ਕੈਨੇਡਾ ਦਾ ਪੰਜਾਬੀ ਟਰੱਕ ਡਰਾਈਵਰ ਮੁੜ ਸੁਰਖੀਆਂ ਵਿਚ ਆਇਆ

ਅਮਰੀਕਾ ਵਿਚ ਤਿੰਨ ਕਤਲਾਂ ਦੇ ਦੋਸ਼ ਹੇਠ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਕੈਨੇਡਾ ਵਿਚ ਜਸਕੀਰਤ ਸਿੰਘ ਸਿੱਧੂ ਦਾ ਮਾਮਲਾ ਸਿੱਧੇ ਤੌਰ ’ਤੇ ਪ੍ਰਭਾਵਤ ਕਰ ਰਹੀ ਹੈ

Update: 2025-08-21 12:51 GMT

ਕੈਲਗਰੀ : ਅਮਰੀਕਾ ਵਿਚ ਤਿੰਨ ਕਤਲਾਂ ਦੇ ਦੋਸ਼ ਹੇਠ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਕੈਨੇਡਾ ਵਿਚ ਜਸਕੀਰਤ ਸਿੰਘ ਸਿੱਧੂ ਦਾ ਮਾਮਲਾ ਸਿੱਧੇ ਤੌਰ ’ਤੇ ਪ੍ਰਭਾਵਤ ਕਰ ਰਹੀ ਹੈ। ਜੀ ਹਾਂ, ਹੰਬੋਲਟ ਬੱਸ ਹਾਦਸੇ ਦੇ ਮਾਮਲੇ ਵਿਚ ਡਿਪੋਰਟੇਸ਼ਨ ਦੇ ਹੁਕਮਾਂ ਵਿਰੁੱਧ ਅਦਾਲਤੀ ਲੜਾਈ ਲੜ ਰਹੇ ਜਸਕੀਰਤ ਸਿੱਧੂ ਦੀਆਂ ਉਮੀਦਾਂ ਹੋਰ ਮੱਧਮ ਹੁੰਦੀਆਂ ਮਹਿਸੂਸ ਹੋ ਰਹੀਆਂ ਹਨ। ਮਾਰਚ 2019 ਵਿਚ ਵਾਪਰੇ ਹਾਦਸੇ ਮਗਰੋਂ ਚਾਰ ਸਾਲ ਅਤੇ ਚਾਰ ਮਹੀਨੇ ਦੀ ਜੇਲ ਕੱਟ ਚੁੱਕੇ ਜਸਕੀਰਤ ਸਿੰਘ ਸਿੱਧੂ ਨੂੰ ਪਿਛਲੇ ਸਾਲ ਡਿਪੋਰਟ ਕਰਨ ਦੇ ਹੁਕਮ ਦਿਤੇ ਗਏ ਸਨ। ਜਸਕੀਰਤ ਸਿੱਧੂ ਦੇ ਵਕੀਲ ਮਾਈਕਲ ਗਰੀਨ ਵੱਲੋਂ ਮਨੁੱਖਤਾ ਦੇ ਆਧਾਰ ’ਤੇ ਪਰਮਾਨੈਂਟ ਰੈਜ਼ੀਡੈਂਸ ਬਹਾਲ ਕਰਨ ਦੀ ਅਅਰਜ਼ੀ ਅਦਾਲਤ ਵਿਚ ਦਾਖਲ ਕੀਤੀ ਗਈ ਜਿਸ ਦਾ ਫੈਸਲਾ ਆਉਣ ਵਿਚ ਦੋ ਸਾਲ ਲੱਗ ਸਕਦੇ ਹਨ।

