ਕੈਨੇਡਾ ਵਾਲਿਆਂ ਨੂੰ ਮਿਲਣਗੇ 200-200 ਡਾਲਰ
ਕੈਨੇਡਾ ਵਿਚ ਮੁੜ ਲੱਖਾਂ ਲੋਕਾਂ ਨੂੰ 200-200 ਡਾਲਰ ਦੇ ਚੈਕ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਟੋਰਾਂਟੋ : ਕੈਨੇਡਾ ਵਿਚ ਮੁੜ ਲੱਖਾਂ ਲੋਕਾਂ ਨੂੰ 200-200 ਡਾਲਰ ਦੇ ਚੈਕ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੀ ਹਾਂ, ਉਨਟਾਰੀਓ ਦੀ ਡਗ ਫੋਰਡ ਸਰਕਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੂਬੇ ਦੇ ਹਰ ਵਸਨੀਕ ਨੂੰ ਰੀਬੇਟ ਚੈਕ ਵੰਡਣ ’ਤੇ ਵਿਚਾਰ ਕਰ ਰਹੀ ਹੈ ਅਤੇ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਮਕਸਦ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ 1 ਕਰੋੜ 60 ਲੱਖ ਉਨਟਾਰੀਓ ਵਾਸੀਆਂ ਨੂੰ ਰਹਿਣ-ਸਹਿਣ ਦੇ ਵਧਦੇ ਖਰਚਿਆਂ ਨਾਲ ਨਜਿੱਠਣ ਲਈ ਆਰਥਿਕ ਸਹਾਇਤਾ ਦਿਤੀ ਜਾ ਸਕਦੀ ਹੈ ਅਤੇ ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ 30 ਅਕਤੂਬਰ ਨੂੰ ਪਤਝੜ ਰੁੱਤ ਦੇ ਆਰਥਿਕ ਬਿਆਨ ਵਿਚ ਇਸ ਬਾਰੇ ਐਲਾਨ ਕਰ ਸਕਦੇ ਹਨ।
ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਵਸਨੀਕ ਹੋਵੇਗਾ ਹੱਕਦਾਰ
ਭਾਵੇਂ ਆਰਥਿਕ ਸਹਾਇਤਾ ਦੇ ਚੈਕ ਵਿਚ ਭਰੀ ਜਾਣ ਵਾਲੀ ਰਕਮ ਬਾਰੇ ਫਿਲਹਾਲ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ 200 ਡਾਲਰ ਦੀ ਰਕਮ ਲਾਜਜ਼ਮੀ ਤੌਰ ’ਤੇ ਮਿਲ ਸਕਦੀ ਹੈ। ਇਸ ਹਿਸਾਬ ਨਾਲ ਚਾਰ ਜੀਆਂ ਵਾਲੇ ਇਕ ਪਰਵਾਰ ਨੂੰ 800 ਡਾਲਰ ਮਿਲਣਗੇ। ਦੱਸ ਦੇਈਏ ਕਿ ਬੀਤੇ ਅਪ੍ਰੈਲ ਮਹੀਨੇ ਦੌਰਾਨ ਪੇਸ਼ ਬਜਟ ਵਿਚ ਡਗ ਫੋਰਡ ਸਰਕਾਰ ਦੀ ਆਮਦਨ ਵਿਚ ਕਮੀ ਦਿਖਾਈ ਗਈ ਅਤੇ ਬਜਟ ਘਾਟਾ 9.8 ਅਰਬ ਡਾਲਰ ’ਤੇ ਪੁੱਜਣ ਦੇ ਅਨੁਮਾਨ ਲਾਏ ਗਏ। ਅਜਿਹੇ ਵਿਚ 16 ਮਿਲੀਅਨ ਲੋਕਾਂ ਨੂੰ ਆਰਥਿਕ ਸਹਾਇਤਾ ਦੇ ਚੈਕ ਸਰਕਾਰੀ ਖਜ਼ਾਨੇ ’ਤੇ ਵੱਡਾ ਬੋਝ ਪਾ ਸਕਦੇ ਹਨ ਪਰ ਲੋਕਾਂ ਨੂੰ ਖੁਸ਼ ਕਰਨ ਲਈ ਇਹ ਕੀਮਤ ਜ਼ਿਆਦਾ ਨਹੀਂ ਹੋਵੇਗੀ। ਲੋਕਾਂ ਤੱਕ ਚੈੱਕ ਪੁੱਜਣ ਦੀ ਤਰੀਕ ਸਾਹਮਣੇ ਆਉਣ ਮਗਰੋਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਤਰੀਕਾਂ ਵੀ ਸਾਹਮਣੇ ਆ ਸਕਦੀਆਂ ਹਨ। ਉਨਟਾਰੀਓ ਦੇ ਲੋਕਾਂ ਦਾ ਦਿਲ ਜਿੱਤਣ ਦੇ ਮਕਸਦ ਨਾਲ ਹੀ ਡਗ ਫੋਰਡ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦੀ ਯੋਜਨਾ ਸਮੇਂ ਤੋਂ ਪਹਿਲਾਂ ਲਾਗੂ ਕੀਤੀ ਗਈ ਪਰ ਪੱਤਰਕਾਰਾਂ ਵੱਲੋਂ ਕਈ ਮੌਕਿਆਂ ’ਤੇ ਪੁੱਛੇ ਚੋਣਾਂ ਨਾਲ ਸਬੰਧਤ ਸਵਾਲ ਨੂੰ ਪ੍ਰੀਮੀਅਰ ਨੇ ਟਾਲ ਦਿਤਾ। ਹਾਲ ਹੀ ਵਿਚ ਪ੍ਰੀਮੀਅਰ ਡਗ ਫੋਰਡ ਵੱਲੋਂ ਹਾਈਵੇਅ 401 ਦੇ ਹੇਠਾਂ ਸੁਰੰਗ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਜਿਸ ਨੂੰ ਕੁਝ ਲੋਕਾਂ ਨੇ ਪੈਸੇ ਦੀ ਬਰਬਾਦੀ ਕਰਾਰ ਦਿਤਾ ਪਰ ਅਬਾਕਸ ਵੱਲੋਂ ਕਰਵਾਏ ਚੋਣ ਸਰਵੇਖਣ ਦੌਰਾਨ ਸੂਬੇ ਦੇ ਜ਼ਿਆਦਾਤਰ ਲੋਕ ਇਸ ਮੁੱਦੇ ’ਤੇ ਡਗ ਫੋਰਡ ਦੇ ਹੱਕ ਵਿਚ ਖੜ੍ਹੇ ਨਜ਼ਰ ਆਏ। ਅਕਤੂਬਰ ਦੇ ਆਰੰਭ ਵਿਚ ਕੀਤਾ ਗਿਆ ਚੋਣ ਸਰਵੇਖਣ ਕਹਿੰਦਾ ਹੈ ਕਿ ਜੇ ਉਨਟਾਰੀਓ ਵਿਚ ਅੱਜ ਚੋਣਾਂ ਹੋ ਜਾਣ ਤਾਂ 44 ਫੀ ਸਦੀ ਲੋਕ ਪੀ.ਸੀ. ਪਾਰਟੀ ਨੂੰ ਵੋਟ ਪਾਉਣਗੇ ਜਦਕਿ ਬੌਨੀ ਕਰੌਂਬੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੂੰ ਵੋਟ ਪਾਉਣ ਵਾਲਿਆਂ ਦੀ ਗਿਣਤੀ 24 ਫੀ ਸਦੀ ਤੱਕ ਜਾ ਸਕਦੀ ਹੈ। ਇਸ ਵੇਲੇ ਵਿਰੋਧੀ ਧਿਰ ਦਾ ਦਰਜਾ ਪ੍ਰਾਪਤ ਐਨ.ਡੀ.ਪੀ. ਨੂੰ 22 ਫੀ ਸਦੀ ਵੋਟਾਂ ਨਾਲ ਤੀਜੇ ਸਥਾਨ ’ਤੇ ਸਬਰ ਕਰਨਾ ਹੋਵੇਗਾ ਅਤੇ ਗਰੀਨ ਪਾਰਟੀ 7 ਫੀ ਸਦੀ ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇਗੀ। ਦੋ ਮੁੱਦਿਆਂ ’ਤੇ ਪੀ.ਸੀ. ਪਾਰਟੀ ਨੂੰ ਵੱਡੀ ਲੀਡ ਮਿਲਦੀ ਨਜ਼ਰ ਆ ਰਹੀ ਹੈ ਪਰ ਪੀ.ਸੀ. ਪਾਰਟੀ ਵੱਡੀ ਜਿੱਤ ਯਕੀਨੀ ਬਣਾਉਣਾ ਚਾਹੇਗੀ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ 200-200 ਡਾਲਰ ਦੇ ਚੈਕ ਵੰਡਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿੱਤ ਮੰਤਰੀ ਵੱਲੋਂ ਅਪ੍ਰੈਲ ਵਿਚ ਪੇਸ਼ ਬਜਟ ਤਜਵੀਜ਼ਾਂ ਮੁਤਾਬਕ ਸੂਬੇ ਦਾ ਬਜਟ ਘਾਟਾ 2025-26 ਵਿਚ ਘਟ ਕੇ 4.6 ਅਰਬ ਡਾਲਰ ਰਹਿ ਜਾਵੇਗਾ ਜਦਕਿ 2026-27 ਵਿਚ 500 ਮਿਲੀਅਨ ਡਾਲਰ ਸਰਪਲਸ ਵਿਚ ਜਾ ਸਕਦਾ ਹੈ ਜਿਸ ਨੂੰ ਵੇਖਦਿਆਂ ਆਰਥਿਕ ਸਹਾਇਤਾ ਵੰਡਣ ਦਾ ਬਹੁਤ ਸਰਕਾਰ ਨੂੰ ਕੋਈ ਹਰਜ ਨਜ਼ਰ ਨਹੀਂ ਆਉਂਦਾ।