ਬਰੈਂਪਟਨ ਵਿਚ ਤੇਜ਼ ਰਫ਼ਤਾਰ ਡਰਾਈਵਰਾਂ ’ਤੇ ਸ਼ਿਕੰਜਾ ਕਸਿਆ

ਤੇਜ਼ ਰਫ਼ਤਾਰ ਡਰਾਈਵਰਾਂ ਦੀ ਨਕੇਲ ਕਸਣ ਲਈ ਬਰੈਂਪਟਨ ਵਿਖੇ ਫੋਟੋ ਰਾਡਾਰ ਕੈਮਰਿਆਂ ਦੀ ਗਿਣਤੀ 185 ਕੀਤੀ ਜਾ ਰਹੀ ਹੈ ਅਤੇ ਨਵੇਂ ਆਟੋਮੈਟਿਕ ਟਿਕਟ ਪ੍ਰੋਸੈਸਿੰਗ ਸੈਂਟਰ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ।

Update: 2024-09-06 12:01 GMT

ਬਰੈਂਪਟਨ : ਤੇਜ਼ ਰਫ਼ਤਾਰ ਡਰਾਈਵਰਾਂ ਦੀ ਨਕੇਲ ਕਸਣ ਲਈ ਬਰੈਂਪਟਨ ਵਿਖੇ ਫੋਟੋ ਰਾਡਾਰ ਕੈਮਰਿਆਂ ਦੀ ਗਿਣਤੀ 185 ਕੀਤੀ ਜਾ ਰਹੀ ਹੈ ਅਤੇ ਨਵੇਂ ਆਟੋਮੈਟਿਕ ਟਿਕਟ ਪ੍ਰੋਸੈਸਿੰਗ ਸੈਂਟਰ ਨੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਲਾਪ੍ਰਵਾਹ ਡਰਾਈਵਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਲਾਪ੍ਰਵਾਹੀ ਬਹੁਤ ਮਹਿੰਗੀ ਪੈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਸੰਬਰ 2023 ਵਿਚ 70 ਮਿਲੀਅਨ ਡਾਲਰ ਦੀ ਲਾਗਤ ਨਾਲ ਖਰੀਦੀ ਇਮਾਰਤ ਵਿਚ ਟਿਕਟ ਪ੍ਰੋਸੈਸਿੰਗ ਸੈਂਟਰ ਤੋਂ ਇਲਾਵਾ ਕਈ ਹੋਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। 175 ਸੈਂਡਲਵੁੱਡ ਪਾਰਕਵੇਅ ’ਤੇ ਸਥਿਤ ਇਮਾਰਤ ਵਿਚ ਬਣਾਏ ਟਿਕਟ ਪ੍ਰੋਸੈਸਿੰਗ ਸੈਂਟਰ ਵਿਚ 40 ਤੋਂ ਵੱਧ ਐਨਫੋਰਸਮੈਂਟ ਅਫਸਰ ਤੈਨਾਤ ਕੀਤੇ ਗਏ ਹਨ। ਮੇਅਰ ਨੇ ਅੱਗੇ ਕਿਹਾ ਕਿ 20 ਨਵੇਂ ਕੈਮਰਿਆਂ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿਤਾ ਜਦਕਿ 2020 ਅਤੇ 2021 ਵਿਚ ਸਥਾਪਤ ਕੈਮਰਿਆਂ ਦੀ ਮਿਆਦ ਪੁੱਗਣ ਵਾਲੀ ਹੈ ਜਿਨ੍ਹਾਂ ਦੀ ਥਾਂ ’ਤੇ ਖੰਭਿਆਂ ਵਾਲੇ ਕੈਮਰੇ ਲਾਏ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਧਰਤੀ ’ਤੇ ਲੱਗੇ ਸਪੀਡ ਕੈਮਰਿਆਂ ਨਾਲ ਛੇੜਛਾੜ ਦੀਆਂ ਵਾਰਦਾਤਾਂ ਨੂੰ ਵੇਖਦਿਆਂ ਹੁਣ ਇਹ ਕੈਮਰੇ ਖੰਭਿਆਂ ’ਤੇ ਲਾਏ ਜਾ ਰਹੇ ਹਨ।

