ਲੱਗਣ ਵਾਲੇ ਟੈਕਸ ਕਾਰਨ ਉਹ ਕਈ ਵਰਿ੍ਹਆਂ ਤੋਂ ਮਹਿੰਗੀ ਲੱਕੜ ਖਰੀਦਣ ਲਈ ਮਜਬੂਰ ਹਨ। ਟਰੂਡੋ ਨੇ ਦਲੀਲ ਦਿਤੀ ਕਿ ਟਰੰਪ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਏ ਹਨ ਅਤੇ ਕੈਨੇਡੀਅਨ ਵਸਤਾਂ ’ਤੇ ਟੈਕਸ ਅਮਰੀਕਾ ਵਾਲਿਆਂ ਲਈ ਮਹਿੰਗਾਈ ਵਿਚ ਬੇਤਹਾਸ਼ਾ ਵਾਧਾ ਕਰੇਗਾ।

ਅਮਰੀਕਾ ਵਾਲੇ ਵੀ ਪ੍ਰਭਾਵਤ ਹੋਏ ਬਗੈਰ ਨਹੀਂ ਰਹਿ ਸਕਦੇ

ਉਨ੍ਹਾਂ ਅੱਗੇ ਕਿਹਾ ਕਿ ਫੈਡਰਲ ਸਰਕਾਰ ਆਪਣੀ ਰਣਨੀਤੀ ਤਿਆਰ ਕਰ ਰਹੀ ਹੈ ਅਤੇ ਸਿਆਸੀ ਮਤਭੇਦ ਇਕ ਪਾਸੇ ਰੱਖਦਿਆਂ ਪੂਰੇ ਮੁਲਕ ਨੂੰ ਇਕਜੁਟ ਹੋ ਕੇ ਅੱਗੇ ਵਧਣਾ ਹੋਵੇਗਾ। ਜਸਟਿਨ ਟਰੂਡੋ ਨੇ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਉਹ ਮੈਨੂੰ ਬਹੁਤਾ ਪਸੰਦ ਨਹੀਂ ਕਰਦੇ ਪਰ ਜਦੋਂ ਨਾਫ਼ਟਾ ’ਤੇ ਖਤਰਾ ਮੰਡਰਾਇਆ ਤਾਂ ਫੈਡਰਲ ਸਰਕਾਰ ਦਾ ਸਾਥ ਦੇਣ ਵਾਲਿਆਂ ਵਿਚ ਸਕੌਟ ਮੋਅ ਸ਼ਾਮਲ ਸਨ।

Tags:    

Similar News