ਕੈਨੇਡਾ ਚੋਣਾਂ ਬਾਰੇ ਸਰਵੇਖਣਾਂ ਤੋਂ ਕੰਜ਼ਰਵੇਟਿਵ ਪਾਰਟੀ ਚਿੰਤਤ

ਕੈਨੇਡਾ ਦੀ ਵਿਰੋਧੀ ਧਿਰ ਨੇ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦਾ ਲੀਡਰ ਮੰਨ ਲਿਆ ਹੈ ਅਤੇ ਅਗਲੇ ਮਹੀਨੇ ਚੋਣਾਂ ਦਾ ਬਿਗਲ ਵੱਜਣ ਦੀ ਸੰਭਾਵਨਾ ਨੂੰ ਵੇਖਦਿਆਂ ਮਾਰਕ ਕਾਰਨੀ ਨੂੰ ਨਿਸ਼ਾਨਾ ਬਣਾਉਣ ਦੀ ਮੁਹਿੰਮ ਆਰੰਭੀ;

Update: 2025-02-15 11:21 GMT

ਔਟਵਾ : ਕੈਨੇਡਾ ਦੀ ਵਿਰੋਧੀ ਧਿਰ ਨੇ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦਾ ਲੀਡਰ ਮੰਨ ਲਿਆ ਹੈ ਅਤੇ ਅਗਲੇ ਮਹੀਨੇ ਚੋਣਾਂ ਦਾ ਬਿਗਲ ਵੱਜਣ ਦੀ ਸੰਭਾਵਨਾ ਨੂੰ ਵੇਖਦਿਆਂ ਕੰਜ਼ਰਵੇਟਿਵ ਪਾਰਟੀ ਵੱਲੋਂ ਮਾਰਕ ਕਾਰਨੀ ਨੂੰ ਨਿਸ਼ਾਨਾ ਬਣਾਉਣ ਦੀ ਮੁਹਿੰਮ ਆਰੰਭੀ ਗਈ ਹੈ। ਪਿਛਲੇ 12 ਸਾਲ ਵਿਚ ਪਹਿਲੀ ਵਾਰ ਟੋਰੀਆਂ ਦਾ ਮੁਕਾਬਲਾ ਜਸਟਿਨ ਟਰੂਡੋ ਨਾਲ ਨਹੀਂ ਹੋਵੇਗਾ ਪਰ ਚੋਣ ਸਰਵੇਖਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੀ ਘਟਦੀ ਲੀਡ ਚਿੰਤਾ ਦਾ ਕਾਰਨ ਵੀ ਬਣੀ ਹੋਈ ਹੈ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਕਾਰਬਨ ਟੈਕਸ ਸਣੇ ਕਈ ਮੁੱਦਿਆਂ ’ਤੇ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਮਾਰਕੀ ਕਾਰਨੀ ਨੂੰ ਨਿਸ਼ਾਨਾ ਬਣਾਉਂਦਾ ਇਸ਼ਤਿਹਾਰ ਕੀਤਾ ਜਾਰੀ

