ਲੰਗਰ ਦੀ ਸੇਵਾ ਕਰਨ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ
ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਸਮੁੱਚੇ ਉਤਰੀ ਅਮਰੀਕਾ ਦੇ ਗੁਰਦਵਾਰਾ ਸਾਹਿਬਾਨ ਵਿਚ ਸਮਾਗਮ ਕਰਵਾਏ ਗਏ ਅਤੇ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਸੀਸ ਨਿਵਾਉਂਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।;

ਔਟਵਾ : ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਸਮੁੱਚੇ ਉਤਰੀ ਅਮਰੀਕਾ ਦੇ ਗੁਰਦਵਾਰਾ ਸਾਹਿਬਾਨ ਵਿਚ ਸਮਾਗਮ ਕਰਵਾਏ ਗਏ ਅਤੇ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਸੀਸ ਨਿਵਾਉਂਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨ੍ਹਾਂ ਦੀ ਪਤਨੀ ਡਾਇਨਾ ਫੌਕਸ ਕਾਰਨੀ ਔਟਵਾ ਦੇ ਗੁਰਦਵਾਰਾ ਸਾਹਿਬ ਵਿਖੇ ਸੀਸ ਨਿਵਾਉਣ ਪੁੱਜੇ। ਮਾਰਕ ਕਾਰਨੀ ਨੇ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ ਕਿ ਕੈਨੇਡਾ ਦੀ ਤਰੱਕੀ ਅਤੇ ਖੁਸ਼ਹਾਲੀ ਵਿਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਅਤੇ ਬਰਾਬਰੀ ਦੇ ਸਿਧਾਂਤ ਸਿੱਖੀ ਨੂੰ ਦੁਨੀਆਂ ਦਾ ਵਿਲੱਖਣ ਅਤੇ ਅਡੋਲ ਧਰਮ ਬਣਾਉਂਦੇ ਹਨ। ਮਾਰਕ ਕਾਰਨੀ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਜਦਕਿ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮਾਰਕ ਕਾਰਨੀ ਨੂੰ ਸਿਰੋਪਾਉ ਭੇਟ ਕੀਤੇ ਗਏ ਗਏ।
ਖਾਲਸਾ ਸਾਜਨਾ ਦਿਹਾੜੇ ਮੌਕੇ ਉਤਰੀ ਅਮਰੀਕਾ ਵਿਚ ਕਰਵਾਏ ਸਮਾਗਮ
ਇਸੇ ਦੌਰਾਨ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਸਿੱਖ ਭਾਈਚਾਰੇ ਨੂੰ ਖਾਲਸਾ ਸਾਜਨਾ ਦਿਹਾੜੇ ਅਤੇ ਸਿੱਖ ਵਿਰਾਸਤੀ ਮਹੀਨੇ ਦੀ ਵਧਾਈ ਗਈ। ਉਧਰ ਬਰੈਂਪਟਨ ਦੇ ਗੁਰਦਵਾਰਾ ਸਾਹਿਬ ਵਿਚ ਸਮਾਗਮ ਦੌਰਾਨ ਮੇਅਰ ਪੈਟ੍ਰਿਕ ਬ੍ਰਾਊਨ ਮੱਥਾ ਟੇਕਣ ਪੁੱਜੇ ਅਤੇ ਸਿੱਖ ਭਾਈਚਾਰੇ ਨੂੰ ਖਾਲਸਾ ਸਾਜਨਾ ਦਿਹਾੜੇ ਦੀ ਵਧਾਈ ਦਿਤੀ। ਇਸੇ ਦੌਰਾਨ ਵੈਨਕੂਵਰ ਵਿਖੇ ਖਾਲਸਾ ਸਾਜਨਾ ਦਿਹਾੜੇ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਵਿਚ ਹਰ ਪਾਸੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਨਜ਼ਰ ਆ ਰਿਹਾ ਸੀ। ਵੈਨਕੂਵਰ ਦੀ ਖਾਲਸਾ ਦੀਵਾਨ ਸੋਸਾਇਟੀ ਦੇ ਪ੍ਰਬੰਧਕਾਂ ਮੁਤਾਬਕ ਨਗਰ ਕੀਰਤਨ ਵਿਚ ਢਾਈ ਤੋਂ ਤਿੰਨ ਲੱਖ ਸੰਗਤ ਨੇ ਹਾਜ਼ਰੀ ਭਰੀ ਅਤੇ ਸਮਾਜ ਦੇ ਹਰ ਤਬਕੇ ਨਾਲ ਸਬੰਧਤ ਲੋਕ ਸ਼ਾਮਲ ਹੋਏ। ਫਿਲੀਪੀਨੋ ਬੀ.ਸੀ. ਦੇ ਬੋਰਡ ਡਾਇਰੈਕਟਰ ਆਰਮਰ ਵੈਲੋਰ ਨੇ ਕਿਹਾ ਕਿ ਉਨ੍ਹਾਂ ਦੀ ਪਰਵਰਿਸ਼ ਦੱਖਣੀ ਵੈਨਕੂਵਰ ਵਿਚ ਹੋਈ ਅਤੇ ਖਾਲਸਾ ਸਾਜਨਾ ਦਿਹਾੜੇ ਮੌਕੇ ਸਜਾਇਆ ਜਾਂਦਾ ਨਗਰ ਕੀਰਤਨ ਉਨ੍ਹਾਂ ਦੇ ਆਪਣੇ ਸਭਿਆਚਾਰ ਦਾ ਹਿੱਸਾ ਬਣ ਚੁੱਕਾ ਹੈ। ਆਰਮਰ ਪੱਗ ਬੰਨ੍ਹ ਕੇ ਨਗਰ ਕੀਰਤਨ ਵਿਚ ਸ਼ਾਮਲ ਹੋਏ ਅਤੇ ਕਿਹਾ ਕਿ ਸਿੱਖਾਂ ਦੀ ਦਸਤਾਰ ਹਰ ਸ਼ਖਸ ਦਾ ਸਿਰ ਮਾਣ ਨਾਲ ਉਚਾ ਕਰ ਦਿੰਦੀ ਹੈ।
ਵੈਨਕੂਵਰ ਵਿਖੇ ਅਲੌਕਿਕ ਨਗਰ ਕੀਰਤਨ ਵਿਚ ਲੱਖਾਂ ਦਾ ਇਕੱਠ
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਸਿੱਖ ਧਰਮ ਸਮੁੱਚੀ ਮਨੁੱਖਤਾ ਨੂੰ ਇਕ-ਦੂਜੇ ਦੀ ਮਦਦ ਕਰਨ ਦਾ ਸੱਦਾ ਦਿਤਾ ਹੈ ਅਤੇ ਇਹ ਸਿਧਾਂਤ ਸਿਰਫ ਕੈਨੇਡਾ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਖੁਸ਼ਹਾਲ ਬਣਾ ਸਕਦਾ ਹੈ। ਇਸੇ ਦੌਰਾਨ ਖਾਲਸਾ ਦੀਵਾਨ ਸੋਸਾਇਟੀ ਦੇ ਮੀਤ ਪ੍ਰਧਾਨ ਜਗਦੀਪ ਸੰਘੇੜਾ ਨੇ ਦੱਸਿਆ ਕਿ ਨਗਰ ਕੀਰਤਨ ਤੋਂ ਪਹਿਲਾਂ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਰਸਮ ਵੀ ਅਦਾ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਸਰੀ ਵਿਖੇ ਖਾਲਸਾ ਸਾਜਨਾ ਦਿਹਾੜੇ ਨਾਲ ਸਬੰਧਤ ਨਗਰ ਕੀਰਤਨ 19 ਅਪ੍ਰੈਲ ਨੂੰ ਸਜਾਇਆ ਜਾਣਾ ਹੈ ਅਤੇ ਉਥੇ ਸਿਰਫ਼ ਉਤਰੀ ਅਮਰੀਕਾ ਹੀ ਨਹੀਂ ਸਗੋਂ ਹੋਰਨਾਂ ਮੁਲਕਾਂ ਤੋਂ ਵੀ ਸੰਗਤ ਖਾਸ ਤੌਰ ’ਤੇ ਸ਼ਾਮਲ ਹੁੰਦੀ ਹੈ।