ਸਪੀਡ ਕੈਮਰਿਆਂ ਦੀ ਗਿਣਤੀ 185 ਕੀਤੀ ਜਾਵੇਗੀ

100 ਨਵੇਂ ਕੈਮਰਿਆਂ ਲਈ ਫੰਡ ਅਲਾਟਮੈਂਟ 2024 ਦੇ ਬਜਟ ਵਿਚ ਕੀਤੀ ਜਾ ਚੁੱਕੀ ਹੈ ਪਰ ਇਸੇ ਦੌਰਾਨ ਸਿਟੀ ਕੌਂਸਲ ਵੱਲੋਂ ਖੰਭਿਆਂ ਵਾਲੇ ਕੈਮਰਿਆਂ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿਤੀ ਗਈ ਜਿਸ ਮਗਰੋਂ ਕੁਲ ਗਿਣਤੀ 185 ਤੱਕ ਪਹੁੰਚਣ ਦਾ ਰਾਹ ਪੱਧਰਾ ਹੋ ਗਿਆ। ਸਤੰਬਰ ਦੇ ਅੰਤ 40 ਨਵੇਂ ਕੈਮਰੇ ਸਥਾਪਤ ਕਰ ਦਿਤੇ ਜਾਣਗੇ ਅਤੇ 40 ਹੋਰ ਨਵੰਬਰ ਦੇ ਅੰਤ ਤੱਕ ਲੱਗ ਜਾਣਗੇ। ਇਸ ਮਗਰੋਂ ਫਰਵਰੀ 2025 ਦੇ ਅੰਤ ਤੱਕ 25 ਹੋਰ ਕੈਮਰੇ ਲਾਉਣ ਦੀ ਯੋਜਨਾ ਤੈਅ ਕੀਤੀ ਗਈ ਹੈ ਅਤੇ ਜੂਨ 2025 ਦੇ ਅੰਤ ਤੱਕ 35 ਕੈਮਰੇ ਸਥਾਪਤ ਕਰ ਦਿਤੇ ਜਾਣਗੇ। ਮੇਅਰ ਪੈਟ੍ਰਿਕ ਬ੍ਰਾਊਨ ਨੇ ਦੱਸਿਆ ਕਿ ਮੌਜੂਦਾ ਅਕਾਦਮਿਕ ਵਰ੍ਹੇ ਦੇ ਅੰਤ ਤੱਕ 185 ਕੈਮਰੇ ਹੋਣਗੇ ਅਤੇ ਐਨੀ ਤੇਜ਼ੀ ਨਾਲ ਕੈਨੇਡਾ ਦੇ ਕਿਸੇ ਵੀ ਸ਼ਹਿਰ ਵਿਚ ਸਪੀਡ ਕੈਮਰੇ ਸਥਾਪਤ ਨਹੀਂ ਕੀਤੇ ਗਏ। ਪੈਟ੍ਰਿਕ ਬ੍ਰਾਊਨ ਨੇ ਪਹਿਲੀ ਵਾਰ ਖੁਲਾਸਾ ਕੀਤਾ ਕਿ ਚਲਾਨ ਕੱਟਣ ਦੀਆਂ ਬੰਦਿਸ਼ਾਂ ਕਾਰਨ ਬਰੈਂਪਟਨ ਵਿਖੇ ਸਭ ਤੋਂ ਪਹਿਲਾਂ ਸਥਾਪਤ 50 ਸਪੀਡ ਕੈਮਰੇ ਇਕ ਦਿਨ ਵਿਚ ਸਿਰਫ ਦੋ ਘੰਟੇ ਹੀ ਚਲਾਏ ਜਾ ਸਕਦੇ ਸਨ। ਇਸ ਤੋਂ ਪਹਿਲਾਂ ਟਿਕਟ ਪ੍ਰੋਸੈਸਿੰਗ ਦਾ ਕੰਮ ਟੋਰਾਂਟੋ ਵਿਖੇ ਹੁੰਦਾ ਸੀ ਪਰ ਸ਼ਹਿਰ ਵਿਚ ਹੀ ਪ੍ਰੋਸੈਸਿੰਗ ਸੈਂਟਰ ਖੁੱਲ੍ਹਣ ਨਾਲ ਸਪੀਡ ਕੈਮਰੇ 24 ਘੰਟੇ ਚਲਾਏ ਜਾ ਸਕਦੇ ਹਨ। ਦੱਸ ਦੇਈਏ ਕਿ ਸਪੀਡ ਕੈਮਰਿਆਂ ਰਾਹੀਂ ਜਨਵਰੀ 2021 ਤੋਂ ਦਸੰਬਰ 2023 ਦਰਮਿਆਨ ਸਾਲਾਨਾ 35 ਲੱਖ ਡਾਲਰ ਦੇ ਜੁਰਮਾਨੇ ਤੇਜ਼ ਰਫ਼ਤਾਰ ਡਰਾਈਵਰਾਂ ਨੂੰ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ 185 ਕੈਮਰੇ ਚਾਲੂ ਹੋਣ ਮਗਰੋਂ ਲਾਪ੍ਰਵਾਹ ਡਰਾਈਵਰਾਂ ਤੋਂ 30 ਮਿਲੀਅਨ ਡਾਲਰ ਦਾ ਜੁਰਮਾਨਾ ਵਸੂਲ ਕੀਤਾ ਜਾ ਸਕੇਗਾ।

Tags:    

Similar News