ਸੀ.ਆਰ.ਏ. ਵੱਲੋਂ ਨਵੀਆਂ ਇਨਕਮ ਟੈਕਸ ਦਰਾਂ ਦਾ ਐਲਾਨ
ਕੈਨੇਡਾ ਵਾਲਿਆਂ ਦੇ ਇਨਕਮ ਟੈਕਸ ਵਿਚ ਅਗਲੇ ਵਰ੍ਹੇ ਤੋਂ ਤਬਦੀਲੀਆਂ ਹੋ ਰਹੀਆਂ ਹਨ ਅਤੇ ਸੀ.ਆਰ.ਏ. ਵੱਲੋਂ 2026 ਲਈ ਨਵੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ
ਟੋਰਾਂਟੋ : ਕੈਨੇਡਾ ਵਾਲਿਆਂ ਦੇ ਇਨਕਮ ਟੈਕਸ ਵਿਚ ਅਗਲੇ ਵਰ੍ਹੇ ਤੋਂ ਤਬਦੀਲੀਆਂ ਹੋ ਰਹੀਆਂ ਹਨ ਅਤੇ ਸੀ.ਆਰ.ਏ. ਵੱਲੋਂ 2026 ਲਈ ਨਵੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ। 58,523 ਡਾਲਰ ਸਾਲਾਨਾ ਤੋਂ ਘੱਟ ਆਮਦਨ ਵਾਲਿਆਂ ਨੂੰ 14 ਫੀ ਸਦੀ ਟੈਕਸ ਦੇਣਾ ਹੋਵੇਗਾ ਜਦਕਿ 58,523 ਡਾਲਰ ਤੋਂ ਇਕ ਲੱਖ 17 ਹਜ਼ਾਰ 45 ਡਾਲਰ ਤੱਕ ਦੀ ਸਾਲਾਨਾ ਆਮਦਨ ’ਤੇ 20.5 ਫ਼ੀ ਸਦੀ ਟੈਕਸ ਕਟੌਤੀ ਹੋਵੇਗੀ। ਇਸੇ ਤਰ੍ਹਾਂ 1 ਲੱਖ 17 ਹਜ਼ਾਰ 45 ਡਾਲਰ ਤੋਂ 1 ਲੱਖ 81 ਹਜ਼ਾਰ 440 ਡਾਲਰ ਤੱਕ ਦੀ ਸਾਲਾਨਾ ਆਮਦਨ ’ਤੇ 26 ਫ਼ੀ ਸਦੀ ਟੈਕਸ ਲਾਗੂ ਕੀਤਾ ਜਾਵੇਗਾ ਜਦਕਿ 1 ਲੱਖ 81 ਹਜ਼ਾਰ 440 ਡਾਲਰ ਤੋਂ 2 ਲੱਖ 58 ਹਜ਼ਾਰ 482 ਡਾਲਰ ਦੀ ਆਮਦਨ ’ਤੇ ਟੈਕਸ ਦਰ 29 ਫ਼ੀ ਸਦੀ ਹੋਵੇਗੀ।
58,523 ਡਾਲਰ ਤੋਂ ਘੱਟ ਆਮਦਨ ਵਾਲਿਆਂ ਨੂੰ ਦੇਣਾ ਹੋਵੇਗਾ 14 ਫ਼ੀ ਸਦੀ ਟੈਕਸ
