ਟੋਰਾਂਟੋ ਵਿਖੇ ਝੀਲ ਵਿਚ ਡਿੱਗੀ ਗੱਡੀ, 6 ਜਣੇ ਹਸਪਤਾਲ ਦਾਖਲ
ਟੋਰਾਂਟੋ ਵਿਖੇ ਐਤਵਾਰ ਰਾਤ ਇਕ ਗੱਡੀ ਝੀਲ ਵਿਚ ਡਿੱਗਣ ਮਗਰੋਂ ਛੇ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿਚੋਂ ਇਕ ਔਰਤ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।;
ਟੋਰਾਂਟੋ : ਟੋਰਾਂਟੋ ਵਿਖੇ ਐਤਵਾਰ ਰਾਤ ਇਕ ਗੱਡੀ ਝੀਲ ਵਿਚ ਡਿੱਗਣ ਮਗਰੋਂ ਛੇ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿਚੋਂ ਇਕ ਔਰਤ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਟੋਰਾਂਟੋ ਪੈਰਾਮੈਡਿਕਸ ਨੇ ਦੱਸਿਆ ਕਿ ਬਾਕੀ ਪੰਜ ਜਣਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਟੋਰਾਂਟੋ ਪੁਲਿਸ ਮੁਤਾਬਕ ਲੇਕਸ਼ੋਰ ਰੋਡ ਬੁਲੇਵਾਰਡ ਈਸਟ ਅਤੇ ਲੋਅਰ ਕੌਕਸਵੈਲ ਐਵੇਨਿਊ ਦੇ ਦੱਖਣ ਵੱਲ ਐਸ਼ਬ੍ਰਿਜਿਜ਼ ਬੇਅ ਪਾਰਕ ਰੋਡ ਵਿਖੇ ਰਾਤ ਤਕਰੀਬਨ 9.30 ਵਜੇ ਇਕ ਗੱਡੀ ਦੇ ਪਾਣੀ ਵਿਚ ਡੁੱਬਣ ਬਾਰੇ ਪਤਾ ਲਗਦਿਆਂ ਹੀ ਐਮਰਜੰਸੀ ਕਾਮਿਆਂ ਨੂੰ ਸੱਦਿਆ ਗਿਆ।
ਔਰਤ ਦੀ ਹਾਲਤ ਨਾਜ਼ੁਕ, 5 ਦੀ ਹਾਲਤ ਖਤਰੇ ਤੋਂ ਬਾਹਰ
ਮੁਢਲੇ ਤੌਰ ’ਤੇ ਪਤਾ ਲੱਗਾ ਕਿ ਗੱਡੀ ਵਿਚ ਦੋ ਜਣੇ ਸਨ ਜਿਨ੍ਹਾਂ ਵਿਚੋਂ ਇਕ ਬਾਹਰ ਨਿਕਲ ਆਇਆ ਜਦਕਿ ਦੂਜਾ ਅੰਦਰ ਫਸਿਆ ਹੋਇਆ ਸੀ। ਕੁਝ ਦੇਰ ਬਾਅਦ ਦੂਜੇ ਸ਼ਖਸ ਨੂੰ ਵੀ ਗੱਡੀ ਵਿਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਟੋਰਾਂਟੋ ਫਾਇਰ ਸਰਵਿਸ ਨੇ ਦੱਸਿਆ ਕਿ ਮੌਕਾ ਏ ਵਾਰਦਾਤ ’ਤੇ ਇਕ ਸ਼ਖਸ ਗੱਡੀ ਦੀ ਛੱਤ ’ਤੇ ਬੈਠਾ ਨਜ਼ਰ ਆਇਆ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਗੱਡੀ ਪਾਣੀ ਵਿਚ ਕਿਵੇਂ ਡਿੱਗੀ।