ਮਿਸੀਸਾਗਾ ਅਤੇ ਬਰੈਂਪਟਨ ਵਿਚ ਅਪਰਾਧਕ ਵਾਰਦਾਤਾਂ ਘਟੀਆਂ
ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਰਾਹਤ ਭਰੀ ਖ਼ਬਰ ਸੁਣਾਉਂਦਿਆਂ ਪੀਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਮੌਜੂਦਾ ਵਰ੍ਹੇ ਦੇ ਪਹਿਲੇ 9 ਮਹੀਨੇ ਦੌਰਾਨ ਅਪਰਾਧਕ ਵਾਰਦਾਤਾਂ ਵਿਚ ਵੱਡੀ ਕਮੀ ਆਈ ਹੈ
ਬਰੈਂਪਟਨ : ਬਰੈਂਪਟਨ ਅਤੇ ਮਿਸੀਸਾਗਾ ਦੇ ਲੋਕਾਂ ਨੂੰ ਰਾਹਤ ਭਰੀ ਖ਼ਬਰ ਸੁਣਾਉਂਦਿਆਂ ਪੀਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਮੌਜੂਦਾ ਵਰ੍ਹੇ ਦੇ ਪਹਿਲੇ 9 ਮਹੀਨੇ ਦੌਰਾਨ ਅਪਰਾਧਕ ਵਾਰਦਾਤਾਂ ਵਿਚ ਵੱਡੀ ਕਮੀ ਆਈ ਹੈ। ਕਤਲ ਦੀਆਂ ਵਾਰਦਾਤਾਂ 35 ਫ਼ੀ ਸਦੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ 18 ਫ਼ੀ ਸਦੀ ਤੱਕ ਘਟ ਗਈਆਂ ਜਦਕਿ ਘਰਾਂ ਵਿਚ ਦਾਖਲ ਹੋ ਕੇ ਚੋਰੀ ਦੇ ਮਾਮਲਿਆਂ ਵਿਚ 5.8 ਫ਼ੀ ਸਦੀ ਗਿਰਾਵਟ ਆਈ ਹੈ। ਪੀਲ ਪੁਲਿਸ ਵੱਲੋਂ ਇਸ ਪ੍ਰਾਪਤੀ ਦਾ ਸਿਹਰਾ 300 ਨਵੇਂ ਅਫ਼ਸਰਾਂ ਦੀ ਭਰਤੀ ਨੂੰ ਦਿਤਾ ਜਾ ਰਿਹਾ ਹੈ। ਸਭ ਤੋਂ ਅਹਿਮ ਪ੍ਰਾਪਤੀ ਗੱਡੀਆਂ ਚੋਰੀ ਹੋਣ ਦੇ ਮਾਮਲੇ ਵਿਚ ਮੰਨੀ ਜਾ ਸਕਦੀ ਹੈ ਕਿਉਂਕਿ 2024 ਦੇ ਪਹਿਲੇ 9 ਮਹੀਨੇ ਦੌਰਾਨ 5,751 ਗੱਡੀਆਂ ਚੋਰੀ ਹੋਈਆਂ ਜਦਕਿ ਇਸ ਵਾਰ ਅੰਕੜਾ ਘਟ ਕੇ 3,927 ’ਤੇ ਆ ਗਿਆ।
ਕਤਲ ਦੀਆਂ ਵਾਰਦਾਤਾਂ ਵਿਚ 35 ਫੀ ਸਦੀ ਕਮੀ
ਪੁਲਿਸ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਸਤੰਬਰ ਤੱਕ 14 ਕਤਲ ਹੋਏ ਜਦਕਿ ਇਸ ਵਾਰ 9 ਵਾਰਦਾਤਾਂ ਦਰਜ ਕੀਤੀਆਂ ਗਈਆਂ। ਇਸੇ ਤਰ੍ਹਾਂ 2024 ਦੇ ਪਹਿਲੇ 9 ਮਹੀਨੇ ਦੌਰਾਨ ਲੁੱਟ ਦੀਆਂ 742 ਵਾਰਦਾਤਾਂ ਸਾਹਮਣੇ ਆਈਆਂ ਜਦਕਿ ਇਸ ਵਾਰ ਅੰਕੜਾ 607 ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਵਧੀ ਹੈ ਅਤੇ ਸੈਕਸ਼ੁਆਲ ਵਾਇਲੇਸ਼ਨਜ਼ ਵੀ ਵਧੀਆਂ ਹਨ। ਪਿਛਲੇ ਸਾਲ ਸਤੰਬਰ ਤੱਕ 645 ਸ਼ਰਾਬੀ ਡਰਾਈਵਰਾਂ ਨੂੰ ਰੋਕਿਆ ਗਿਆ ਜਦਕਿ ਇਸ ਵਾਰ ਅੰਕੜਾ 700 ਤੋਂ ਟੱਪ ਚੁੱਕਾ ਹੈ। ਦੱਸ ਦੇਈਏ ਕਿ ਪੀਲ ਪੁਲਿਸ ਸੇਵਾਵਾਂ ਬੋਰਡ ਵੱਲੋਂ ਨਵੇਂ ਵਰ੍ਹੇ ਦੌਰਾਨ 175 ਨਵੇਂ ਅਫ਼ਸਰਾਂ ਦੀ ਭਰਤੀ ਨੂੰ ਪ੍ਰਵਾਨਗੀ ਦਿਤੀ ਜਾ ਚੁੱਕੀ ਹੈ ਅਤੇ ਭਵਿੱਖ ਵਿਚ ਪੀਲ ਰੀਜਲਨ ਪੁਲਿਸ ਵਧੇਰੇ ਮੁਸਤੈਦੀ ਵਰਤਦੀ ਨਜ਼ਰ ਆਵੇਗੀ।