ਡਿਪੋਰਟੇਸ਼ਨ ਵਿਰੁੱਧ ਅਪੀਲ ਨੂੰ ਪ੍ਰਭਾਵਤ ਕਰ ਸਕਦੈ ਹਰਜਿੰਦਰ ਸਿੰਘ ਦਾ ਮਾਮਲਾ

ਸਿੱਧੂ ਦੇ ਵਕੀਲ ਨੇ ਪ੍ਰਵਾਨ ਕੀਤਾ ਕਿ ਹਾਦਸਾ ਬੇਹੱਦ ਦਰਦਨਾਕ ਸੀ ਪਰ ਬਤੌਰ ਸਜ਼ਾ ਉਸ ਦਾ ਮੁਵੱਕਲ ਸਜ਼ਾ ਭੁਗਤ ਚੁੱਕਾ ਹੈ। ਇਸ ਤੋਂ ਇਲਾਵਾ ਉਸ ਦਾ ਬੱਚਾ ਜੋ ਕੈਨੇਡੀਅਨ ਨਾਗਰਿਕ ਹੈ, ਨੂੰ ਭਾਰਤ ਵਿਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹੰਬੋਲਸ ਬੱਸ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਖਿਡਾਰੀਆਂ ਅਤੇ ਹਾਕੀ ਟੀਮ ਦੇ ਸਟਾਫ਼ ਮੈਂਬਰਾਂ ਦੇ ਪਰਵਾਰ ਵੀ ਇਸ ਮੁੱਦੇ ’ਤੇ ਵੰਡੇ ਹੋਏ ਹਨ ਕਿ ਜਸਕੀਰਤ ਸਿੱਧੂ ਨੂੰ ਡਿਪੋਰਟ ਕਰ ਦਿਤਾ ਜਾਵੇ ਜਾਂ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਮਿਲੇ। ਕੈਨੇਡਾ ਦੀਆਂ ਦੋਹਾਂ ਪ੍ਰਮੁੱਖ ਪਾਰਟੀਆਂ ਦੇ ਸੰਸਦ ਮੈਂਬਰ ਪੀ.ਆਰ. ਬਹਾਲ ਕੀਤੇ ਜਾਣ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਸਕੀਰਤ ਸਿੱਧੂ ਦੀ ਪਤਨੀ ਅਤੇ ਬੱਚਾ ਇਥੇ ਹਨ ਅਤੇ ਉਹ ਸਜ਼ਾ ਵੀ ਭੁਗਤ ਚੁੱਕਾ ਹੈ। ਹੁਣ ਉਸ ਨੂੰ ਡਿਪੋਰਟ ਕਰ ਕੇ ਹਾਦਸੇ ਵਿਚ ਜਾਨ ਗਵਾਉਣ ਵਾਲੇ ਵਾਪਸ ਨਹੀਂ ਆ ਸਕਦੇ।

16 ਮੌਤਾਂ ਦਾ ਜ਼ਿੰਮੇਵਾਰ ਹੈ ਜਸਕੀਰਤ ਸਿੰਘ ਸਿੱਧੂ

ਹਾਦਸੇ ਵੇਲੇ ਜਸਕੀਰਤ ਸਿੱਧੂ ਨੇ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ ਅਤੇ ਨਾ ਹੀ ਹੱਦ ਤੋਂ ਜ਼ਿਆਦਾ ਰਫ਼ਤਾਰ ਹਾਦਸੇ ਦਾ ਕਾਰਨ ਬਣੀ ਪਰ ਉਸ ਨੇ ਅਦਾਲਤ ਨੂੰ ਦੱਸਿਆ ਕਿ ਕਾਰਗੋ ਉਤੇ ਪਾਈ ਤਰਪਾਲ ਢਿੱਲੀ ਹੋਣ ਕਾਰਨ ਉਸ ਦਾ ਧਿਆਨ ਵਾਰ ਵਾਰ ਤਰਾਪਲ ਵੱਲ ਜਾ ਰਿਹਾ ਸੀ। ਦੂਜੇ ਪਾਸੇ ਹੰਬੋਲਟ ਬੱਸ ਹਾਦਸੇ ਮਗਰੋਂ ਜਸਕੀਰਤ ਸਿੱਧੂ ਦੀਆਂ ਕਈ ਕਮੀਆਂ ਉਭਰ ਕੇ ਸਾਹਮਣੇ ਆਈਆਂ। ਬਤੌਰ ਡਰਾਈਵਰ ਉਸ ਨੇ ਟ੍ਰਕਿੰਗ ਨਾਲ ਸਬੰਧਤ ਫੈਡਰਲ ਅਤੇ ਪ੍ਰੋਵਿਨਸ਼ੀਅਨ ਰੂਲਜ਼ ਦੀ 70 ਵਾਰ ਉਲੰਘਣਾ ਕੀਤੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਲੌਗ ਬੁੱਕ ਨਾਲ ਸਬੰਧਤ ਸਨ। ਇਸ ਮਾਮਲੇ ਦੀ ਤੁਲਨਾ ਹਰਜਿੰਦਰ ਸਿੰਘ ਨਾਲ ਕੀਤੀ ਜਾਵੇ ਤਾਂ ਉਹ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਜਦਕਿ ਜਸਕੀਰਤ ਸਿੰਘ ਜਾਇਜ਼ ਤਰੀਕੇ ਨਾਲ 2014 ਵਿਚ ਕੈਨੇਡਾ ਪੁੱਜਾ ਅਤੇ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਲਈ। ਹਰਜਿੰਦਰ ਸਿੰਘ ਨੂੰ ਕਿਸੇ ਵੀ ਕਿਸਮ ਦੀ ਰਿਆਇਤ ਨਹੀਂ ਮਿਲ ਸਕਦੀ ਪਰ ਜਸਕੀਰਤ ਸਿੰਘ ਦੀ ਆਖਰੀ ਉਮੀਦ ਹਾਲੇ ਬਾਕੀ ਹੈ।

Tags:    

Similar News