ਕੈਨੇਡਾ ’ਚ ਅੰਮ੍ਰਿਤਧਾਰੀ ਵਿਦਿਆਰਥੀ ਨਾਲ ਕਾਲਜ ਦੀ ਧੱਕੇਸ਼ਾਹੀ
ਕੈਨੇਡਾ ਵਿਚ ਅੰਮ੍ਰਿਤਧਾਰੀ ਵਿਦਿਆਰਥੀ ਨਾਲ ਸਰਾਸਰ ਧੱਕੇਸ਼ਾਹੀ ਕਰਦਿਆਂ ਉਸ ਨੂੰ ਆਪਣੀ ਡਿਗਰੀ ਲੈਣ ਤੋਂ ਰੋਕ ਦਿਤਾ ਗਿਆ
ਔਸ਼ਵਾ : ਕੈਨੇਡਾ ਵਿਚ ਅੰਮ੍ਰਿਤਧਾਰੀ ਵਿਦਿਆਰਥੀ ਨਾਲ ਸਰਾਸਰ ਧੱਕੇਸ਼ਾਹੀ ਕਰਦਿਆਂ ਉਸ ਨੂੰ ਆਪਣੀ ਡਿਗਰੀ ਲੈਣ ਤੋਂ ਰੋਕ ਦਿਤਾ ਗਿਆ। ਜੀ ਹਾਂ, ਔਸ਼ਵਾ ਦੇ ਡਰਹਮ ਕਾਲਜ ਵਿਚ ਪੜ੍ਹਾਈ ਮੁਕੰਮਲ ਕਰਨ ਵਾਲਾ ਹਰਵਿੰਦਰ ਸਿੰਘ ਜਦੋਂ ਕੌਨਵੋਕੇਸ਼ਨ ਵਿਚ ਪੁੱਜਾ ਤਾਂ ਗੇਟ ’ਤੇ ਖੜ੍ਹੇ ਸੁਰੱਖਿਆ ਮੁਲਾਜ਼ਮਾਂ ਨੇ ਕ੍ਰਿਪਾਨ ਧਾਰਨ ਕੀਤੀ ਹੋਣ ਕਾਰਨ ਉਸ ਨੂੰ ਅੰਦਰ ਨਾ ਜਾਣ ਦਿਤਾ। ਹਰਵਿੰਦਰ ਸਿੰਘ ਨੇ ਸਿੱਖ ਧਰਮ ਵਿਚ ਕ੍ਰਿਪਾਨ ਦੀ ਅਹਿਮੀਅਤ ਬਾਰੇ ਸਮਝਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਨੇ ਇਕ ਨਾ ਸੁਣੀ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਡਰਹਮ ਕਾਲਜ ਦੀ ਕੌਨਵੋਕੇਸ਼ਨ 18 ਜੂਨ ਨੂੰ ਕਾਲਜ ਕੈਂਪਸ ਤੋਂ ਬਾਹਰ ਟ੍ਰਿਬਿਊਟ ਕਮਿਊਨਿਟੀਜ਼ ਸੈਂਟਰ ਵਿਖੇ ਹੋਈ ਅਤੇ ਸਮਾਗਮ ਵਾਲੀ ਥਾਂ ਦੇ ਬੁਲਾਰੇ ਨੇ ਕਿਹਾ ਕਿ ਉਹ ਕ੍ਰਿਪਾਨ ਦੀ ਧਾਰਮਿਕ ਅਹਿਮੀਅਤ ਦਾ ਪੂਰਾ ਸਤਿਕਾਰ ਕਰਦੇ ਹਨ ਪਰ ਹਰਵਿੰਦਰ ਸਿੰਘ ਵੱਲੋਂ ਧਾਰਨ ਕ੍ਰਿਪਾਨ ਦੀ ਲੰਬਾਈ ਡਰਹਮ ਕਾਲਜ ਵੱਲੋਂ ਤੈਅ ਲੰਬਾਹੀ ਤੋਂ ਜ਼ਿਆਦਾ ਸੀ।
ਡਿਗਰੀ ਵੰਡ ਸਮਾਗਮ ਵਿਚ ਦਾਖਲ ਹੋਣ ਤੋਂ ਰੋਕਿਆ
ਡਰਹਮ ਕਾਲਜ ਦੀਆਂ ਹਦਾਇਤਾਂ ਮੁਤਾਬਕ ਕ੍ਰਿਪਾਨ ਦੀ ਲੰਬਾਈ 7 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਜਿਹੜੇ ਵਿਦਿਆਰਥੀ ਨੂੰ ਰੋਕਿਆ ਗਿਆ, ਉਸ ਨੇ 18 ਤੋਂ 24 ਇੰਚ ਲੰਮੀ ਕ੍ਰਿਪਾਨ ਧਾਰਨ ਕੀਤੀ ਹੋਈ ਸੀ ਜਿਸ ਦੇ ਮੱਦੇਨਜ਼ਰ ਸੁਰੱਖਿਆ ਅਮਲੇ ਵੱਲੋਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਗਈ। ਉਧਰ, ਡਰਹਮ ਕਾਲਜ ਦੀ ਕਮਿਊਨੀਕੇਸ਼ਨ ਡਾਇਰੈਕਟਰ Çਲੰਡਸੇ ਹੌਲੀ ਨੇ ਕਿਹਾ ਕਿ ਉਨ੍ਹਾਂ ਦਾ ਵਿਦਿਅਕ ਅਦਾਰਾ ਸਿੱਖ ਧਰਮ ਵਿਚ ਕ੍ਰਿਪਾਨ ਦੀ ਅਹਿਮੀਅਤ ਨੂੰ ਬਾਖੂਬੀ ਸਮਝਦਾ ਹੈ ਅਤੇ ਇਸ ਉਤੇ ਕੋਈ ਰੋਕ ਨਹੀਂ। ਸਿੱਖ ਵਿਦਿਆਰਥੀ ਕਾਲਜ ਕੈਂਪਸ ਵਿਚ ਕ੍ਰਿਪਾਨ ਧਾਰਨ ਕਰ ਕੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਹਰ ਕਿਸਮ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋਣ ਦੀ ਖੁੱਲ੍ਹ ਹੁੰਦੀ ਹੈ। ਡਿਗਰੀ ਵੰਡ ਸਮਾਗਮ ਕਾਲਜ ਕੈਂਪਸ ਵਿਚ ਨਹੀਂ ਹੋਇਆ ਜਿਸ ਦੇ ਮੱਦੇਨਜ਼ਰ ਵਿਸਤਾਰਤ ਵੇਰਵੇ ਮੁਹੱਈਆ ਕਰਵਾਉਣੇ ਸੰਭਵ ਨਹੀਂ। ਹਰਵਿੰਦਰ ਸਿੰਘ ਨੂੰ ਡਿਗਰੀ ਮਿਲ ਚੁੱਕੀ ਹੈ ਜਾਂ ਨਹੀਂ, ਇਸ ਬਾਰੇ ਵੀ ਕਾਲਜ ਵੱਲੋਂ ਸਪੱਸ਼ਟ ਜਾਣਕਾਰੀ ਨਹੀਂ ਦਿਤੀ ਗਈ। ਦੂਜੇ ਪਾਸੇ ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਕਾਲਜ ਪ੍ਰਬੰਧਕਾਂ ਦੇ ਸੰਪਰਕ ਵਿਚ ਹੈ ਪਰ ਹੁਣ ਤੱਕ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲ ਸਕਿਆ। ਹਰਵਿੰਦਰ ਸਿੰਘ ਦੇ ਮਸਲੇ ’ਤੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਕਾਲਜ ਨੂੰ ਨੋਟਿਸ ਭੇਜਿਆ ਗਿਆ ਪਰ ਇਸ ਦੇ ਜਵਾਬ ਵਿਚ ਸਿਰਫ਼ ਕ੍ਰਿਪਾਨ ਨੀਤੀ ਦੇ ਵੇਰਵੇ ਹੀ ਮੁਹੱਈਆ ਕਰਵਾਏ ਗਏ। ਕਾਲਜ ਨੇ ਕੌਨਵੋਕੇਸ਼ਨ ਵਾਲੇ ਦਿਨ ਵਾਪਰੇ ਘਟਨਾਕ੍ਰਮ ’ਤੇ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ।
4 ਮਹੀਨੇ ਤੋਂ ਡਿਗਰੀ ਨਹੀਂ ਦੇ ਰਿਹਾ ਕਾਲਜ
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕਿਹਾ ਕਿ ਹਰਵਿੰਦਰ ਸਿੰਘ ਦਾ ਮਾਮਲਾ ਬੇਹੱਦ ਹੈਰਾਨਕੁੰਨ ਅਤੇ ਵਿਤਕਰੇ ਦੀ ਨਾਕਾਬਿਲ- ਏ-ਬਰਦਾਸ਼ਤ ਮਿਸਾਲ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਸਪੱਸ਼ਟ ਹਦਾਇਤ ਦਿਤੀ ਗਈ ਹੈ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਜਨਤਕ ਥਾਵਾਂ ਅੰਦਰ ਦਾਖਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ ਪਰ ਇਕ ਵਿਦਿਆਰਥੀ ਨੂੰ ਉਸ ਦੀ ਆਪਣੀ ਕੌਨਵੋਕੇਸ਼ਨ ਤੋਂ ਦੂਰ ਕਰ ਦਿਤਾ ਗਿਆ ਜੋ ਸਰਾਸਰ ਧੱਕੇਸ਼ਾਹੀ ਹੈ। ਇਥੇ ਦਸਣਾ ਬਣਦਾ ਹੈ ਕਿ ਹਰਵਿੰਦਰ ਸਿੰਘ ਨੇ ਜੂਨ ਵਿਚ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਮੁਕੰਮਲ ਕੀਤਾ ਅਤੇ ਹੁਣ ਉਹ ਡਰਹਮ ਕਾਲਜ ਵਿਚ ਆਈ.ਟੀ. ਦਾ ਕੋਰਸ ਕਰ ਰਿਹਾ ਹੈ ਪਰ ਚਾਰ ਮਹੀਨੇ ਬਾਅਦ ਵੀ ਕਾਲਜ ਪ੍ਰਬੰਧਕ ਉਸ ਨੂੰ ਡਿਗਰੀ ਦੇਣ ਦਾ ਨਾਂ ਨਹੀਂ ਲੈ ਰਹੇ।