‘ਉਨਟਾਰੀਓ ’ਚ ਜੇਲ੍ਹਾਂ ਦੀ ਬਦਤਰ ਹਾਲਤ ਕਾਰਨ ਰਿਹਾਅ ਹੋ ਰਹੇ ਅਪਰਾਧੀ’
ਕੈਨੇਡਾ ਵਿਚ ਜ਼ਮਾਨਤ ’ਤੇ ਬਾਹਰ ਆਏ ਸ਼ੱਕੀਆਂ ਵੱਲੋਂ ਮੁੜ ਅਪਰਾਧ ਕੀਤੇ ਜਾਣ ਦਾ ਮਸਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ ਅਤੇ ਬਰੈਂਪਟਨ ਈਸਟ ਤੋਂ ਐਮ.ਪੀ. ਮਨਿੰਦਰ ਸਿੱਧੂ ਦਾ ਕਹਿਣਾ ਹੈ ਜਿਥੇ ਫੈਡਰਲ ਸਰਕਾਰ ਜ਼ਮਾਨਤ ਨਾਲ ਸਬੰਧਤ ਕਾਨੂੰਨ ਸਖਤ ਕਰ ਰਹੀ ਹੈ;
ਔਟਵਾ : ਕੈਨੇਡਾ ਵਿਚ ਜ਼ਮਾਨਤ ’ਤੇ ਬਾਹਰ ਆਏ ਸ਼ੱਕੀਆਂ ਵੱਲੋਂ ਮੁੜ ਅਪਰਾਧ ਕੀਤੇ ਜਾਣ ਦਾ ਮਸਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ ਅਤੇ ਬਰੈਂਪਟਨ ਈਸਟ ਤੋਂ ਐਮ.ਪੀ. ਮਨਿੰਦਰ ਸਿੱਧੂ ਦਾ ਕਹਿਣਾ ਹੈ ਜਿਥੇ ਫੈਡਰਲ ਸਰਕਾਰ ਜ਼ਮਾਨਤ ਨਾਲ ਸਬੰਧਤ ਕਾਨੂੰਨ ਸਖਤ ਕਰ ਰਹੀ ਹੈ, ਉਥੇ ਹੀ ਉਨਟਾਰੀਓ ਸਰਕਾਰ ਨੂੰ ਵੀ ਜੇਲਾਂ ਦੀ ਹਾਲਤ ਸੁਧਾਰ ਵੱਲ ਕਦਮ ਉਠਾਉਣਾ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖਤਰਨਾਕ ਅਪਰਾਧੀ ਜ਼ਮਾਨਤ ’ਤੇ ਰਿਹਾਅ ਹੋ ਜਾਂਦੇ ਹਨ ਕਿਉਂਕਿ ਸੂਬਾਈ ਜੇਲਾਂ ਵਿਚ ਹਾਲਾਤ ਬੇਹੱਦ ਨਿਘਰ ਚੁੱਕੇ ਹਨ।
ਬਰੈਂਪਟਨ ਈਸਟ ਤੋਂ ਐਮ.ਪੀ. ਮਨਿੰਦਰ ਸਿੱਧੂ ਨੇ ਲਾਇਆ ਦੋਸ਼
ਮਨਿੰਦਰ ਸਿੱਧੂ ਨੇ ਕਿਹਾ ਕਿ ਨਿਆਂ ਪ੍ਰਣਾਲੀ ਫੈਡਰਲ ਅਤੇ ਸੂਬਾ ਸਰਕਾਰਾਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਫੈਡਰਲ ਸਰਕਾਰ ਆਪਣੇ ਪੱਧਰ ’ਤੇ ਆਰਗੇਨਾਈਜ਼ਡ ਕ੍ਰਾਈਮ ਰੋਕਣ ਅਤੇ ਗੱਡੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਤਹਿਤ ਸਜ਼ਾਵਾਂ ਵਿਚ ਵਾਧਾ ਕਰ ਚੁੱਕੀ ਹੈ। ਇਸ ਦੇ ਨਾਲ ਕ੍ਰਿਮੀਨਲ ਕੋਡ ਨੂੰ ਵਧੇਰੇ ਮਜ਼ਬੂਤ ਬਣਾਉਂਦਿਆਂ ਜ਼ਮਾਨਤ ਸ਼ਰਤਾਂ ਸਖਤ ਕੀਤੀਆਂ ਗਈਆਂ ਹਨ। ਅਦਾਲਤਾਂ ਅਤੇ ਪੁਲਿਸ ਅਫਸਰਾਂ ਨੂੰ ਅਖਤਿਆਰ ਦਿਤਾ ਗਿਆ ਹੈ ਕਿ ਵਾਰ ਵਾਰ ਅਪਰਾਧ ਕਰਨ ਵਾਲਿਆਂ ਨੂੰ ਜ਼ਮਾਨਤ ’ਤੇ ਰਿਹਾਅ ਨਾ ਕੀਤਾ ਜਾਵੇ। ਇਹ ਸਾਰੇ ਉਪਰਾਲੇ ਤਾਂ ਹੀ ਅਸਰਦਾਰ ਸਾਬਤ ਹੋਣਗੇ ਜੇ ਉਨਟਾਰੀਓ ਸਰਕਾਰ ਆਪਣੇ ਪੱਧਰ ’ਤੇ ਸੁਧਾਰ ਕਰੇਗੀ। ਫੈਡਰਲ ਅਤੇ ਸੂਬਾ ਸਰਕਾਰਾਂ ਰਲ ਮਿਲ ਕੇ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਦਾ ਉਪਰਾਲਾ ਕਰ ਸਕਦੀਆਂ ਹਨ।
ਡਗ ਫੋਰਡ ਸਰਕਾਰ ਨੂੰ ਹਾਲਾਤ ਸੁਧਾਰਨ ਦਾ ਸੱਦਾ ਦਿਤਾ
ਇਥੇ ਦਸਣਾ ਬਣਦਾ ਹੈ ਕਿ ਜਬਰੀ ਵਸੂਲੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਅਰੁਣਦੀਪ ਥਿੰਦ ਦਾ ਮਾਮਲਾ ਬੇਹੱਦ ਚਰਚਾ ਵਿਚ ਰਿਹਾ ਜਦੋਂ ਪੁਲਿਸ ਕਰੂਜ਼ਰ ਵਿਚੋਂ ਬਾਹਰ ਨਿਕਲਦੇ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ। ਹਾਲਾਂਕਿ ਤਸਵੀਰਾਂ ਪੁਰਾਣੀਆਂ ਸਨ ਪਰ ਇਕ ਵਾਰ ਲੋਕਾਂ ਨੂੰ ਮਹਿਸੂਸ ਹੋਣ ਲੱਗਾ ਕਿ ਖਤਰਨਾਕ ਮਾਮਲਿਆਂ ਵਿਚ ਗ੍ਰਿਫ਼ਤਾਰ ਸ਼ੱਕੀ ਵੀ ਕੁਝ ਹੀ ਦਿਨਾਂ ਵਿਚ ਬਾਹਰ ਆ ਸਕਦੇ ਹਨ ਅਤੇ ਮੁੜ ਲੋਕਾਂ ਦੀ ਜ਼ਿੰਦਗੀ ਦੁੱਭਰ ਹੋ ਸਕਦੀ ਹੈ।