‘ਕੈਨੇਡਾ ’ਚ ਕੱਚਿਆਂ ਦੇ ਘਰ ਜੰਮੇ ਬੱਚਿਆਂ ਨੂੰ ਨਾ ਮਿਲੇ ਸਿਟੀਜ਼ਨਸ਼ਿਪ’
ਟਰੰਪ ਦੀ ਸੁਰ ਵਿਚ ਸੁਰ ਮਿਲਾਉਂਦਿਆਂ ਕੰਜ਼ਰਵੇਟਿਵ ਪਾਰਟੀ ਨੇ ਕੱਚੇ ਪ੍ਰਵਾਸੀਆਂ ਦੇ ਘਰ ਜੰਮਣ ਵਾਲੇ ਬੱਚਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਤੋਂ ਵਾਂਝਾ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ
ਔਟਵਾ : ਟਰੰਪ ਦੀ ਸੁਰ ਵਿਚ ਸੁਰ ਮਿਲਾਉਂਦਿਆਂ ਕੰਜ਼ਰਵੇਟਿਵ ਪਾਰਟੀ ਨੇ ਕੱਚੇ ਪ੍ਰਵਾਸੀਆਂ ਦੇ ਘਰ ਜੰਮਣ ਵਾਲੇ ਬੱਚਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਤੋਂ ਵਾਂਝਾ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਵਿਰੋਧੀ ਧਿਰ ਵੱਲੋਂ ਇੰਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਕਿਹਾ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਸਿਰਫ਼ ਉਨ੍ਹਾਂ ਬੱਚਿਆ ਨੂੰ ਹੀ ਮਿਲੇ ਜਿਨ੍ਹਾਂ ਦੇ ਮਾਪਿਆਂ ਵਿਚੋਂ ਘੱਟੋ ਘੱਟ ਇਕ ਪਰਮਾਨੈਂਟ ਰੈਜ਼ੀਡੈਂਟ ਹੋਵੇ ਜਾਂ ਮੁਲਕ ਦਾ ਨਾਗਰਿਕ। ਇਕ ਇੰਟਰਵਿਊ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਇੰਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕਰਨ ਵਾਲਿਆਂ ਨਾਲ ਸਖ਼ਤੀ ਵਰਤਣ ਵਿਚ ਅਸਫ਼ਲ ਰਹੀ ਹੈ। ਕੈਨੇਡਾ ਦੀ ਧਰਤੀ ’ਤੇ ਜੰਮਿਆ ਹਰ ਬੱਚਾ ਇਥੋਂ ਤਾ ਨਾਗਰਿਕ ਨਹੀਂ ਬਣ ਸਕਦਾ, ਇਹ ਸਿੱਧੇ ਤੌਰ ’ਤੇ ਇੰਮੀਗ੍ਰੇਸ਼ਨ ਸਿਸਟਮ ਦਾ ਮੂੰਹ ਚਿੜ੍ਹਾਉਣ ਵਾਂਗ ਹੈ।
ਟਰੰਪ ਦੇ ਰਾਹ ’ਤੇ ਵਧਣ ਲੱਗੀ ਕੰਜ਼ਰਵੇਟਿਵ ਪਾਰਟੀ
ਮਿਸ਼ੇਲ ਰੈਂਪਲ ਗਾਰਨਰ ਨੇ ਅੱਗੇ ਕਿਹਾ ਕਿ ਸਭ ਤੋਂ ਪਹਿਲਾਂ ਬਰਥ ਟੂਰਿਜ਼ਮ ਖਤਮ ਹੋਣਾ ਚਾਹੀਦਾ ਹੈ ਕਿਉਂਕਿ ਵੱਡੀ ਗਿਣਤੀ ਵਿਚ ਲੋਕ ਕੈਨੇਡਾ ਦੀ ਧਰਤੀ ’ਤੇ ਸਿਰਫ਼ ਇਸ ਕਰ ਕੇ ਆਉਂਦੇ ਹਨ ਤਾਂਕਿ ਬੱਚੇ ਪੈਦਾ ਕਰ ਕੇ ਉਨ੍ਹਾਂ ਨੂੰ ਕੈਨੇਡੀਅਨ ਸਿਟੀਜ਼ਨ ਬਣਾ ਸਕਣ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਇਸ ਵੇਲੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 30 ਲੱਖ ਤੋਂ ਉਤੇ ਹੈ ਜੋ ਮੁਲਕ ਦੀ ਆਬਾਦੀ ਦਾ ਸੱਤ ਫੀ ਸਦੀ ਬਣਦੇ ਹਨ। ਲਿਬਰਲ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਨੀਤੀਆਂ ਸਖ਼ਤ ਕੀਤੇ ਜਾਣ ਮਗਰੋਂ ਆਰਜ਼ੀ ਵੀਜ਼ਾ ’ਤੇ ਕੈਨੇਡਾ ਆਏ ਲੋਕਾਂ ਦੀ ਗਿਣਤੀ ਵਿਚ ਕਮੀ ਆ ਰਹੀ ਹੈ ਪਰ ਵਿਰੋਧੀ ਧਿਰ ਵੱਡੀ ਕਾਰਵਾਈ ਦੇ ਹੱਕ ਵਿਚ ਹੈ। ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਮਿਸ਼ੇਲ ਰੈਂਪਲ ਗਾਰਨਰ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚ ਬੱਚੇ ਜੰਮਣ ਦੇ ਤਰੀਕੇ ਦੱਸੇ ਜਾ ਰਹੇ ਹਨ ਅਤੇ ਇਸ ਬਾਰੇ ਠੋਸ ਸਬੂਤ ਮੌਜੂਦ ਹਨ। ਉਨ੍ਹਾਂ ਦਲੀਲ ਦਿਤੀ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਬਰਥ ਰਾਈਟ ਸਿਟੀਜ਼ਨਸ਼ਿਪ ਰੱਦ ਕਰਨ ਲਈ ਪਿਛਲੇ ਦਿਨੀਂ ਇਕ ਸਰਕਾਰੀ ਬਿਲ ਵਿਚ ਸੋਧ ਕਰਵਾਉਣ ਦਾ ਯਤਨ ਕੀਤਾ ਗਿਆ ਪਰ ਲਿਬਰਲ ਅਤੇ ਬਲੌਕ ਕਿਊਬੈਕਵਾ ਦੇ ਐਮ.ਪੀਜ਼ ਨੇ ਮਤਾ ਰੱਦ ਕਰਵਾ ਦਿਤਾ। ਉਧਰ ਕੈਨੇਡਾ ਦੇ ਨਿਆਂ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਨਾਲ ਸਬੰਧਤ ਕਾਨੂੰਨ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
ਟੋਰੀਆਂ ਦੀ ਤਜਵੀਜ਼ ਨਾਲ ਸਹਿਮਤ ਨਹੀਂ ਲਿਬਰਲ ਸਰਕਾਰ
ਲਿਬਰਲ ਕੌਕਸ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਚੋਣਵੇਂ ਲੋਕਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਾ ਲਾਭ ਦੇਣ ਦੀ ਗੱਲ ਆਉਂਦੀ ਹੈ ਤਾਂ ਹੈਰਾਨਕੁੰਨ ਟਿੱਪਣੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਸੇ ਦੌਰਾਨ ਇੰਸਟੀਚਿਊਟ ਫੌਰ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਮੁੱਖ ਕਾਰਜਕਾਰੀ ਅਫ਼ਸਰ ਨੇ ਵੀ ਕਿਹਾ ਕਿ ਸਿਟੀਜ਼ਨਸ਼ਿਪ ਨਿਯਮਾਂ ਵਿਚ ਤਬਦੀਲੀ ਦਾ ਸਭ ਤੋਂ ਮਾੜਾ ਅਸਰ ਨਵੇਂ ਆਉਣ ਵਾਲੇ ਪ੍ਰਵਾਸੀਆਂ ’ਤੇ ਪਵੇਗਾ ਅਤੇ ਹੁਨਰਮੰਦ ਕਾਮਿਆਂ ਨੂੰ ਮੁਲਕ ਵਿਚ ਸੰਭਾਲ ਕੇ ਰੱਖਣਾ ਮੁਸ਼ਕਲ ਹੋ ਸਕਦਾ ਹੈ। ਸਾਬਕਾ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਕੈਨੇਡਾ ਦਾ ਸੰਵਿਧਾਨ ਹੀ ਇਜਾਜ਼ਤ ਨਹੀਂ ਦਿੰਦਾ ਕਿ ਮੁਲਕ ਵਿਚ ਜੰਮਿਆਂ ਦੀ ਨਾਗਰਿਕਤਾ ਖਤਮ ਕਰ ਦਿਤੀ ਜਾਵੇ। ਗੁਆਂਢੀ ਮੁਲਕ ਦੇ ਰਾਸ਼ਟਰਪਤੀ ਵੱਲੋਂ ਵੀ ਅਜਿਹਾ ਕਰਨ ਦੇ ਯਤਨ ਕੀਤੇ ਗਏ ਪਰ ਹੁਣ ਤੱਕ ਸਫ਼ਲ ਨਹੀਂ ਹੋ ਸਕੇ।