ਸ਼ੁੱਕਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀਜ਼ ਦੀ ਔਟਵਾ ਵਿਖੇ ਮੀਟਿੰਗ ਹੋਈ ਜਿਸ ਦੌਰਾਨ ਨਵੀਂ ਰਣਨੀਤੀ ਘੜਨ ’ਤੇ ਜ਼ੋਰ ਦਿਤਾ ਗਿਆ। ਪਾਰਟੀ ਵੱਲੋਂ ਜਾਰੀ ਤਾਜ਼ਾ ਇਸ਼ਤਿਹਾਰ ਵਿਚ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਜ਼ਰ ਆਉਂਦੇ ਹਨ ਅਤੇ ਫਿਰ ਕਾਰਨ ਦੀ ਤਸਵੀਰ ਨਜ਼ਰ ਆਉਂਦੀ ਹੈ ਅਤੇ ਪਿਛੋਕੜ ਵਿਚ ਆਵਾਜ਼ ਆਉਂਦੀ ਹੈ ਕਿ ਜੇ ਮਾਰਕ ਕਾਰਨੀ ਜੇਤੂ ਰਹੇ ਤਾਂ ਕੈਨੇਡਾ ਹਾਰ ਜਾਵੇਗਾ। ਉਧਰ ਇਸ਼ਤਿਹਾਰ ਦਾ ਜਵਾਬ ਦਿੰਦਿਆਂ ਮਾਰਕ ਕਾਰਨੀ ਦੀ ਪ੍ਰਚਾਰ ਟੀਮ ਨੇ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਅਤੇ ਉਨ੍ਹਾਂ ਦੇ ਤੌਰ-ਤਰੀਕੇ ਹੂ-ਬ-ਹੂ ਟਰੰਪ ਨਾਲ ਮੇਲ ਖਾਂਦੇ ਹਨ। ਪ੍ਰਚਾਰ ਟੀਮ ਦੀ ਤਰਜਮਾਨ ਐਮਿਲੀ ਵਿਲੀਅਮਜ਼ ਨੇ ਕਿਹਾ ਕਿ ਪਿਅਰੇ ਪੌਇਲੀਐਵ ਨੇ ਮਾਰਕ ਕਾਰਨੀ ਬਾਰੇ ਸੋਚਣਾ ਸ਼ੁਰੂ ਕਰ ਦਿਤਾ ਹੈਜਦਕਿ ਮਾਰਕ ਕਾਰਨੀ ਮੁਲਕ ਦੇ ਆਰਥਚਾਰੇ ਵੱਲ ਧਿਆਨ ਕੇਂਦਰਤ ਕਰ ਰਹੇ ਹਨ ਅਤੇ ਟਰੰਪ ਵੱਲੋਂ ਪੈਦਾ ਕੀਤੇ ਜਾ ਰਹੇ ਖਤਰਿਆਂ ਦਾ ਡਟ ਕੇ ਟਾਕਰਾ ਕਰਨਗੇ। ਇਸੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਲਿਬਰਲ ਸਰਕਾਰ ਦੀਆਂ ਊਰਜਾ ਨੀਤੀਆਂ ਦਾ ਨੁਕਤਾਚੀਨੀ ਕਰਦਿਆਂ ਕਿਹਾ ਕਿ ਕਾਰਨੀ ਅਤੇ ਟਰੂਡੋ ਦੀ ਸੋਚ ਨੇ ਕੈਨੇਡਾ ਨੂੰ ਲਾਚਾਰ ਕਰ ਦਿਤਾ ਜਦੋਂ ਇਹ ਕਹਿਣ ਲੱਗੇ ਕਿਹਾ ਕਿ ਉਹ ਗੁਆਂਢੀ ਮੁਲਕ ਨੂੰ ਐਲ.ਐਨ.ਜੀ. ਦੀ ਵਿਕਰੀ ਨਹੀਂ ਕਰਨਗੇ। ਐਂਡਰਿਊ ਸ਼ੀਅਰ ਨੇ ਦੋਸ਼ ਲਾਇਆ ਕਿ ਇਹ ਸਰਾਸਰ ਬੇਤੁਕਾ ਬਿਆਨ ਸੀ। ਫੈਂਟਾਨਿਲ ਦੇ ਮੁੱਦੇ ’ਤੇ ਕਾਰਨੀ ਨੂੰ ਘੇਰਨ ਦਾ ਯਤਨ ਕਰਦਿਆਂ ਐਂਡਰਿਊ ਸ਼ੀਅਰ ਨੇ ਆਖਿਆ ਕਿ ਉਹ ਫੈਂਟਾਨਿਲ ਨੂੰ ਅਮਰੀਕਾ ਨੂੰ ਵਾਸਤੇ ਗੰਭੀਰ ਚੁਣੌਤੀ ਦੱਸ ਰਹੇ ਹਨ ਜਦਕਿ ਕੈਨੇਡਾ ਵਿਚ ਸਾਧਾਰਣ ਮਸਲਾ ਮੰਨਿਆ ਜਾ ਰਿਹਾ ਹੈ।

12 ਸਾਲ ਵਿਚ ਪਹਿਲੀ ਵਾਰ ਟੋਰੀਆਂ ਦੀ ਟਰੂਡੋ ਨਾਲ ਨਹੀਂ ਹੋਵੇਗੀ ਟੱਕਰ

ਸ਼ੀਅਰ ਨੇ ਅੱਗੇ ਕਿਹਾ ਕਿ ਸ਼ਾਇਦ ਮਾਰਕ ਕਾਰਨੀ ਇਕ ਵੱਖਰੀ ਦੁਨੀਆਂ ਵਿਚ ਵਸਦੇ ਹਨ ਅਤੇ ਉਨ੍ਹਾਂ ਨੇ ਸੰਭਾਵਤ ਤੌਰ ’ਤੇ ਕੈਨੇਡਾ ਦੀਆਂ ਗਲੀਆਂ ਵਿਚ ਕਦੇ ਚਹਿਲਕਦਮੀ ਨਹੀਂ ਕੀਤੀ ਅਤੇ ਨਾ ਹੀ ਕਦੇ ਪਬਲਿਕ ਟ੍ਰਾਂਜ਼ਿਟ ਵਿਚ ਸਫਰ ਕੀਤਾ ਮਹਿਸੂਸ ਹੁੰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਫੈਂਟਾਨਿਲ ਕਾਰਨ ਜਿਥੇ ਅਮਰੀਕਾ ਵਿਚ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ, ਉਥੇ ਹੀ ਕੈਨੇਡਾ ਵਾਸਤੇ ਵੀ ਇਹ ਨਸ਼ਾ ਵੱਡੇ ਖਤਰੇ ਤੋਂ ਘੱਟ ਨਹੀਂ। ਦੂਜੇ ਪਾਸੇ ਟਰੂਡੋ ਵੱਲੋਂ ਅਸਤੀਫ਼ੇ ਦਾ ਐਲਾਨ ਕਰਨ ਮਗਰੋਂ ਲਿਬਰਲ ਪਾਰਟੀ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਹਾਲ ਹੀ ਵਿਚ ਲੈਜਰ ਦੇ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੱਜ ਚੋਣਾਂ ਹੋ ਜਾਣ ਤਾਂ 37 ਫ਼ੀ ਸਦੀ ਲੋਕ ਲਿਬਰਲ ਪਾਰਟੀ ਦੇ ਹੱਕ ਵਿਚ ਭੁਗਤ ਸਕਦੇ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਲਿਬਰਲ ਪਾਰਟੀ ਦੇ ਗ੍ਰਾਫ਼ ਵਿਚ ਸੁਧਾਰ ਦੀ ਇਹੋ ਰਫ਼ਤਾਰ ਰਹੀ ਤਾਂ ਚੋਣਾਂ ਵਿਚ ਫ਼ਸਵੀਂ ਟੱਕਰ ਹੋ ਸਕਦੀ ਹੈ।

Tags:    

Similar News