ਕੈਨੇਡਾ ਦੇ ਸਿੱਖ ਕਾਰੋਬਾਰੀ ਤੋਂ ਮੰਗੇ ਜਾ ਰਹੇ ਸਨ 5 ਲੱਖ ਡਾਲਰ
ਕੈਨੇਡਾ ਵਿਚ ਦਿਨ-ਦਿਹਾੜੇ ਕਤਲ ਕੀਤੇ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਤੋਂ ਭਾਰਤੀ ਗੈਂਗਸਟਰ 5 ਲੱਖ ਡਾਲਰ ਮੰਗ ਰਹੇ ਸਨ ਪਰ ਉਨ੍ਹਾਂ ਨੇ ਰਕਮ ਦੇਣ ਤੋਂ ਸਾਫ਼ ਨਾਂਹ ਕਰ ਦਿਤੀ ਜਿਸ ਦੇ ਸਿੱਟੇ ਵਜੋਂ ਗੋਲੀਆਂ ਚੱਲੀਆਂ।
ਮਿਸੀਸਾਗਾ : ਕੈਨੇਡਾ ਵਿਚ ਦਿਨ-ਦਿਹਾੜੇ ਕਤਲ ਕੀਤੇ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਤੋਂ ਭਾਰਤੀ ਗੈਂਗਸਟਰ 5 ਲੱਖ ਡਾਲਰ ਮੰਗ ਰਹੇ ਸਨ ਪਰ ਉਨ੍ਹਾਂ ਨੇ ਰਕਮ ਦੇਣ ਤੋਂ ਸਾਫ਼ ਨਾਂਹ ਕਰ ਦਿਤੀ ਜਿਸ ਦੇ ਸਿੱਟੇ ਵਜੋਂ ਗੋਲੀਆਂ ਚੱਲੀਆਂ। ਜੀ ਹਾਂ, ਇਹ ਦਾਅਵਾ ਹਰਜੀਤ ਸਿੰਘ ਦੀ ਬੇਟੀ ਗੁਰਲੀਨ ਕੌਰ ਢੱਡਾ ਨੇ ਕੀਤਾ ਹੈ ਪਰ ਪੀਲ ਰੀਜਨਲ ਪੁਲਿਸ, ਢੱਡਾ ਪਰਵਾਰ ਦਾ ਦਾਅਵਾ ਮੰਨਣ ਨੂੰ ਤਿਆਰ ਨਹੀਂ। ਕੈਨੇਡੀਅਨ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਲੀਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਵਾਰ ਨੇ ਭਾਰਤ ਤੋਂ ਆ ਰਹੀਆਂ ਧਮਕੀਆਂ ਬਾਰੇ ਪੁਲਿਸ ਨੂੰ ਇਤਲਾਹ ਦਿਤੀ ਪਰ ਕਿਸੇ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਾ ਲਿਆ। ਸਿਟੀ ਨਿਊਜ਼ ਵੱਲੋਂ ਪ੍ਰਕਾਸ਼ਤ ਖਬਰ ਮੁਤਾਬਕ ਗੁਰਲੀਨ ਕੌਰ ਨੇ ਕਿਹਾ, ‘‘ਮੇਰੇ ਪਿਤਾ ਫਿਰੌਤੀ ਮੰਗਣ ਵਾਲਿਆਂ ਅੱਗੇ ਬਿਲਕੁਲ ਨਹੀਂ ਝੁਕੇ। ਉਹ ਆਪਣੀ ਕਰੜੀ ਮਿਹਨਤ ਦੀ ਕਮਾਈ ਵਿਚੋਂ ਇਕ ਧੇਲਾ ਵੀ ਅਜਾਈਂ ਗਵਾਉਣ ਦੇ ਹੱਕ ਵਿਚ ਨਹੀਂ ਸਨ।’’ ਗੁਰਲੀਨ ਕੌਰ ਨੇ ਅੱਗੇ ਕਿਹਾ ਕਿ ਕੋਈ ਵੀ ਉਸ ਦੇ ਪਿਤਾ ਨੂੰ ਵਾਪਸ ਨਹੀਂ ਲਿਆ ਸਕਦਾ।
ਹਰਜੀਤ ਢੱਡਾ ਦੀ ਬੇਟੀ ਗੁਰਲੀਨ ਕੌਰ ਨੇ ਕੀਤਾ ਦਾਅਵਾ
ਉਨ੍ਹਾਂ ਦਾ ਚਿੱਟੇ ਦਿਨ ਕਤਲ ਕਰ ਦਿਤਾ ਗਿਆ ਕਿਉਂਕਿ ਸਾਡੀ ਸਰਕਾਰ ਅਤੇ ਪੁਲਿਸ ਅਫਸਰ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੇ। ਸੋਗ ਵਿਚ ਡੁੱਬੀ ਗੁਰਲੀਨ ਕੌਰ ਦਾ ਕਹਿਣਾ ਸੀ ਕਿ ਹਰਜੀਤ ਸਿੰਘ ਸਿਰਫ ਉਸ ਦੇ ਪਿਤਾ ਨਹੀਂ ਸਗੋਂ ਬੇਅੰਤ ਲੋਕਾਂ ਦਾ ਸਹਾਰਾ ਸਨ। ਕਮਿਊਨਿਟੀ ਵਿਚ ਕੋਈ ਵੀ ਸਮੱਸਿਆ ਆਉਣ ’ਤੇ ਸਭ ਤੋਂ ਅੱਗੇ ਹੋ ਕੇ ਮਦਦ ਕਰਦੇ। ਦੂਜੇ ਪਾਸੇ ਹਰਜੀਤ ਸਿੰਘ ਢੱਡਾ ਦੇ ਬੇਟੇ ਤਨਵੀਰ ਸਿੰਘ ਢੱਡਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਤਾ ਨੂੰ ਪਰਵਾਰ ਪ੍ਰਤੀ ਸਮਰਪਤ ਇਨਸਾਨ ਅਤੇ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲਾ ਕੈਨੇਡੀਅਨ ਸਿਟੀਜ਼ਨ ਦੱਸਿਆ ਜਿਸ ਦੀ ਜ਼ਿੰਦਗੀ ਨੂੰ ਕੁਝ ਲੋਕਾਂ ਨੇ ਜ਼ਾਲਮਾਨਾ ਤਰੀਕੇ ਨਾਲ ਖਤਮ ਕਰ ਦਿਤਾ। ਤਨਵੀਰ ਸਿੰਘ ਢੱਡਾ ਨੇ ਕਿਹਾ ਕਿ ਉਸ ਦੇ ਪਿਤਾ ਨੇ ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕੀਤੀ ਪਰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੈਰਕਾਨੂੰਨੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਜਿਨ੍ਹਾਂ ਅੰਦਰ ਕਾਨੂੰਨ ਦਾ ਕੋਈ ਡਰ-ਭੈਅ ਨਹੀਂ ਸੀ। ਉਧਰ ਭਾਰਤੀ ਮੀਡੀਆ ਵਿਚ ਹਰਜੀਤ ਸਿੰਘ ਢੱਡਾ ਬਾਰੇ ਹੈਰਾਨਕੁੰਨ ਰਿਪੋਰਟਾਂ ਉਭਰ ਕੇ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਤਰਾਖੰਡ ਸੂਬੇ ਵਿਚ ਤਿੰਨ ਸਾਲ ਪਹਿਲਾਂ ਮਹਿਲ ਸਿੰਘ ਨਾਂ ਦੇ ਸਿਆਸੀ ਆਗੂ ਦਾ ਕਤਲ ਕਥਿਤ ਤੌਰ ’ਤੇ ਹਰਜੀਤ ਸਿੰਘ ਕਾਲਾ ਉਰਫ਼ ਹਰਜੀਤ ਸਿੰਘ ਢੱਡਾ ਦੇ ਇਸ਼ਾਰੇ ’ਤੇ ਕੀਤਾ ਗਿਆ।
ਭਾਰਤ ਤੋਂ ਆ ਰਹੀਆਂ ਸਨ ਧਮਕੀਆਂ ਭਰੀਆਂ ਫੋਨ ਕਾਲਜ਼
ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਹਰਜੀਤ ਸਿੰਘ ਢੱਡਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਇਸ ਨੇ ਅਰਸ਼ ਡੱਲਾ ਅਤੇ ਸੁੱਖਾ ਦੁਨੇਕੇ ਨੂੰ ਪੈਸੇ ਦੇ ਕੇ ਮਹਿਲ ਸਿੰਘ ਦਾ ਕਤਲ ਕਰਵਾਇਆ। ਸੋਸ਼ਲ ਮੀਡੀਆ ਪੋਸਟ ਮੁਤਾਬਕ ਇਕ ਸਾਲ ਪਹਿਲਾਂ ਦਿਤੀ ਚਿਤਾਵਨੀ ਦੇ ਬਾਵਜੂਦ ਹਰਜੀਤ ਸਿੰਘ ਨੇ ਅਰਸ਼ ਡੱਲਾ ਦੀ ਜ਼ਮਾਨਤ ਕਰਵਾਉਣ ਵਿਚ ਮਦਦ ਕੀਤੀ। ਚੇਤੇ ਰਹੇ ਕਿ ਸੁੱਖਾ ਦੁਨੇਕੇ ਦਾ ਸਤੰਬਰ 2024 ਦੌਰਾਨ ਵਿੰਨੀਪੈਗ ਵਿਖੇ ਕਤਲ ਕਰ ਦਿਤਾ ਗਿਆ ਅਤੇ ਅਰਸ਼ ਡੱਲਾ ਨੂੰ ਉਨਟਾਰੀਓ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਪਰ ਦਸੰਬਰ ਵਿਚ ਉਸ ਨੂੰ ਜ਼ਮਾਨਤ ਮਿਲ ਗਈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਅਰਸ਼ਦੀਪ ਗਿੱਲ ਉਰਫ਼ ਅਰਸ਼ ਡੱਲਾ ਦੀ ਹਵਾਲਗੀ ਵਾਸਤੇ ਕੈਨੇਡਾ ਸਰਕਾਰ ਕੋਲ ਅਰਜ਼ੀ ਦਾਇਰ ਕੀਤੀ ਗਈ ਹੈ ਪਰ ਫ਼ਿਲਹਾਲ ਕੋਈ ਠੋਸ ਜਾਣਕਾਰੀ ਉਭਰ ਕੇ ਸਾਹਮਣੇ ਨਹੀਂ ਆ ਸਕੀ।