ਕੈਨੇਡਾ ਵਾਲਿਆਂ ਦੇ ਖਾਤੇ ਵਿਚ ਆਉਣਗੇ 150 ਤੋਂ 228 ਡਾਲਰ

ਕੈਨੇਡਾ ਵਾਲਿਆਂ ਦੇ ਖਾਤੇ ਵਿਚ ਮੰਗਲਵਾਰ ਨੂੰ ਕਾਰਬਨ ਟੈਕਸ ਰਿਬੇਟ ਦੀ ਇਕ ਹੋਰ ਕਿਸ਼ਤ ਪੁੱਜ ਰਹੀ ਹੈ।

Update: 2025-04-21 13:08 GMT

ਟੋਰਾਂਟੋ, : ਕੈਨੇਡਾ ਵਾਲਿਆਂ ਦੇ ਖਾਤੇ ਵਿਚ ਮੰਗਲਵਾਰ ਨੂੰ ਕਾਰਬਨ ਟੈਕਸ ਰਿਬੇਟ ਦੀ ਇਕ ਹੋਰ ਕਿਸ਼ਤ ਪੁੱਜ ਰਹੀ ਹੈ। ਜੀ ਹਾਂ, ਉਨਟਾਰੀਓ ਦੇ ਲੋਕਾਂ ਨੂੰ 151 ਡਾਲਰ, ਐਲਬਰਟਾ ਵਾਸੀਆਂ ਨੂੰ 228 ਡਾਲਰ ਅਤੇ ਸਸਕੈਚਵਨ ਵਾਲਿਆਂ ਨੂੰ 206 ਡਾਲਰ ਤੱਕ ਦੀ ਰਕਮ ਮਿਲ ਸਕਦੀ ਹੈ। ਇਸ ਤੋਂ ਇਲਾਵਾ ਨਿਊ ਫਾਊਂਡਲੈਂਡ ਐਂਡ ਲੈਬਰਾਡੌਰ ਦੇ ਲੋਕਾਂ ਨੂੰ 149 ਡਾਲਰ, ਪ੍ਰਿੰਸ ਐਡਵਰਡ ਆਇਲੈਂਡ ਵਾਸੀਆਂ ਨੂੰ 110 ਡਾਲਰ, ਨੋਵਾ ਸਕੋਸ਼ੀਆ ਵਾਸੀਆਂ ਨੂੰ 110 ਡਾਲਰ, ਨਿਊ ਬ੍ਰਨਜ਼ਵਿਕ ਵਾਲਿਆਂ ਨੂੰ 165 ਡਾਲਰ ਅਤੇ ਮੈਨੀਟੋਬਾ ਵਾਸੀਆਂ ਨੂੰ 150 ਡਾਲਰ ਤੱਕ ਮਿਲ ਸਕਦੇ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ 2 ਅਪ੍ਰੈਲ ਤੱਕ ਇਲੈਕਟ੍ਰਾਨਿਕ ਤਰੀਕੇ ਨਾਲ 2024 ਦੀ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੇ ਖਾਤੇ ਵਿਚ 22 ਅਪ੍ਰੈਲ ਨੂੰ ਹੀ ਬਣਦੀ ਰਕਮ ਆ ਜਾਵੇਗੀ ਪਰ ਅਜਿਹਾ ਨਾ ਕਰਨ ਵਾਲਿਆਂ ਨੂੰ ਉਦੋਂ ਤੱਕ ਉਡੀਕ ਕਰਨੀ ਹੋਵੇਗੀ ਜਦੋਂ ਤੱਕ ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਇਨਕਮ ਟੈਕਸ ਰਿਟਰਨ ਦਾ ਮੁਲਾਂਕਣ ਨਾ ਕਰ ਲਿਆ ਜਾਵੇ।

ਕਾਰਬਨ ਟੈਕਸ ਰਿਬੇਟ ਦੀ ਅੰਤਮ ਕਿਸ਼ਤ 22 ਅਪ੍ਰੈਲ ਨੂੰ ਮਿਲੇਗੀ

ਕੁਝ ਸਿਆਸਤਦਾਨ ਇਸ ਰਕਮ ਨੂੰ ਬੋਨਸ ਦਾ ਨਾਂ ਦੇ ਰਹੇ ਹਨ ਅਤੇ ਫਿਲਹਾਲ ਫਾਇਨੈਂਸ ਕੈਨੇਡਾ ਵੱਲੋਂ ਵਿਸਤਾਰਤ ਤੌਰ ’ਤੇ ਨਹੀਂ ਦੱਸਿਆ ਕਿ ਆਖਰਕਾਰ ਸਰਕਾਰੀ ਖਜ਼ਾਨੇ ’ਤੇ ਕਿੰਨਾ ਬੋਝ ਪਵੇਗਾ। ਅਤੀਤ ਵਿਚ ਕੀਤੀਆਂ ਅਦਾਇਗੀਆਂ ਦੀ ਸਮੀਖਿਆ ਕੀਤੀ ਜਾਵੇ ਤਾਂ ਘੱਟੋ ਘੱਟ ਖਰਚਾ 2 ਅਰਬ ਡਾਲਰ ਬਣਦਾ ਹੈ। ਇਸੇ ਦੌਰਾਨ ਗਰੀਨ ਪਾਰਟੀ ਦੇ ਆਗੂ ਜੌਨਾਥਨ ਪੈਨੋ ਦਾ ਕਹਿਣਾ ਸੀ ਕਿ ਬਿਨਾ ਸ਼ੱਕ ਕੈਨੇਡੀਅਨ ਲੋਕ ਇਸ ਅੰਤਮ ਅਦਾਇਗੀ ਦੇ ਹੱਕਦਾਰ ਹਨ ਪਰ 28 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਅਦਾਇਗੀ ਦਾ ਸਮਾਂ ਜਾਇਜ਼ ਮਹਿਸੂਸ ਨਹੀਂ ਹੋ ਰਿਹਾ। ਦੂਜੇ ਪਾਸੇ ਯੂਨੀਵਰਸਿਟੀ ਆਫ਼ ਐਲਬਰਟਾ ਵਿਚ ਇਕਨੌਮਿਕਸ ਦੇ ਪ੍ਰੋ. ਐਂਡਰਿਊ ਲੀਚ ਨੇ ਕਿਹਾ ਕਿ ਕਾਰਬਨ ਟੈਕਸ ਨੂੰ ਐਨਾ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਲਿਬਰਲ ਸਰਕਾਰ ਕੋਲ ਇਸ ਨੂੰ ਵਾਪਸ ਲੈਣ ਤੋਂ ਸਿਵਾਏ ਕੋਈ ਚਾਰਾ ਹੀ ਨਹੀਂ ਸੀ ਬਚਿਆ।

Tags:    

Similar News