ਟੋਰਾਂਟੋ ਵਿਚ ਦਿਨ ਦਿਹਾੜੇ ਡਾਕਾ
ਨੌਰਥ ਯਾਰਕ ਵਿਖੇ ਇਕ ਸੈੱਲ ਫੋਨ ਸਟੋਰ ’ਤੇ ਪਏ ਡਾਕੇ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਨਕਾਬਪੋਸ਼ ਲੁਟੇਰਿਆਂ ਨੂੰ ਫ਼ਰਾਰ ਹੁੰਦਿਆਂ ਦੇਖਿਆ ਜਾ ਸਕਦਾ ਹੈ।;
ਟੋਰਾਂਟੋ : ਨੌਰਥ ਯਾਰਕ ਵਿਖੇ ਇਕ ਸੈੱਲ ਫੋਨ ਸਟੋਰ ’ਤੇ ਪਏ ਡਾਕੇ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਨਕਾਬਪੋਸ਼ ਲੁਟੇਰਿਆਂ ਨੂੰ ਫ਼ਰਾਰ ਹੁੰਦਿਆਂ ਦੇਖਿਆ ਜਾ ਸਕਦਾ ਹੈ। 31 ਸੈਕਿੰਡ ਦੀ ਵੀਡੀਓ ਕਲਿੱਪ ਵਿਚ ਦੋ ਸ਼ੱਕੀ ਨਜ਼ਰ ਆਉਂਦੇ ਹਨ ਜੋ ਯੌਂਜ ਸਟ੍ਰੀਟ ਅਤੇ ਸਟੀਲਜ਼ ਐਵੇਨਿਊ ਵੈਸਟ ਇਲਾਕੇ ਦੇ ਸੈਂਟਰ ਪੁਆਇੰਟ ਮਾਲ ਵਿਚ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋਏ। ਸ਼ੱਕੀਆਂ ਵਿਚੋਂ ਇਕ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸਨ ਜਦਕਿ ਦੂਜੇ ਨੇ ਗੂੜ੍ਹੇ ਰੰਗ ਦਾ ਟੌਪ ਅਤੇ ਲਾਈਟ ਗਰੇਅ ਪੈਂਟ ਪਹਿਨੀ ਹੋਈ ਸੀ।
ਨਕਾਬਪੋਸ਼ ਲੁਟੇਰਿਆਂ ਨੇ ਮੋਬਾਈਲ ਫੋਨ ਸਟੋਰ ਲੁੱਟਿਆ
ਸੈਂਟਰ ਪੁਆਇੰਟ ਮਾਲ ਦੇ ਬਾਹਰ ਇਕ ਕਾਲੇ ਰੰਗ ਦੀ ਹੌਂਡਾ ਕਾਰ ਖੜ੍ਹੀ ਨਜ਼ਰ ਆਈ ਅਤੇ ਦੋਵੇਂ ਜਣੇ ਚਲਦੀ ਗੱਡੀ ਵਿਚ ਹੀ ਬੈਠ ਕੇ ਫਰਾਰ ਹੋ ਗਏ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸ਼ੱਕੀਆਂ ਵੱਲੋਂ ਸੈੱਲ ਫੋਨ ਸਟੋਰ ਦੇ ਸ਼ੀਸ਼ੇ ਤੋੜੇ ਗਏ ਅਤੇ ਕਾਫੀ ਚੀਜ਼ਾਂ ਲੈ ਕੇ ਮੌਕੇ ਤੋਂ ਫਰਾਰ ਹੋਏ। ਉਧਰ ਪੈਰਾਮੈਡਿਕਸ ਵੱਲੋਂ ਮੌਕਾ ਏ ਵਾਰਦਾਤ ’ਤੇ ਜ਼ਖਮੀ ਇਕ ਜਣੇ ਦਾ ਇਲਾਜ ਕੀਤਾ ਗਿਆ ਜਿਸ ਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਾ ਪਈ। ਕੌਂਸਟੇਬਲ ਲੌਰਾ ਬਰੈਂਬੈਂਟ ਨੇ ਦੱਸਿਆ ਕਿ ਫਿਲਹਾਲ ਸ਼ੱਕੀਆਂ ਬਾਰੇ ਵਿਸਤਾਤਾਰ ਜਾਣਕਾਰੀ ਮੁਹੱਈਆ ਕਰਵਾਉਣੀ ਮੁਸ਼ਕਲ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 808 3200 ’ਤੇ ਸੰਪਰਕ ਕਰੇ।