2 ਲੱਖ 58 ਹਜ਼ਾਰ 482 ਡਾਲਰ ਸਾਲਾਨਾ ਤੋਂ ਵੱਧ ਆਮਦਨ ਵਾਲਿਆਂ ਤੋਂ 33 ਫ਼ੀ ਸਦੀ ਦੇ ਹਿਸਾਬ ਨਾਲ ਟੈਕਸ ਵਸੂਲ ਕੀਤੇ ਜਾਣ ਦੀ ਯੋਜਨਾ ਐਲਾਨੀ ਗਈ ਹੈ। ਦੂਜੇ ਪਾਸੇ 13 ਰਾਜਾਂ ਅਤੇ ਟੈਰੇਟ੍ਰੀਜ਼ ਦੀਆਂ ਟੈਕਸ ਦਰਾਂ ਵੱਖਰੇ ਤੌਰ ’ਤੇ ਲਾਗੂ ਹੋਣਗੀਆਂ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ 2026 ਦੌਰਾਨ 1 ਲੱਖ 81 ਹਜ਼ਾਰ 400 ਡਾਲਰ ਜਾਂ ਇਸ ਤੋਂ ਘੱਟ ਆਮਦਨ ਵਾਲਿਆਂ ਨੂੰ ਟੈਕਸ ਦੇ ਰੂਪ ਵਿਚ 16,452 ਡਾਲਰ ਅਦਾ ਕਰਨੇ ਹੋਣਗੇ ਪਰ 2,303 ਡਾਲਰ ਦਾ ਟੈਕਸ ਕ੍ਰੈਡਿਟ ਵੀ ਮਿਲੇਗਾ। ਨਵੀਆਂ ਦਰਾਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਜਦਕਿ ਗੁਡਜ਼ ਐਂਡ ਸਰਵਿਸਿਜ਼ ਟੈਕਸ ਕ੍ਰੈਡਿਟ, ਕੈਨੇਡਾ ਚਾਈਲਡ ਬੈਨੇਫਿਟ ਅਤੇ ਚਾਈਲਡ ਡਿਸਐਬੀਲਿਟੀ ਬੈਨੇਫ਼ਿਟ ਦੇ ਮਾਮਲੇ ਵਿਚ ਦਰਾਂ 1 ਜੁਲਾਈ 2026 ਤੋਂ ਲਾਗੂ ਕੀਤੀਆਂ ਜਾ ਰਹੀਆਂ ਹਨ।
ਰੁਜ਼ਗਾਰ ਬੀਮਾ ਦਰਾਂ ਵਿਚ ਵੀ ਹੋਵੇਗੀ ਤਬਦੀਲੀ
ਆਰਥਿਕ ਮਾਹਰਾਂ ਮੁਤਾਬਕ ਰੁਜ਼ਗਾਰ ਬੀਮੇ ਦੇ ਪ੍ਰੀਮੀਅਮ ਵਿਚ ਵੀ ਤਬਦੀਲੀ ਆਵੇਗੀ ਅਤੇ ਇੰਪਲੌਇਰਜ਼ ਦਾ ਯੋਗਦਾਨ 2.28 ਫ਼ੀ ਸਦੀ ਜਾਂ ਵੱਧ ਤੋਂ ਵੱਧ 1,572 ਡਾਲਰ ਸਾਲਾਨਾ ਹੋਵੇਗਾ। ਮੁਲਾਜ਼ਮਾਂ ਦਾ ਯੋਗਦਾਨ 1.63 ਫ਼ੀ ਸਦੀ ਜਾਂ ਵੱਧ ਤੋਂ ਵੱਧ 1,123 ਡਾਲਰ ਤੱਕ ਹੋਵੇਗਾ। ਰੁਜ਼ਗਾਰ ਬੀਮੇ ਦੇ ਘੇਰੇ ਵਿਚ ਆਉਣ ਵਾਲੀ ਵੱਧ ਤੋਂ ਵੱਧ ਸਾਲਾਨਾ ਆਮਦਨ 68,900 ਡਾਲਰ ਹੋਵੇਗੀ। ਇਸੇ ਤਰ੍ਹਾਂ ਕੈਨੇਡਾ ਪੈਨਸ਼ਨ ਪਲੈਨ ਇੰਪਲੌਇਰ ਅਤੇ ਇੰਪਲੌਈ ਵੱਲੋਂ ਯੋਗਦਾਨ ਪਾਉਣ ਦੀ ਦਰ ਮੌਜੂਦਾ ਵਰ੍ਹੇ ਦੇ ਬਰਾਬਰ 5.95 ਫ਼ੀ ਸਦੀ ਹੀ ਰਹੇਗੀ।