ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬੈਂਕ ਖਾਤੇ ਵਿਚ ਸੰਨ੍ਹ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਿਜੀ ਜਾਣਕਾਰੀ ਚੋਰੀ ਕਰਨ ਦੇ ਦੋਸ਼ ਹੇਠ ਰਾਯਲ ਬੈਂਕ ਆਫ਼ ਕੈਨੇਡਾ ਦੇ 23 ਸਾਲਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਰਿਪੋਰਟ ਹੈ।
ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਿਜੀ ਜਾਣਕਾਰੀ ਚੋਰੀ ਕਰਨ ਦੇ ਦੋਸ਼ ਹੇਠ ਰਾਯਲ ਬੈਂਕ ਆਫ਼ ਕੈਨੇਡਾ ਦੇ 23 ਸਾਲਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਰਿਪੋਰਟ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਔਟਵਾ ਦੇ ਇਬਰਾਹਿਮ ਅਲ ਹਕੀਮ ਨੂੰ ਜੁਲਾਈ ਵਿਚ ਗ੍ਰਿਫ਼ਤਾਰ ਕਰਦਿਆਂ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੇ ਫਰੌਡ, ਅਣਅਧਿਕਾਰਤ ਤਰੀਕੇ ਨਾਲ ਕੰਪਿਊਟਰ ਦੀ ਵਰਤੋਂ, ਪਛਾਣ ਚੋਰੀ ਅਤੇ ਪਛਾਣ ਨਾਲ ਸਬੰਧਤ ਜਾਣਕਾਰੀ ਵੇਚਣ ਦੇ ਦੋਸ਼ ਆਇਦ ਕੀਤੇ ਗਏ। ਮੀਡੀਆ ਰਿਪੋਰਟ ਮੁਤਾਬਕ ਇਬਰਾਹਿਮ ਅਲ ਹਕੀਮ ਵੱਲੋਂ ਕਥਿਤ ਤੌਰ ’ਤੇ ਆਰ.ਬੀ.ਸੀ. ਦੀਆਂ ਆਈ.ਟੀ. ਸੇਵਾਵਾਂ ਦੀ ਵਰਤੋਂ ਅਪਰਾਧਕ ਸਰਗਰਮੀਆਂ ਵਾਸਤੇ ਕੀਤੀ ਗਈ ਜਿਨ੍ਹਾਂ ਵਿਚ ਅਣਅਧਿਕਾਰਤ ਤਰੀਕੇ ਨਾਲ ਕਈ ਬੈਂਕ ਪ੍ਰੋਫਾਈਲਜ਼ ਤੱਕ ਪਹੁੰਚ ਸਥਾਪਤ ਕਰਨੀ ਅਤੇ ਫਰੌਡ ਸ਼ਾਮਲ ਹਨ।
ਆਰ.ਬੀ.ਸੀ. ਦੇ ਮੁਲਾਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਗ੍ਰਿਫ਼ਤਾਰੀ ਮਗਰੋਂ ਇਬਰਾਹਿਮ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਉਧਰ ਆਰ.ਬੀ.ਸੀ. ਦੀ ਤਰਜਮਾਨ ਸ਼ੈਰਿਲ ਬ੍ਰੀਨ ਨੇ ਦੱਸਿਆ ਕਿ ਬੈਂਕ ਵੱਲੋਂ ਆਪਣੇ ਪੱਧਰ ’ਤੇ ਕੀਤੀ ਪੜਤਾਲ ਦੌਰਾਨ ਸਿਸਟਮ ਤੱਕ ਅਣਅਧਿਕਾਰਤ ਪਹੁੰਚ ਬਾਰੇ ਪਤਾ ਲੱਗਾ ਤਾਂ ਤੁਰਤ ਕਾਰਵਾਈ ਕੀਤੀ ਗਈ। ਸ਼ੈਰਿਲ ਮੁਤਾਬਕ ਇਬਰਾਹਿਮ ਨੂੰ ਬੈਂਕ ਵਿਚੋਂ ਬਰਖਾਸਤ ਕਰ ਦਿਤਾ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਵਿਚ ਬੈਂਕ ਪ੍ਰਬੰਧਕਾਂ ਵੱਲੋਂ ਹਰ ਸੰਭਵ ਸਹਿਯੋਗ ਦਿਤਾ ਜਾ ਰਿਹਾ ਹੈ। ਪੜਤਾਲ ਦੀ ਜ਼ਿੰਮੇਵਾਰੀ ਇੰਟੈਗਰੇਟਿਡ ਨੈਸ਼ਨਲ ਸਕਿਉਰਿਟੀ ਐਨਫ਼ੋਰਸਮੈਂਟ ਟੀਮ ਨੂੰ ਸੌਂਪੀ ਗਈ ਹੈ ਜਦਕਿ ਆਰ.ਸੀ.ਐਮ.ਪੀ. ਦਾ ਮੰਨਣਾ ਹੈ ਕਿ ਇਹ ਘਟਨਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਿਜੀ ਸੁਰੱਖਿਆ ਜਾਂ ਲੋਕ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ।
23 ਸਾਲ ਦੇ ਇਬਰਾਹਿਮ ਅਲ ਹਕੀਮ ਵਜੋਂ ਹੋਈ ਸ਼ੱਕੀ ਦੀ ਸ਼ਨਾਖ਼ਤ
ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਅਪਰਾਧ ਦੀ ਪੜਤਾਲ ਇੰਟੈਗਰੇਟਿਡ ਨੈਸ਼ਨਲ ਸਕਿਉਰਿਟੀ ਐਨਫ਼ੋਰਸਮੈਂਟ ਟੀਮ ਵੱਲੋਂ ਹੀ ਕੀਤੀ ਜਾਂਦੀ ਹੈ ਅਤੇ ਇਬਰਾਹਿਮ ਅਲ ਹਕੀਮ ਵਿਰੁੱਧ ਪਹਿਲਾਂ ਕੋਈ ਪੁਲਿਸ ਕੇਸ ਨਹੀਂ ਚੱਲ ਰਿਹਾ। ਉਧਰ ਆਰ.ਸੀ.ਐਮ.ਪੀ. ਦੇ ਬੁਲਾਰੇ ਐਰਿਕ ਗੈਸੇ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਇਹ ਵਾਰਦਾਤ ਕਿਸੇ ਅਪਰਾਧਕ ਜਥੇਬੰਦੀ ਦੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ ਤਾਂ ਉਨ੍ਹਾਂ ਨੇ ਵਿਸਤਾਰਤ ਵੇਰਵੇ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿਤਾ। ਇਬਰਾਹਿਮ ਅਲ ਹਕੀਮ ਦੀ ਅਦਾਲਤ ਵਿਚ ਪਹਿਲੀ ਪੇਸ਼ੀ 6 ਅਗਸਤ ਨੂੰ ਹੋਈ ਅਤੇ ਹੁਣ 1 ਅਕਤੂਬਰ ਨੂੰ ਮੁੜ ਅਦਾਲਤ ਵਿਚ ਸੁਣਵਾਈ ਹੋਵੇਗੀ।